ਸ੍ਰੀਨਗਰ – ਸੁਰੱਖਿਆ ਬਲਾਂ ਦੇ ਦਬਾਅ ਤੇ ਜੰਮੂ-ਕਸ਼ਮੀਰ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਦੇਖ ਅੱਤਵਾਦੀਆਂ ਤੇ ਉਨ੍ਹਾਂ ਦੇ ਪਾਕਿਸਤਾਨ ‘ਚ ਲੁਕੇ ਆਕਾਵਾਂ ‘ਚ ਨਿਰਾਸ਼ਾ ਸਾਫ਼ ਨਜ਼ਰ ਆਉਣ ਲੱਗੀ ਹੈ। ਜੰਮੂ ਹੀ ਨਹੀਂ, ਕਸ਼ਮੀਰ ‘ਚ ਵੀ ਸ਼ਾਂਤੀਪੂਰਨ ਮਾਹੌਲ ‘ਚ ਸਭ ਕੁਝ ਹੁੰਦਾ ਦੇਖ ਅੱਤਵਾਦੀ ਸੰਗਠਨਾਂ ਦੀ ਬੌਖਲਾਹਟ ਏਨੀ ਵਧ ਗਈ ਹੈ ਕਿ ਇਸ ‘ਚ ਖਲਲ ਪਾਉਣ ਲਈ ਉਨ੍ਹਾਂ ਨੇ ਪੰਚਾਇਤ ਦੇ ਨੁਮਾਇੰਦਿਆਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਹੈ। ਇਸ ਲਈ ਅੱਤਵਾਦੀ ਸੰਗਠਨਾਂ ਨੇ ਕਸ਼ਮੀਰ ‘ਚ ਆਪਣੇ ਵੱਖ-ਵੱਖ ਮਡਿਊਲ ਸਰਗਰਮ ਕਰ ਦਿੱਤੇ ਹਨ। ਇਸ ਦਾ ਪਰਦਾਫ਼ਾਸ਼ ਮੰਗਲਵਾਰ ਨੂੰ ਉੱਤਰੀ ਕਸਮੀਰ ‘ਚ ਬਾਰਾਮੁਲਾ ਜ਼ਿਲ੍ਹੇ ਦੇ ਪੱਟਨ ‘ਚ ਜੈਸ਼-ਏ-ਮੁਹੰਮਦ ਦੇ ਇਕ ਅਜਿਹੇ ਹੀ ਮਾਡਿਊਲ ਦੇ ਦੋ ਅੱਤਵਾਦੀਆਂ ਦੀ ਗਿ੍ਫ਼ਤਾਰੀ ਨਾਲ ਹੋਇਆ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਬਾਰਾਮੁਲਾ ‘ਚ ਪੰਚਾਇਤ ਦੇ ਨੁਮਾਇੰਦਿਆਂ ਦੀ ਸਿਲਸਿਲੇਵਾਰ ਹੱਤਿਆ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉੱਥੇ ਹੀ ਕੁਲਗਾਮ ‘ਚ ਇਕ ਪੰਚ ਦੀ ਹੱਤਿਆ ‘ਚ ਸ਼ਾਮਲ ਹਿਜਬੁਲ ਮਜਾਹਿਦੀਨ ਦੇ ਤਿੰਨ ਅੱਤਵਾਦੀ ਵੀ ਫੜੇ ਗਏ।
ਪੁਲਿਸ ਨੂੰ ਸੋਮਵਾਰ ਰਾਤ ਨੂੰ ਆਪਣੇ ਤੰਤਰ ਤੋਂ ਪਤਾ ਲੱਗਿਆ ਸੀ ਕਿ ਦੋ ਤੋਂ ਤਿੰਨ ਅੱਤਵਾਦੀ ਬਾਰਾਮੁਲਾ ਨੇੜੇ ਹਾਂਜੀਵੀਰਾ ਪੱਟਨ ਇਲਾਕੇ ‘ਚ ਦੇਖੇ ਗਏ ਹਨ। ਇਹ ਅੱਤਵਾਦੀ ਪੰਚਾਇਤੀ ਨੁਮਾਇੰਦਿਆਂ ਦੀ ਸਿਲਸਿਲੇਵਾਰ ਟਾਰਗੈਟ ਕਿਲਿੰਗ ਦੀ ਫਿਰਾਕ ‘ਚ ਸਨ। ਪੁਲਿਸ ਨੇ ਫ਼ੌਰੀ ਤੌਰ ‘ਤੇ ਨਾਕੇ ਲਗਾਏ ਤੇ ਸਵੇਰੇ ਕਰੀਬ ਸਾਢੇ ਪੰਜ ਵਜੇ ਜਵਾਨਾਂ ਨੇ ਬਾਰਾਮੁਲਾ ਵੱਲ ਆਉਂਦੇ ਇਕ ਵਾਹਨ ਨੂੰ ਦੇਖਿਆ। ਜਵਾਨਾਂ ਨੇ ਉਸ ਨੂੰ ਰੁਕਣ ਦਾ ਸੰਕੇਤ ਦਿੱਤਾ, ਪਰ ਚਾਲਕ ਨੇ ਨਾਕੇ ਤੋਂ ਕੁਝ ਦੂਰੀ ‘ਤੇ ਪਹਿਲਾਂ ਅਚਾਨਕ ਹੀ ਬ੍ਰੇਕ ਲਗਾ ਦਿੱਤੀ। ਇਸ ਦੇ ਨਾਲ ਹੀ ਚਾਲਕ ਤੇ ਉਸ ਦਾ ਸਾਥੀ ਵਾਹਨ ਨੂੰ ਉੱਥੇ ਹੀ ਛੱਡ ਕੇ ਨੇੜਲੇ ਬਾਗ਼ ਵੱਲ ਭੱਜੇ। ਸੁਰੱਖਿਆ ਬਲਾਂ ਨੇ ਦੋਵਾਂ ਦਾ ਪਿੱਛਾ ਕਰ ਕੇ ਕੁਝ ਹੀ ਦੇਰ ‘ਚ ਉਨ੍ਹਾਂ ਨੂੰ ਫੜ ਲਿਆ। ਇਹ ਦੋਵੇਂ ਆਕਿਬ ਮੁਹੰਮਦ ਮੀਰ ਤੇ ਦਾਨਿਸ਼ਨ ਅਹਿਮਦ ਡਾਰ ਹਨ। ਦੋਵੇਂ ਬਾਰਾਮੁਲਾ ਜ਼ਿਲ੍ਹੇ ‘ਚ ਸੋਪੋਰ ਦੇ ਰਹਿਣ ਵਾਲੇ ਹਨ। ਇਨ੍ਹਾਂ ਕੋਲੋਂ ਦੋ ਪਿਸਤੌਲ, ਦੋ ਮੈਗਜ਼ੀਨ, 10 ਕਾਰਤੂਸ, ਦੋ ਗ੍ਨੇਡ ਤੇ ਹੋਰ ਸਾਮਾਨ ਮਿਲਿਆ ਹੈ।
ਪੱਟਨ ‘ਚ ਫੜੇ ਗਏ ਅੱਤਵਾਦੀਆਂ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਜੈਸ਼ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਹੈਂਡਲਰ ਨੇ ਜੰਮੂ-ਕਸ਼ਮੀਰ ‘ਚ ਨੇੜ ਭਵਿੱਖ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਡਰ ਦਾ ਮਾਹੌਲ ਬਣਾਉਣ ਲਈ ਕਿਹਾ ਸੀ। ਉਸ ਨੇ ਉਨ੍ਹਾਂ ਨੂੰ ਬਾਰਾਮੁਲਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ‘ਚ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੇ ਕੁਝ ਵਰਕਰਾਂ ਤੋਂ ਇਲਾਵਾ ਪੰਚਾਇਤ ਦੇ ਨੁਮਾਇੰਦਿਆਂ ਦੀ ਟਾਰਗੈਟ ਕਿਲਿੰਗ ਦਾ ਜ਼ਿੰਮਾ ਸੌਂਪ ਰੱਖਿਆ ਸੀ। ਮੰਗਲਵਾਰ ਨੂੰ ਉਹ ਪੱਟਨ ‘ਚ ਕਿਸੇ ਦੀ ਹੱਤਿਆ ਕਰਨ ਜਾ ਰਹੇ ਸਨ।
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਦੋ ਅਪ੍ਰਰੈਲ ਨੂੰ ਪੰਜ ਮੁਹੰਮਦ ਯਾਕੂਬ ਡਾਰ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਦੀ ਫੜੋਫੜੀ ਲਈ ਪੁਲਿਸ ਲਗਾਤਾਰ ਮੁਹਿੰਮ ਚਲਾ ਰਹੀ ਸੀ। ਇਸੇ ਦੌਰਾਨ ਪਤਾ ਲੱਗਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਆਪੂੰ ਬਣੇ ਜ਼ਿਲ੍ਹਾ ਕਮਾਂਡਰ ਫਾਰੂਕ ਅਹਿਮਦ ਬਟ ਨੇ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਦੇ ਕਹਿਣ ‘ਤੇ ਕੁਲਗਾਮ ‘ਚ ਪੰਚਾਇਤ ਨੁਮਾਇੰਦਿਆਂ ਦੀ ਹੱਤਿਆ ਸੀ ਸਾਜ਼ਿਸ਼ ਰਚੀ ਹੈ। ਫਾਰੂਕ ਨੇ ਅੱਤਵਾਦੀ ਰਾਜਾ ਨਦੀਮ ਰਾਥਰ ਨੇ ਨਸੀਰ ਅਹਿਮਦ ਵਾਨੀ, ਆਦਿਲ ਮਨਜ਼ੂਰ ਰਾਥਰ ਨੂੰ ਆਪਣੇ ਨਾਲ ਜੋੜਿਆ। ਉਸ ਨੇ ਇਨ੍ਹਾਂ ਤਿੰਨਾਂ ਨੂੰ ਹਥਿਆਰਾਂ ਦਾ ਬੰਦੋਬਸਤ ਕਰਨ ਤੇ ਕੁਝ ਪੰਚਾਂ ਸਰਪੰਚਾਂ ਦੀ ਰੇਕੀ ਕਰਨ ਲਈ ਕਿਹਾ ਗਿਆ। ਸਾਜ਼ਿਸ਼ ਦਾ ਪਤਾ ਲੱਗਦੇ ਹੀ ਪੁਲਿਸ ਨੇ ਮੰਗਲਵਾਰ ਨੂੰ ਨਸੀਰ, ਆਦਿਲ ਤੇ ਮਾਜਿਦ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਗਿ੍ਫ਼ਤਾਰ ਕਰ ਲਿਆ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਇਕ ਪਿਸਤੌਲ, ਅੱਠ ਕਾਰਤੂਸ ਤੇ ਦੋ ਗ੍ਨੇਡ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਫਾਰੂਕ ਤੇ ਨਦੀਮ ਦੇ ਇਸ਼ਾਰੇ ‘ਤੇ ਹੀ 11 ਮਾਰਚ ਨੂੰ ਆਡੂਰਾ ਕੁਲਗਾਮ ‘ਚ ਸਰਪੰਚ ਸ਼ੱਬੀਰ ਮੀਰ ਦੀ ਹੱਤਿਆ ਹੋਈ ਸੀ। ਫਾਰੂਕ ਤੇ ਨਦੀਮ ਦੇ ਟਿਕਾਣਿਆਂ ‘ਤੇ ਵੀ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
