ਪੋਚੇਫਸਟਰੂਮ – ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-0 ਨਾਲ ਮਾਤ ਦਿੱਤੀ। ਇਹ ਸਿਰਫ਼ ਦੂਜੀ ਵਾਰ ਹੈ ਜਦ ਭਾਰਤ ਇਸ ਟੂਰਨਾਮੈਂਟ ਦੇ ਆਖ਼ਰੀ ਚਾਰ ਵਿਚ ਪੁੱਜਾ ਹੈ। ਪੂਲ ਗੇੜ ਵਿਚ ਸਾਰੇ ਮੈਚਾਂ ਵਿਚ ਜਿੱਤਣ ਤੋਂ ਬਾਅਦ ਸੂਚੀ ਵਿਚ ਸਿਖਰ ‘ਤੇ ਰਹਿਣ ਵਾਲੀ ਭਾਰਤੀ ਟੀਮ ਲਈ ਆਖ਼ਰੀ ਅੱਠ ਦੇ ਇਸ ਮੈਚ ਵਿਚ ਮੁਮਤਾਜ਼ ਖ਼ਾਨ (11ਵੇਂ ਮਿੰਟ), ਲਾਲਰਿੰਡੀਕੀ (15ਵੇਂ ਮਿੰਟ) ਤੇ ਸੰਗੀਤਾ ਕੁਮਾਰੀ (41ਵੇਂ ਮਿੰਟ) ਨੇ ਗੋਲ ਕੀਤੇ। ਜੂਨੀਅਰ ਵਿਸ਼ਵ ਕੱਪ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2013 ਵਿਚ ਜਰਮਨੀ ਦੇ ਮੋਨਚੇਂਗਲਾਡਬਾਖ ਵਿਚ ਕਾਂਸੇ ਦਾ ਮੈਡਲ ਜਿੱਤਣਾ ਰਿਹਾ ਹੈ। ਕੋਰੀਆ ਖ਼ਿਲਾਫ਼ ਭਾਰਤ ਨੇ ਹੌਲੀ ਸ਼ੁਰੂਆਤ ਕੀਤੀ। ਭਾਰਤੀ ਖਿਡਾਰੀਆਂ ਨੇ ਫਿਰ ਆਪਣੀ ਰਫ਼ਤਾਰ ਨਾਲ ਕੋਰੀਆ ਦੀ ਰੱਖਿਆ ਕਤਾਰ ਨੂੰ ਪਰੇਸ਼ਾਨ ਕੀਤਾ। ਸ਼ਰਮੀਲਾ ਦੇਵੀ ਨੇ ਗੇਂਦ ‘ਤੇ ਸ਼ਾਨਦਾਰ ਕੰਟਰੋਲ ਨਾਲ ਟੀਮ ਲਈ ਮੌਕਾ ਬਣਾਇਆ ਤੇ ਸ਼ਾਟ ਕਾਰਨਰ ‘ਤੇ ਕਪਤਾਨ ਸਲੀਮਾ ਟੇਟੇ ਦੇ ਸ਼ਾਟ ਨੂੰ ਮੁਮਤਾਜ਼ ਨੇ ਗੋਲ ਵਿਚ ਬਦਲ ਦਿੱਤਾ। ਇਹ ਟੂਰਨਾਮੈਂਟ ਵਿਚ ਉਨ੍ਹਾਂ ਦਾ ਛੇਵਾਂ ਗੋਲ ਸੀ। ਪਹਿਲੇ ਕੁਆਰਟਰ ਦੇ ਆਖ਼ਰ ਵਿਚ ਲਾਲਰਿੰਡੀਕੀ ਨੇ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਇਸ ਤੋਂ ਬਾਅਦ ਸੰਗੀਤਾ ਨੇ ਭਾਰਤ ਦੀ ਬੜ੍ਹਤ ਨੂੰ 3-0 ਕਰ ਦਿੱਤਾ। ਤਿੰਨ ਗੋਲ ਦੀ ਵੱਡੀ ਬੜ੍ਹਤ ਬਣਾਉਣ ਤੋਂ ਬਾਅਦ ਵੀ ਭਾਰਤੀ ਟੀਮ ਨੇ ਆਪਣੀ ਲੈਅ ਬਣਾਈ ਰੱਖੀ ਤੇ ਕੋਰੀਆ ਨੂੰ ਕੋਈ ਮੌਕਾ ਦੇਣ ਦੀ ਥਾਂ ਹਮਲਾ ਜਾਰੀ ਰੱਖਿਆ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਦੂਜੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ।