ਸੰਗਰੂਰ – ਸਕੂਲ ਦੀ ਛੁੱਟੀ ਹੋਣ ਤੇ ਦੁਪਹਿਰ ਦੇ ਸਮੇਂ ਘਰ ਵਾਪਿਸ ਜਾ ਰਹੀਆਂ 4 ਵਿਦਿਆਰਥਣਾਂ ਸਰਕਾਰੀ ਬੱਸ ਦੀ ਲਪੇਟ ਵਿੱਚ ਆ ਗਈਆਂ ਜਿਹਨਾਂ ਵਿੱਚੋਂ ਇੱਕ ਵਿਦਿਅਰਾਥਣ ਦੀ ਮੌਕੇ ਤੇ ਮੌਤ ਹੋ ਗਈ ਤੇ 3 ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਇਲਾਜ਼ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ। ਇਸ ਮੌਕੇ ਸਰਕਾਰੀ ਸਕੂਲ ਦੇ ਅਧਿਆਪਕ ਪਰਮਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 2 ਵਜੇ ਛੁੱਟੀ ਹੋਣ ਤੇ ਵਿਦਿਆਰਥਣਾਂ ਆਪਣੇ ਘਰ ਵੱਲ ਨੂੰ ਜਾ ਰਹੀਆਂ ਸਨ ਤਾਂ ਸੜਕ ਪਾਰ ਕਰਨ ਲਈ ਡਿਵਾਈਡਰ ਕੋਲ ਖੜੀਆਂ ਸਨ ਤੇ ਅਚਾਨਕ ਪੀ.ਆਰ.ਟੀ.ਸੀ ਦੀ ਤੇਜ ਰਫਤਾਰ ਬੱਸ ਦੀ ਲਪੇਟ ਵਿੱਚ ਆ ਗਈਆਂ। ਇਸ ਭਿਆਨਕ ਹਾਦਸੇ ਵਿੱਚ ਅਮਨਦੀਪ ਕੌਰ ਸਤਵੀਂ ਕਲਾਸ ਦੀ ਵਿਦਿਆਰਥ ਸੀ ਜਿਸ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਵਿੱਚ 11 ਸਾਲ ਦੀ ਬਲਜਿੰਦਰ ਕੌਰ, ਦਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਇਹ ਤਿੰਨੇ ਮਹਿਲਾਂ ਚੌਂਕ ਦੀਆਂ ਵਸਨੀਕ ਹਨ ਤੇ ਗੰਭੀਰ ਰੂਪ ਵਿੱਚ ਜਖਮੀ ਸਨ। ਇਹ ਚਾਰੇ ਬੱਚੀਆਂ ਮਹਿਲਾਂ ਦੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਹਨ।
ਇਹ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਮਹਿਲਾਂ ਚੌਂਕ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਬੱਸ ਡਰਾਇਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਦੁਖਦਾਈ ਘਟਨਾ ਦੀ ਖਬਰ ਮਿਲਦੀਆਂ ਹੀ ਮੌਕੇ ਦਾ ਜਾਇਜ਼ਾ ਲੈਣ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ ਸੰਗਰੂਰ ਸ. ਮਨਦੀਪ ਸਿੰਘ ਸਿੱਧੂ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਹਨਾਂ ਹਾਦਸੇ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰੀ ਇਲਾਜ਼ ਕਰਵਾਉਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਬੱਚੀਆਂ ਦੇ ਚੱਲ ਰਹੇ ਇਲਾਜ ਸਬੰਧੀ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਇਹਨਾਂ ਦੇ ਇਲਾਜ ਲਈ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਉਹਨਾਂ ਇਹ ਵੀ ਕਿਹਾ ਕਿ ਮ੍ਰਿਤਕ ਬੱਚੀ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾਂ ਦਿੱਤੀ ਜਾਵੇਗੀ ਤੇ ਜਖਮੀ ਵਿਦਿਆਰਥਣਾਂ ਦਾ ਸਾਰਾ ਇਲਾਜ ਸਰਕਾਰੀ ਤੌਰ ਤੇ ਕਰਾਇਆ ਜਾਵੇਗਾ।