ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ।ਇਸ ਪਵਿੱਤਰ ਮੌਕੇ ’ਤੇ, ਭਗਵੰਤ ਮਾਨ ਨੇ ਨੇੜਲੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਉਨਾਂ ਦੇ ਅਨਿਨ ਸੇਵਕ ਸਿੱਖ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਲੈ ਕੇ ਆਏ ਸਨ, ਇਸ ਅਸਥਾਨ ‘ਤੇ ਉਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਸਮੇਂ ਗੁਰੂ ਸਾਹਿਬ ਦੇ ਇੱਕ ਬਜੁਰਗ ਸ਼ਰਧਾਲੂ ਮੁਸਲਮਾਨ ਸੰਤ ਫਕੀਰ ਦਰਗਾਹੀ ਸਾਹ ਨੇ ਰੁਕਣ ਲਈ ਬੇਨਤੀ ਕੀਤੀ ਸੀ।
ਇਸ ਤੋਂ ਪਹਿਲਾਂ ਆਪਣੇ ਰਿਕਾਰਡ ਕੀਤੇ ਵੀਡੀਓ ਸੰਦੇਸ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ‘ਹਿੰਦ ਦੀ ਚਾਦਰ’ ਦੁਆਰਾ ਦਿੱਤੇ ਸਰਭਵਿਆਪੀ ਭਾਈਚਾਰੇ, ਧਾਰਮਿਕ ਆਜਾਦੀ, ਸਰਬੱਤ ਦੇ ਭਲੇ ਅਤੇ ਮਾਨਵਤਾ ਦੀ ਚੜਦੀਕਲਾ ਦੇ ਸਦੀਵੀ ਸੰਦੇਸ ‘ਤੇ ਚੱਲਣ ਦਾ ਸੱਦਾ ਦਿੱਤਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ’ਤੇ ਚਾਨਣਾ ਪਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਚਪਨ ਤੋਂ ਲੈ ਕੇ ਸਹਾਦਤ ਪ੍ਰਾਪਤ ਕਰਨ ਤੱਕ ਮਾਨਵਤਾ ਅਤੇ ਧਾਰਮਿਕ ਸਹਿਣਸੀਲਤਾ ਦੀ ਖਾਤਰ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਰਹਿੰਦੀ ਦੁਨੀਆ ਤੱਕ ਪ੍ਰੇਰਨਾ ਸਰੋਤ ਬਣੀ ਰਹੇਗੀ।
ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ’ਤੇ ਸਹੀ ਮਾਅਨਿਆਂ ’ਚ ਚੱਲਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨੌਵੇਂ ਗੁਰੂ ਜੀ ਦੇ ਸੰਦੇਸ ਦਾ ਸਾਰ ਪਿਆਰ, ਧਰਮ ਨਿਰਪੱਖਤਾ, ਧਾਰਮਿਕ ਆਜਾਦੀ ਅਤੇ ਸਾਂਤਮਈ ਸਹਿਹੋਂਦ ਸੀ, ਜੋ ਅਜੋਕੇ ਸਮੇਂ ਵਿੱਚ ਵੀ ਪ੍ਰਸੰਗਿਕ ਹੈ।