ਅੰਮਿ੍ਤਸਰ – ਗੁਰੂ ਨਾਨਕ ਸਾਹਿਬ ਵੱਲੋਂ ਭੁੱਖੇ ਸਾਧੂਆਂ ਨੂੰ 20 ਰੁਪਏ ਵਿਚ ਲੰਗਰ ਛਕਾਉਣ ਦੀ ਯਾਦ ਵਿਚ ਉੱਸਰੇ ਅਸਥਾਨ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਦੀਦਾਰ ਕਰਨ ਪੁੱਜੀ ਸੰਗਤ ਦਾ ਪਾਕਿਸਤਾਨੀ ਸਿੱਖ ਆਗੂਆਂ ਨੇ ਗੁਲਾਬ ਦੀਆਂ ਫੁੱਲ ਪੱਤੀਆਂ ਨਾਲ ਸਵਾਗਤ ਕੀਤਾ। ਗੁਰਦੁਆਰੇ ਵਿਚ ਸੁਖਮਨੀ ਸਾਹਿਬ ਦੇ ਪਾਠ ਪਿੱਛੋਂ ਮੁੱਖ ਗ੍ਰੰਥੀ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ। ਇੱਥੇ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ।
ਇਸ ਮੌਕੇ ਸ਼ੋ੍ਮਣੀ ਕਮੇਟੀ ਦੇ ਜਥਾ ਲੀਡਰ ਬਲਵਿੰਦਰ ਸਿੰਘ ਵੈਈਪੁਈ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਸੰਗਤ ਨਾਲ ਇਸ ਅਸਥਾਨ ਦੇ ਦਰਸ਼ਨ ਦੀਦਾਰ ਕਰ ਕੇ ਖ਼ੁਦ ਨੂੰ ਵੱਡਭਾਗੀ ਸਮਝਦੇ ਹਨ, ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਸਨ ਤੇ ਗੁਰੂ ਸਾਹਿਬ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਵਾਪਸ ਪਰਤ ਆਏ ਸਨ। ਇਸ ਮੌਕੇ ਗ੍ਰੰਥੀ ਭਾਈ ਗੁਰਦਾਸ ਸਿੰਘ ਨੇ ਸੰਗਤ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਿਆ। ਇਸ ਪਿੱਛੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਔਕਾਫ਼ ਬੋਰਡ ਦੇ ਵਧੀਕ ਸਕੱਤਰ ਇਮਰਾਨ ਖਾਨ ਨੇ ਸਾਂਝੇ ਤੌਰ ‘ਤੇ ਸ਼ੋ੍ਮਣੀ ਕਮੇਟੀ ਦੇ ਜਥਾ ਲੀਂਡਰ ਅਰਵਿੰਦਰ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਵੇਏੀਪੁਈ, ਭਾਈ ਮਰਦਾਨਾ ਯਾਦਗਾਰੀ ਕੀਰਤਨ ਸੋਸਾਇਟੀ ਦੇ ਜਥਾ ਲੀਡਰ, ਖਾਲੜਾ ਮਿਸ਼ਨ ਕਮੇਟੀ, ਦਿੱਲੀ ਕਮੇਟੀ ਦੇ ਜਥਾ ਲੀਡਰਾਂ ਨੂੰ ਸਨਮਾਨਤ ਕੀਤਾ। ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਮਗਰੋਂ ਸ਼ਾਮ ਨੂੰ ਵਿਸ਼ੇਸ਼ ਏਸੀ ਬੱਸਾਂ ਰਾਹੀਂ ਭਾਰੀ ਸੁਰੱਖਿਆ ਪਹਿਰੇ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਰਤ ਆਏ। ਸੰਗਤ ਵਿਚ ਹਰ ਪਾਸੇ ਖ਼ੁਸ਼ੀਆਂ ਤੇ ਉਤਸ਼ਾਹ ਵਾਲਾ ਮਾਹੌਲ ਸੀ।