ਹੈਦਰਾਬਾਦ – ਸਿਆਸੀ ਨੇਤਾ ਵੋਟਰਾਂ ਨੂੰ ਭਰਮਾਉਣ ਦੇ ਲਈ ਕੀ-ਕੀ ਪਾਪੜ ਵੇਲਦੇ ਹਨ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਪਰ ਕਈ ਵਾਰ ਉਹ ਅਜਿਹੇ ਕੰਮ ਕਰ ਬੈਠਦੇ ਹਨ ਕਿ ਜਿਹਨਾਂ ਤੋਂ ਉਹਨਾਂ ਨੂੰ ਖੁਦ ਆਪਨੂੰ ਹੀ ਸ਼ਰਮਿੰਦਗੀ ਜਰੂਰ ਮਹਿਸੂਸ ਹੋ ਰਹੀ ਹੁੰਦੀ ਹੋਵੇਗੀ ਕਿ ਉਹ ਕੀ ਕਰ ਬੈਠੇ ਹਨ। ਅਜਿਹੀ ਹੀ ਇੱਕ ਘਟਨਾਂ ਅੱਜਕੱਲ੍ਹ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦੇਸ਼ ਵਿੱਚ ਸਿਆਸੀ ਤਾਕਤ ਦਿਖਾਉਣ ਲਈ ਨਿਕਲੀ ਆਮ ਆਦਮੀ ਪਾਰਟੀ (ਆਪ) ਦੀ ਸਿਆਸਤ ਨੇ ਜ਼ਬਰਦਸਤ ਯੂ-ਟਰਨ ਲੈ ਲਿਆ ਹੈ। ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁਖੀ ਭਗਵੰਤ ਮਾਨ ਦੇ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਭਰਮਾਉਣ ਦੇ ਲਈ ਦੋਵੇਂ ਨੇਤਾ ਇਹ ਕਹਿੰਦੇ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਇਕ ਹਨ ਅਤੇ ਉਹਨਾਂ ਦੀ ਵਿਚਾਧਾਰਾ ਤੋਂ ਪ੍ਰਭਾਵਿਤ ਹਨ। ਹੁਣ ਜਦੋਂ ਗੁਜਰਾਤ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਉਥੇ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਉਥੇ ਚਰਖਾ ਕੱਤਦੇ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸਿਜਦਾ ਕਰਦੇ ਨਜ਼ਰ ਆਏ ਜਦਕਿ ਇਤਿਹਾਸ ਗਵਾਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਆਪਸ ਵਿਚ ਟਕਰਾਉਂਦੀ ਰਹੀ ਹੈ। ਪੰਜਾਬ ਵਿੱਚ ‘ਆਪ’ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀ ਲਿਆਉਣ ਦੀ ਗੱਲ ਕਰ ਰਹੀ ਹੈ। ਇੱਥੋਂ ਤੱਕ ਕਿ ਨਵੀਂ ਸਰਕਾਰ ਦੀ ਸ਼ੁਰੂਆਤ ਖਟਕੜ ਕਲਾਂ ਤੋਂ ਕੀਤੀ ਗਈ ਸੀ। ਇਹ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੈ। ਇਸ ਦੇ ਨਾਲ ਹੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚੇ ਤਾਂ ਉਨ੍ਹਾਂ ਦੀ ਸਿਆਸਤ 360 ਡਿਗਰੀ ‘ਤੇ ਆ ਗਈ। ਗੁਜਰਾਤ ਫਤਿਹ ਦੇ ਇਰਾਦੇ ਤੋਂ ਨਿਕਲੇ ਦੋਵੇਂ ਸੀਐਮ ਸਭ ਤੋਂ ਪਹਿਲਾਂ ਸਾਬਰਮਤੀ ਆਸ਼ਰਮ ਪਹੁੰਚੇ। ਮਹਾਤਮਾ ਗਾਂਧੀ ਦਾ ਚਰਖਾ ਕੱਤਿਆ। ਗਾਂਧੀ ਦੇ ਬੁੱਤ ਅੱਗੇ ਮੱਥਾ ਟੇਕਿਆ। ਜਦਕਿ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਭਗਤ ਸਿੰਘ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕੀਤਾ। ਨਵੇਂ ਛੰ ਬਣੇ ਭਗਵੰਤ ਮਾਨ ਨੇ ਸਰਕਾਰੀ ਦਫਤਰਾਂ ਤੋਂ ਮੁੱਖ ਮੰਤਰੀ ਦੀ ਫੋਟੋ ਹਟਵਾਈ। ਸੀਐਮ ਦੀ ਥਾਂ ‘ਤੇ ਡਾ ਬੀ ਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਈ ਗਈ ਹੈ। ਵਿਰੋਧੀਆਂ ਨੇ ਸਵਾਲ ਉਠਾਇਆ ਕਿ ਭਗਤ ਸਿੰਘ ਨਾਲ ਆਪਣੀ ਫੋਟੋ ਨਾ ਲਾਉਣ ਵਾਲੇ ਗਾਂਧੀ ਨਾਲ ਆਮ ਆਦਮੀ ਪਾਰਟੀ ਦੀ ਨਰਾਜ਼ਗੀ ਕੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਸੀ। ਹੁਣ ਵੀ ਸੀਐਮ ਭਗਵੰਤ ਮਾਨ ਹਰ ਸੰਬੋਧਨ ਤੋਂ ਬਾਅਦ ਸ਼ਹੀਦ ਭਗਤ ਸਿੰਘ ਦਾ ‘ਇਨਕਲਾਬ-ਜ਼ਿੰਦਾਬਾਦ’ ਦਾ ਨਾਅਰਾ ਲਾਉਣਾ ਨਹੀਂ ਭੁੱਲਦੇ। ਕੇਜਰੀਵਾਲ ਵੀ ਅਕਸਰ ਆਪਣਾ ਜਨਤਕ ਭਾਸ਼ਣ ਇਸ ਨਾਅਰੇ ਨਾਲ ਖਤਮ ਕਰਦੇ ਹਨ। ਹੁਣ ਸਿਆਸੀ ਹਲਕਿਆਂ ਤੇ ਮੀਡੀਆ ਦੇ ਵਿੱਚ ਇਹ ਚਰਚਾ ਤੇਜ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਲੋਂ ਵੋਟਰਾਂ ਨੂੰ ਭਰਮਾਉਣ ਦੇ ਲਈ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਅਤੇ ਗੁਜਰਾਤ ਦੇ ਵਿੱਚ ਮਹਾਤਮਾ ਗਾਂਧੀ ਨੂੰ ਆਪਣਾ ਨਾਇਕ ਬਣਾਇਆ ਗਿਆ ਹੈ ਪਰ ਹਿਮਾਚਲ ਦੇ ਵਿੱਚ ਇਹਨਾਂ ਦਾ ਨਾਇਕ ਕੌਣ ਹੋਵੇਗਾ?
ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਾਅਦ ਹੁਣ ਗੁਜਰਾਤ ਵੱਲ ਰੁਖ਼ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਹਿਮਦਾਬਾਦ ਵਿਚ ਰੋਡ ਸ਼ੋਅ ਕਰਨ ਲਈ ਗੁਜਰਾਤ ਗਏ। ਉਨ੍ਹਾਂ ਉਥੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਰੋਡ ਸ਼ੋਅ ਕੀਤਾ। ਲੰਘੇ ਕਈ ਵਰਿ੍ਆਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਤੋਂ ਹਰ ਵਾਰ ਮੂੰਹ ਦੀ ਖਾ ਰਹੀ ਕਾਂਗਰਸ ਦਾ ਬਦਲ ਬਣਨ ਦੀ ਤਿਆਰੀ ਵਿਚ ‘ਆਪ’ ਹੁਣ ਤੋਂ ਜੁਟ ਗਈ ਹੈ। ਹਾਲ ਹੀ ਵਿਚ ਗੁਜਰਾਤ ਵਿਚ ਲੋਕਲ ਬਾਡੀ ਚੋਣਾਂ ਹੋਈਆਂ ਤਾਂ ਪਾਰਟੀ ਨੇ ਉਥੇ ਹਾਜ਼ਰੀ ਦਰਜ ਕਰਵਾਈ। ਇਸ ਤੋਂ ਉਤਸ਼ਾਹਤ ਹੋ ਕੇ ਪਾਰਟੀ ਇੱਥੇ ਵੱਡੇ ਪੈਮਾਨੇ ‘ਤੇ ਜੁੱਟ ਗਈ ਹੈ, ਜਿਸ ਦੀ ਸ਼ੁਰੂਆਤ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਕਰ ਦਿੱਤੀ ਹੈ। ਪੰਜਾਬ ਵਿਚ ਇਸ ਵਾਰ ਵਿਧਾਨ ਸਭਾ ਚੋਣਾਂ ਮਗਰੋਂ ਮਿਲੀ ਸਫਲਤਾ ਨੂੰ ਪਾਰਟੀ, ਗੁਜਰਾਤ ਵਿਚ ਦੁਹਰਾਉਣਾ ਚਾਹੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਲਏ ਜਾ ਰਹੇ ਫ਼ੈਸਲਿਆਂ ਨੂੰ ਇੰਟਰਨੈੱਟ ਮੀਡੀਆ ‘ਤੇ ਪ੍ਰਚਾਰਿਆ ਜਾ ਰਿਹਾ ਹੈ ਤਾਂ ਜੋ ਗੁਜਰਾਤ ਚੋਣਾਂ ਲੜਨ ਲਈ ਰਾਹ ਤੈਅ ਹੋ ਸਕੇ।
ਪੰਜਾਬ ਵਿੱਚ ਭਗਵੰਤ ਮਾਨ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ – ਕੇਜਰੀਵਾਲ
ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਅਹਿਮਦਾਬਾਦ ‘ਚ ਦੋਵਾਂ ਨੇਤਾਵਾਂ ਨੇ ਰੋਡ ਸ਼ੋਅ ਕੀਤਾ ਜਿਸ ਨੂੰ ਤਿਰੰਗਾ ਯਾਤਰਾ ਨਾਮ ਦਿੱਤਾ ਗਿਆ। ਰੋਡ ਸ਼ੋਅ ਨਿਕੋਲ ਉੱਤਮਨਗਰ ਖੋਦਿਆਰ ਮੰਦਿਰ ਤੋਂ ਸ਼ੁਰੂ ਹੋ ਕੇ ਬਾਪੂਨਗਰ ਬ੍ਰਿਜ ਡਾਇਮੰਡ ਚਾਰ ਰਸਤਾ ‘ਤੇ ਸਮਾਪਤ ਹੋਵੇਗਾ। ਰੋਡ ਸ਼ੋਅ ‘ਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਵਰਕਰ ਅਹਿਮਦਾਬਾਦ ਦੀਆਂ ਸੜਕਾਂ ‘ਤੇ ਇਕੱਠੇ ਹੋਏ। ਗੁਜਰਾਤ ਦੇ ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਸੀਂ ਦਿੱਲੀ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਚੁੱਕੇ ਹਾਂ ਤੇ ਪੰਜਾਬ ਵਿੱਚ ਭਗਵੰਤ ਮਾਨ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ। ਕੇਜੀਰਾਵਲ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਜਦੋਂ ਪੈਸੇ ਮੰਗਦਾ ਹੈ ਤਾਂ ਕਹਿੰਦੇ ਹਨ ਕਿ ਕੇਜਰੀਵਾਲ ਆ ਜਾਏਗਾ। ਪੰਜਾਬ ਵਿੱਚ ਕੋਈ ਪੈਸੇ ਮੰਗਦਾ ਹੈ ਤਾਂ ਕਹਿੰਦੇ ਹਨ ‘ਭਗਵੰਤ ਮਾਨ ਆ ਜਾਏਗਾ’। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਆਪਣੇ ਪੰਜਾਬ ਬੈਠੇ ਦੋਸਤਾਂ ਤੋਂ ਪੁੱਛ ਲਓ। ਗੁਜਰਾਤ ਵਿੱਚ ਭਾਜਪਾ ਨੂੰ 25 ਸਾਲ ਹੋ ਗਏ ਹਨ, ਇਥੇ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ। ਇਸ ਤੋਂ ਪਹਿਲਾਂ ਆਪ ਸੁਪਰੀਮੋ ਨੇ ਕਿਹਾ ਕਿ ਭਾਜਪਾ 25 ਸਾਲਾਂ ਤੋਂ ਗੁਜਰਾਤ ਵਿੱਚ ਸੱਤਾ ਵਿੱਚ ਹੈ ਪਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕੀ। ਮੈਂ ਇੱਥੇ ਕਿਸੇ ਪਾਰਟੀ ਦੀ ਆਲੋਚਨਾ ਕਰਨ ਨਹੀਂ ਆਇਆ। ਮੈਂ ਇੱਥੇ ਭਾਜਪਾ ਨੂੰ ਹਰਾਉਣ ਨਹੀਂ ਆਇਆ। ਮੈਂ ਕਾਂਗਰਸ ਨੂੰ ਹਰਾਉਣ ਨਹੀਂ ਆਇਆ। ਮੈਂ ਗੁਜਰਾਤ ਨੂੰ ਜਿੱਤਣ ਆਇਆ ਹਾਂ। ਅਸੀਂ ਗੁਜਰਾਤ ਅਤੇ ਗੁਜਰਾਤੀਆਂ ਨੂੰ ਜੇਤੂ ਬਣਾਉਣਾ ਹੈ। ਅਸੀਂ ਗੁਜਰਾਤ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ 25 ਸਾਲਾਂ ਮਗਰੋਂ ਭਾਜਪਾ ਹੁਣ ਹੰਕਾਰੀ ਹੋ ਚੁੱਕੀ ਹੈ, ਉਹ ਹੁਣ ਲੋਕਾਂ ਦੀ ਨਹੀਂ ਸੁਣਦੀ। ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਜਿਵੇਂ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਦਿੱਤਾ। ਜੇ ਤੁਹਾਨੂੰ ਅਸੀਂ ਪਸੰਦ ਨਾ ਆਏ ਤਾਂ ਅਗਲੀ ਵਾਰ ਸਾਨੂੰ ਬਦਲ ਦਈਓ, ‘ਆਪ’ ਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਓਗੇ।