ਕਰਾਚੀ – ਪਾਕਿਸਤਾਨ ‘ਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨਾਲ ਹੁਣ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਕਾਰਨ ਗੁਆਂਢੀ ਮੁਲਕ ਵਿੱਚ ਵੀ ਇਸ ਦਾ ਵਿਰੋਧ ਤੇਜ਼ ਹੋ ਗਿਆ ਹੈ। ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਅੱਜ ਕੁਝ ਲੋਕਾਂ ਨੇ ਕਰਾਚੀ ਦੇ ਕੇਂਦਰੀ ਜ਼ਿਲ੍ਹੇ ਵਿੱਚ ਪੁਰਾਣੀ ਸਬਜ਼ੀ ਮੰਡੀ ਨੇੜੇ ਇੱਕ ਪੈਟਰੋਲ ਪੰਪ ਉੱਤੇ ਹਮਲਾ ਕਰ ਦਿੱਤਾ।
ਨਾ ਸਿਰਫ ਖਾਲੀ ਪ੍ਰਦਰਸ਼ਨ, ਗੁੱਸੇ ‘ਚ ਆਏ ਪਾਕਿਸਤਾਨੀਆਂ ਨੇ ਪਥਰਾਅ ਕੀਤਾ ਅਤੇ ਪੰਪ ਦੀ ਭੰਨਤੋੜ ਕੀਤੀ। ਈਂਧਨ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ‘ਚ ਪਹਿਲਾਂ ਹੀ ਗੁੱਸਾ ਸੀ ਪਰ ਪੈਟਰੋਲ ਪੰਪਾਂ ਵੱਲੋਂ ਈਂਧਨ ਦੀ ਸਪਲਾਈ ਬੰਦ ਕਰਨ ਤੋਂ ਬਾਅਦ ਇਹ ਗੁੱਸਾ ਹੋਰ ਤੇਜ਼ ਹੋ ਗਿਆ।
ਲਰਕਾਨਾ ‘ਚ ਵੀ ਨਾਗਰਿਕ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਲਰਕਾਨਾ ਦੇ ਜਿਨਾਹ ਬਾਗ ਚੌਕ ‘ਤੇ ਕੁਝ ਗੁੱਸੇ ‘ਚ ਆਏ ਨਾਗਰਿਕਾਂ ਨੇ ਟਾਇਰਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਸਥਿਤੀ ਹੋਰ ਵਿਗੜ ਗਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਈਂਧਨ ਸਬਸਿਡੀ ਹਟਾ ਦਿੱਤੀ ਹੈ, ਜਿਸ ਕਾਰਨ ਪੈਟਰੋਲ ਦੀਆਂ ਕੀਮਤਾਂ ‘ਚ 30 ਰੁਪਏ ਦਾ ਵਾਧਾ ਹੋਇਆ ਹੈ।
