ਕੀਵ – ਯੂਕਰੇਨ ‘ਚ ਜਾਰੀ ਜੰਗ ‘ਚ ਸ਼ੁੱਕਰਵਾਰ ਨੂੰ ਭੀੜ ਭਰੇ ਕ੍ਰੈਮੇਟੋਰਸਕ ਰੇਲਵੇ ਸਟੇਸ਼ਨ ‘ਤੇ ਹੋਏ ਮਿਜ਼ਾਈਲ ਹਮਲੇ ‘ਚ 30 ਲੋਕ ਮਾਰੇ ਗਏ ਜਦਕਿ 87 ਜ਼ਖ਼ਮੀ ਹੋਏ ਹਨ। ਜਿਸ ਸਟੇਸ਼ਨ ‘ਤੇ ਹਮਲਾ ਹੋਇਆ ਉਹ ਪੂਰਬੀ ਯੂਕਰੇਨ ਦੇ ਡੋਨੈਸਕ ਇਲਾਕੇ ‘ਚ ਹੈ, ਜਿੱਥੇ ਇਨ੍ਹੀਂ ਦਿਨੀਂ ਜ਼ਬਰਦਸਤ ਜੰਗ ਚੱਲ ਰਹੀ ਹੈ। ਸਟੇਸ਼ਨ ‘ਚ ਮੌਜੂਦ ਵਧੇਰੇ ਲੋਕ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ। ਰੂਸ ਨੇ ਆਮ ਲੋਕਾਂ ‘ਤੇ ਹੋਏ ਇਸ ਹਮਲੇ ‘ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਪਰ ਯੂਕਰੇਨ ਜੰਗ ‘ਚ ਬਾਰੀ ਨੁਕਸਾਨ ਦੀ ਗੱਲ ਮੰਨੀ ਹੈ। ਜਦਕਿ ਬੂਚਾ ਕਤਲੇਆਮ ਲਈ ਰੂਸ ਨੂੰ ਘੇਰ ਰਹੇ ਯੂਕਰੇਨ ਨੇ ਕਿਹਾ ਹੈ ਕਿ ਜੰਗਬੰਦੀ ਲਈ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ। ਨਾਲ ਹੀ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਰੂਸ ‘ਤੇ ਵਧੇਰੇ ਪਾਬੰਦੀਆਂ ਤੇ ਲੜਨ ਲਈ ਹਥਿਆਰ ਦੇਣ ਦੀ ਮੰਗ ਵੀ ਕੀਤੀ ਹੈ।
ਡੋਨੈਸਕ ਦੇ ਗਵਰਨਰ ਪਾਵਲੋ ਕਿਰਿਲੈਂਕੋ ਨੇ ਦੱਸਿਆ ਹੈ ਕਿ ਮਿਜ਼ਾਈਲ ਹਮਲੇ ਸਮੇਂ ਰੇਲਵੇ ਸਟੇਸ਼ਨ ‘ਤੇ ਹਜ਼ਾਰਾਂ ਲੋਕ ਮੌਜੂਦ ਸਨ। ਕੁਝ ਪਲਾਂ ਦੇ ਅੰਦਰ ਡਿੱਗੀਆਂ ਦੋ ਮਿਜ਼ਈਲਾਂ ਨੇ ਸਟੇਸ਼ਨ ‘ਤੇ ਚੀਕ-ਪੁਕਾਰ ਦੇ ਹਾਲਾਤ ਪੈਦਾ ਕਰ ਦਿੱਤੇ, ਉੱਥੇ ਭਾਜੜ ਪੈ ਗਈ। ਤੇਜ਼ ਆਵਾਜ਼ ਵਾਲੇ ਧਮਾਕੇ ਨਾਲ ਉੱਥੇ ਅੱਗ ਲੱਗ ਗਈ ਤੇ ਜਿਸ ਦੀ ਚਪੇਟ ‘ਚ ਆ ਕੇ ਬਹੁਤ ਸਾਰੇ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ। ਕੁਝ ਜ਼ਖ਼ਮੀਆਂ ਦੀ ਮੌਤ ਹਸਪਤਾਲ ‘ਚ ਹੋਈ, ਬਹੁਤ ਸਾਰੇ ਜ਼ਖ਼ਮੀਆਂ ਦੀ ਸਥਿਤੀ ਗੰਭੀਰ ਹੈ। ਕਿਰਿਲੈਂਕੋ ਨੇ ਹਮਲੇ ਤੋਂ ਬਾਅਦ ਦੀ ਸਟੇਸ਼ਨ ਦੀ ਸਥਿਤੀ ਦੀਆਂ ਕਈ ਤਸਵੀਰਾਂ ਇੰਟਰਨੈੱਟ ਮੀਡੀਆ ‘ਤੇ ਜਾਰੀ ਕੀਤੀਆਂ ਹਨ। ਜਦਕਿ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਸਟੇਸ਼ਨ ‘ਤੇ ਹਮਲੇ ‘ਚ ਜਿਸ ਮਿਜ਼ਾਈਲ ਦਾ ਇਸਤੇਮਾਲ ਹੋਇਆ ਹੈ ਉਨ੍ਹਾਂ ਦਾ ਇਸਤੇਮਾਲ ਯੂਕਰੇਨ ਦੀ ਫ਼ੌਜ ਕਰਦੀ ਹੈ। ਰੂਸੀ ਫ਼ੌਜ ਨੇ ਸ਼ੁੱਕਰਵਾਰ ਨੂੰ ਕ੍ਰੈਮੇਟੋਸਰਕ ‘ਚ ਕੋਈ ਹਮਲਾ ਨਹੀਂ ਕੀਤਾ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਫਿਨਲੈਂਡ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੇਲਵੇ ਸਟੇਸ਼ਨ ‘ਤੇ ਯੂਕਰੇਨ ਦਾ ਇਕ ਵੀ ਫ਼ੌਜੀ ਨਹੀਂ ਸੀ। ਉੱਥੇ ਮੌਜੂਦ ਨਾਗਰਿਕਾਂ ‘ਤੇ ਰੂਸੀ ਫ਼ੌਜ ਨੇ ਹਮਲਾ ਕੀਤਾ ਹੈ। ਕ੍ਰੈਮਟੋਰਸਕ ਸ਼ਹਿਰ ਡੋਨੈਸਕ ਦਾ ਹਿੱਸਾ ਹੈ। ਡੋਨੈਸਕ ਦੇ ਇਕ ਹਿੱਸੇ ‘ਤੇ ਰੂਸ ਸਮਰਥਤ ਬਾਗ਼ੀਆਂ ਦਾ 2014 ਤੋਂ ਕਬਜ਼ਾ ਹੈ, ਬਾਕੀ ਦੇ ਹਿੱਸੇ ‘ਤੇ ਕਬਜ਼ੇ ਲਈ ਰੂਸੀ ਫ਼ੌਜ ਇਨ੍ਹਾਂ ਦਿਨੀਂ ਲੜ ਰਹੀ ਹੈ। ਇਸ ਦੇ ਗੁਆਂਢ ਦੇ ਲੁਹਾਂਸਕ ਦੇ ਵਧੇਰੇ ਖੇਤਰ ‘ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ। ਦੋਵਾਂ ਖੇਤਰਾਂ ਦੇ ਇਸ ਹਿੱਸੇ ਨੂੰ ਵੀ ਡੋਨਾਬਸ ਕਹਿੰਦੇ ਹਨ। ਯੂਕਰੇਨ ਦੇ ਪੂਰਬੀ ਦੇ ਦੱਖਣੀ ਹਿੱਸਿਆਂ ‘ਚ ਜਿੱਥੇ ਜੰਗ ਤੇਜ਼ ਹੋਈ ਹੈ, ਉੱਥੇ ਉੱਤਰੀ ਹਿੱਸੇ ‘ਚ ਰੂਸੀ ਫ਼ੌਜ ਪੂਰੀ ਤਰ੍ਹਾਂ ਹਟ ਗਈ ਹੈ ਤੇ ਉੱਥੇ ਫਿਰ ਤੋਂ ਯੂਕਰੇਨ ਦਾ ਕਬਜ਼ਾ ਹੋ ਗਿਆ ਹੈ। ਯੂਕਰੇਨ ਦੀ ਪ੍ਰਰੋਸੀਕਿਊਟਰ ਜਨਰਲ ਇਰਿਆਨਾ ਵੈਨੇਡਿਕਟੋਵਾ ਨੇ ਦੱਸਿਆ ਹੈ ਕਿ ਬੂਚਾ, ਬੋਰੋਡਿਆਂਕਾ, ਇਰਪਿਨ ਤੇ ਕੁਝ ਹੋਰ ਕਸਬਿਆਂ ਤੋਂ ਹੁਣ ਤੱਕ 650 ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ‘ਚੋਂ 40 ਲਾਸ਼ਾਂ ਬੱਚਿਆਂ ਦੀਆਂ ਹਨ। ਇਹ ਲਾਸ਼ਾਂ ਕਈ ਹਫ਼ਤੇ ਪੁਰਾਣੀਆਂ ਹਨ ਤੇ ਉਨ੍ਹਾਂ ‘ਤੇ ਗੋਲ਼ੀਆਂ ਦੇ ਨਿਸ਼ਾਨ ਹਨ।