ਗੋਂਡਾ – ਗੋਂਡਾ ਦੇ ਵਿਮੌਰ ਪਿੰਡ ਸਥਿਤ ਆਸਾਰਾਮ ਆਸ਼ਰਮ ਕੰਪਲੈਕਸ ‘ਚ ਕਾਰ ‘ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮਿ੍ਤਕਾ ਦੀ ਮਾਂ ਨੇ ਹੱਤਿਆ ਦਾ ਦੋਸ਼ ਲਾਇਆ ਹੈ। ਮਿ੍ਤਕਾ ਦੀ ਮਾਂ ਨੇ ਦੱਸਿਆ ਕਿ ਬੇਟੀ ਦੇ ਪਿਤਾ ਪਿਛਲੇ ਦੋ ਸਾਲਾਂ ਤੋਂ ਲਾਪਤਾ ਹਨ, ਉਨ੍ਹਾਂ ਦੀ ਗੁਮਸ਼ੁਦਗੀ ਵੀ ਦਰਜ ਹੈ। ਆਸ਼ਰਮ ਦੇ ਸੇਵਾਦਾਰ ਸਮੇਤ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਐੱਸਪੀ ਨੇ ਮਿਸ਼ਰੌਲੀਆ ਚੌਕੀ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਲੜਕੀ ਖੁਸ਼ੀ 5 ਅਪ੍ਰਰੈਲ ਨੂੰ ਦੇਰ ਸ਼ਾਮ ਘਰੋਂ ਲਾਪਤਾ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ 6 ਅਪ੍ਰਰੈਲ ਨੂੰ ਮਿਸ਼ਰੌਲੀਆ ਚੌਕੀ ‘ਚ ਸੂਚਨਾ ਦਿੱਤੀ। ਜਦੋਂ ਉਸ ਦਾ ਪਤਾ ਨਹੀਂ ਲੱਗਾ ਤਾਂ 7 ਅਪ੍ਰਰੈਲ ਨੂੰ ਮਾਂ ਦੀ ਸ਼ਿਕਾਇਤ ‘ਤੇ ਜਗਦੀਪ ਦੁਬੇ, ਸੁਰੇਸ਼ ਤੇ ਸੁਰਿੰਦਰ ਪਾਂਡੇ ਖ਼ਿਲਾਫ਼ ਅਗਵਾ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਵੀਰਵਾਰ ਦੇਰ ਰਾਤ ਗੋਂਡਾ-ਬਹਿਰਾਈਚ ਮਾਰਗ ਸਥਿਤ ਸੰਤ ਆਸਾਰਾਮ ਆਸ਼ਰਮ ਕੰਪਲੈਕਸ ‘ਚੋਂ ਬਦਬੂ ਆਉਣ ‘ਤੇ ਇਕ ਸੇਵਾਦਾਰ ਨੇ ਦੇਖਿਆ ਤਾਂ ਕਾਰ ‘ਚ ਲਾਸ਼ ਪਈ ਮਿਲੀ। ਕਾਰ ‘ਚ ਲੜਕੀ ਦੀ ਲਾਸ਼ ਪਈ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਲੜਕੀ ਉਸੇ ਪਿੰਡ ਦੀ ਨਿਕਲੀ, ਜਿਹੜੀ 5 ਅਪ੍ਰਰੈਲ ਨੂੰ ਲਾਪਤਾ ਹੋਈ ਸੀ। ਲੜਕੀ ਦੇ ਘਰ ਤੇ ਆਸ਼ਰਮ ਵਿਚਾਲੇ ਕਰੀਬ 50 ਮੀਟਰ ਦਾ ਹੀ ਫ਼ਾਸਲਾ ਹੈ। ਦੱਸਣਯੋਗ ਹੈ ਕਿ ਆਸਾਰਾਮ ਇਨ੍ਹੀਂ ਦਿਨੀਂ ਰਾਜਸਥਾਨ ਦੀ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ।