Sport

ਸ਼ੁੱਕਰਵਾਰ ਨੂੰ ਆਹਮੋ ਸਾਹਮਣੇ ਹੋਣਗੇ ਗੁਜਰਾਤ ਤੇ ਪੰਜਾਬ, ਹਰ ਕੋਈ ਬੇਤਾਬ

ਮੁੰਬਈ – ਗੁਜਰਾਤ ਟਾਈਟਨਜ਼ ਦੀ ਟੀਮ ਆਈਪੀਐੱਲ ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਜਦ ਪੰਜਾਬ ਕਿੰਗਜ਼ ਦੇ ਸਾਹਮਣੇ ਮੈਦਾਨ ਵਿਚ ਉਤਰੇਗੀ ਤਾਂ ਸ਼ਾਨਦਾਰ ਲੈਅ ਵਿਚ ਚੱਲ ਰਹੇ ਉਸ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣੇ ਵਿਰੋਧੀ ਟੀਮ ਦੇ ਹਮਲੇਵਾਰ ਬੱਲੇਬਾਜ਼ਾਂ ਦੀ ਚੁਣੌਤੀ ਹੋਵੇਗੀ। ਟੀਮਾਂ ਨੂੰ ਦੇਖੀਏ ਤਾਂ ਗੁਜਰਾਤ ਤੇ ਪੰਜਾਬ ਵਿਚ ਕਾਫੀ ਫ਼ਰਕ ਹੈ। ਇਹ ਮੈਚ ਬਰੇਬੋਰਨ ਸਟੇਡੀਅਮ ਵਿਚ ਖੇਡਿਆ ਜਾਵੇਗਾ ਜਿੱਥੇ ਦੀ ਪਿੱਚ ਨੂੰ ਦੌੜਾਂ ਦੇ ਅੰਬਾਰ ਲਈ ਜਾਣਿਆ ਜਾਂਦਾ ਹੈ। ਪੰਜਾਬ ਨੇ ਆਪਣੇ ਸ਼ੁਰੂਆਤੀ ਤਿੰਨ ਮੈਚਾਂ ਵਿਚ ਪਾਵਰਪਲੇ ਦੇ ਓਵਰਾਂ ਦੌਰਾਨ ਧਮਾਕੇਦਾਰ ਬੱਲੇਬਾਜ਼ੀ ਕਰ ਕੇ ਪਾਰੀ ਦੀ ਦਿਸ਼ਾ ਤੈਅ ਕਰਨ ਦੀ ਕੋਸ਼ਿਸ਼ ਨੂੰ ਦਰਸਾਇਆ ਹੈ। ਇਸ ਮੈਚ ਵਿਚ ਵੀ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਲਿਆਮ ਲਿਵਿੰਗਸਟੋਨ ਤੇ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਵਿਚਾਲੇ ਸਖ਼ਤ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ। ਲਿਵਿੰਗਸਟੋਨ ਲਈ ਟੀਮ ਨੇ ਆਈਪੀਐੱਲ ਦੀ ਵੱਡੀ ਨਿਲਾਮੀ ਵਿਚ ਸਭ ਤੋਂ ਵੱਧ ਰਕਮ (ਕਪਤਾਨ ਮਯੰਕ ਅਗਰਵਾਲ ਦੇ ਰਿਟੇਂਸ਼ਨ ਤੋਂ ਇਲਾਵਾ) ਖ਼ਰਚ ਕੀਤੀ ਸੀ।

ਆਪਣੀ ਰਫ਼ਤਾਰ ਤੇ ਉਛਾਲ ਨਾਲ ਦਿੱਲੀ ਕੈਪੀਟਲਜ਼ ਦੇ ਮਨਦੀਪ ਸਿੰਘ ਨੂੰ ਡਰਾਉਣ ਵਾਲੇ ਫਰਗਿਊਸਨ ਇਸ ਵਾਰ ਲਿਵਿੰਗਸਟੋਨ ਖ਼ਿਲਾਫ਼ ਇਹ ਕੰਮ ਕਰਨਾ ਚਾਹੁਣਗੇ। ਲਿਵਿੰਗਸਟੋਨ ਨੇ ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ 32 ਗੇਂਦਾਂ ਵਿਚ 60 ਦੌੜਾਂ ਦੀ ਪਾਰੀ ਖੇਡੀ ਸੀ। ਆਈਪੀਐੱਲ ਦੇ ਮੌਜੂਦਾ ਸੈਸ਼ਨ ਦੇ ਸ਼ੁਰੂਆਤੀ ਦੋ ਹਫ਼ਤੇ ਵਿਚ ਮੁਹੰਮਦ ਸ਼ਮੀ ਤੇ ਫਰਗਿਊਸਨ ਦੀ ਤੇਜ਼ ਗੇਂਦਬਾਜ਼ੀ ਦੀ ਜੋੜੀ ਸਭ ਤੋਂ ਕਾਰਗਰ ਸਾਬਤ ਹੋਈ। ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਪਾਵਰਪਲੇ ਦੇ ਓਵਰਾਂ ਦੌਰਾਨ ਟੀਮ ਨੂੰ ਕੰਟਰੋਲ ਵਿਚ ਰੱਖਣ ਦੀ ਰਣਨੀਤੀ ਤਿਆਰ ਕਰਨਾ ਚਾਹੁਣਗੇ। ਗੁਜਰਾਤ ਦੇ ਕਪਤਾਨ ਹਾਰਦਿਕ ਪਾਂਡਿਆ ਮੁੜ ਪੂਰੇ ਦਮ ਨਾਲ ਗੇਂਦਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਗੇਂਦਾਂ ਦੀ ਰਫ਼ਤਾਰ 140 ਤਕ ਪੁੱਜ ਰਹੀ ਹੈ। ਰਾਸ਼ਿਦ ਖ਼ਾਨ ਵਰਗੇ ਸਪਿੰਨਰ ਦੀ ਮੌਜੂਦਗੀ ਨਾਲ ਗੁਜਰਾਤ ਦਾ ਹਮਲਾ ਹੋਰ ਮਜ਼ਬੂਤ ਹੋ ਰਿਹਾ ਹੈ। ਟੀਮ ਦੀ ਕਮਜ਼ੋਰ ਕੜੀ ਹਾਲਾਂਕਿ ਬੱਲੇਬਾਜ਼ੀ ਹੈ ਜਿੱਥੇ ਸ਼ੁਭਮਨ ਗਿੱਲ ਤੇ ਪਾਂਡਿਆ ਨੂੰ ਛੱਡ ਕੇ ਕੋਈ ਹੋਰ ਦੌੜਾਂ ਨਹੀਂ ਬਣਾ ਪਾ ਰਿਹਾ ਹੈ।

ਪੰਜਾਬ ਲਈ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਕਪਤਾਨ ਅਗਰਵਾਲ ਨੇ ਹੁਣ ਤਕ ਮਹੱਤਵਪੂਰਨ ਯੋਗਦਾਨ ਨਹੀਂ ਦਿੱਤਾ ਹੈ ਪਰ ਉਹ ਗੁਜਰਾਤ ਖ਼ਿਲਾਫ਼ ਲੈਅ ਹਾਸਲ ਕਰਨਾ ਚਾਹੁਣਗੇ। ਭਾਨੁਕਾ ਰਾਜਪਕਸ਼ੇ, ਲਿਵਿੰਗਸਟੋਨ ਤੇ ਨਵੇਂ ਖਿਡਾਰੀ ਜਿਤੇਸ਼ ਸ਼ਰਮਾ ਮੱਧਕ੍ਰਮ ਵਿਚ ਸ਼ਾਨਦਾਰ ਰਹੇ ਹਨ ਜਿਸ ਨਾਲ ਆਖ਼ਰੀ ਦੇ ਓਵਰਾਂ ਵਿਚ ਸ਼ਾਹਰੁਖ਼ ਖ਼ਾਨ ਤੇ ਓਡੀਅਨ ਸਮਿਥ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲ ਰਿਹਾ ਹੈ। ਪੰਜਾਬ ਦੇ ਬੱਲੇਬਾਜ਼ ਗੁਜਰਾਤ ਦੀ ਗੇਂਦਬਾਜ਼ੀ ਦੀ ਕਮਜ਼ੋਰ ਕੜੀ ਰਾਹੁਲ ਤੇਵਤੀਆ ਤੇ ਵਰੁਣ ਆਰੋਨ ਖ਼ਿਲਾਫ਼ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ। ਗੁਜਰਾਤ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਸਿਖਰਲੇ ਨੰਬਰ ਦੇ ਬੱਲੇਬਾਜ਼ ਦੇ ਰੂਪ ਵਿਚ ਵਿਜੇ ਸ਼ੰਕਰ ਪ੍ਰਭਾਵਿਤ ਕਰਨ ਵਿਚ ਨਾਕਾਮ ਰਹੇ ਹਨ। ਮੈਥਿਊ ਵੇਡ ਨੂੰ ਵੱਡੇ ਸ਼ਾਟ ਖੇਡਣ ਲਈ ਜਾਣਿਆ ਜਾਂਦਾ ਹੈ ਪਰ ਉਹ ਅਜੇ ਲੈਅ ਵਿਚ ਨਹੀਂ ਹਨ। ਅਭਿਨਵ ਮਨੋਹਰ ਇਸ ਪੱਧਰ ‘ਤੇ ਬਹੁਤ ਨਵੇਂ ਹਨ ਜਦਕਿ ਤੇਵਤੀਆ ਤੇ ਡੇਵਿਡ ਮਿਲਰ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ ਹਨ। ਪੰਜਾਬ ਕੋਲ ਕੈਗਿਸੋ ਰਬਾਦਾ ਤੇ ਲੈੱਗ ਸਪਿੰਨਰ ਰਾਹੁਲ ਚਾਹਰ ਦੇ ਰੂਪ ਵਿਚ ਦੋ ਮੈਚ ਜੇਤੂ ਗੇਂਦਬਾਜ਼ ਹਨ ਪਰ ਅਰਸ਼ਦੀਪ ਸਿੰਘ, ਸੈਸ਼ਨ ਵਿਚ ਸ਼ੁਰੂਆਤ ਕਰਨ ਵਾਲੇ ਵੈਭਵ ਅਰੋੜਾ ਤੇ ਲਿੰਵਗਿਸਟੋਨ ਨੇ ਵੀ ਚੇਨਈ ਖ਼ਿਲਾਫ਼ ਸ਼ਾਨਦਾਰ ਕੰਮ ਕੀਤਾ ਹੈ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin