ਪ੍ਰਕ੍ਰਿਤਕ ਸੱਭਿਆਚਾਰਾਂ ਨੇ ਹਰ ਇੱਕ ਉਸ ਵਸਤੂ ਨੂੰ ਮਾਨ ਅਤੇ ਸਤਿਕਾਰ ਦਿੱਤਾ ਹੈ ਜਿਹੜੀ ਵਸਤੂ ਮਨੁੱਖੀ ਜੀਵਨ ਨਾਲ਼ ਜੁੜੀ ਹੁੰਦੀ ਹੈ। ਉਨ੍ਹਾਂ ਵਸਤੂਆਂ ਵਿੱਚੋਂ ਇੱਕ ਵਸਤੂ ਮਿੱਟੀ ਦਾ ਘੜਾ ਹੈ, ਜਿਹੜਾ ਹਰੇਕ ਸੱਭਿਆਚਾਰ ਦੇ ਸਮੁੰਦਰ ਵਿੱਚ ਸਿੱਪੀਆਂ ਵਾਂਗ ਸਮਾਇਆ ਹੈ। ਪੰਜਾਬੀ ਸੱਭਿਆਚਾਰ ਵਿੱਚ ਮਿੱਟੀ ਦੇ ਘੜੇ ਦੀ ਵਰਤੋਂ ਭਾਵੇਂ ਸੀਮਤ ਹੋ ਗਈ ਹੈ ਪਰ ਫਿਰ ਵੀ ਇਹ ਇਸ ਦੀ ਸ਼ਾਨ ਅਤੇ ਮਾਨ ਬਣਿਆ ਹੋਇਆ ਹੈ।
ਮਨੁੱਖੀ ਪੁਰਾਤਨ ਇਤਿਹਾਸ ਵਿੱਚ ਮਿੱਟੀ ਦੇ ਘੜੇ ਦੀ ਇੱਕ ਅਦਭੁਤ ਖੋਜ਼ ਸੀ, ਜਿਸਨੂੰ ਅਸੀਂ ਪਹੀਏ ਦੀ ਖੋਜ ਦੇ ਬਰਾਬਰ ਥਾਂ ਦੇ ਸਕਦੇ ਹਾਂ। ਜਦੋਂ ਆਦਿ ਮਨੁੱਖ ਨੇ ਅੱਗ ਦੀ ਖੋਜ਼ ਕੀਤੀ ਤਾਂ ਉਸੇ ਵੇਲੇ ਉਸਨੂੰ ਬਰਤਨਾਂ ਦੀ ਲੋੜ ਪਈ ਤਾਂਕਿ ਉਹ ਕੱਚੇ ਮਾਸ ਨੂੰ ਪਾਣੀ ਵਿੱਚ ਪਕਾ ਸਕੇ। ਇਸ ਲੋੜ ਵਿੱਚੋਂ ਹੀ ਮਿੱਟੀ ਦੇ ਭਾਂਡਿਆਂ ਦੀ ਖੋਜ ਹੋਈ ਸੀ। ਜਿਉਂ-ਜਿਉਂ ਅਸੀਂ ਪਿੱਛੇ ਵੱਲ ਜਾਂਦੇ ਹਾਂ, ਤਾਂ ਘੜੇ ਬਣਾਉਣ ਦੀ ਕਲਾ ਨਿਖਰਦੀ ਹੀ ਮਿਲੇਗੀ। ਸਿੰਧ ਘਾਟੀ ਸੱਭਿਅਤਾ ਦੀ ਖੁਦਾਈ ਦੌਰਾਨ ਅਜਿਹੇ ਘੜੇ ਮਿਲੇ ਹਨ ਜਿਨ੍ਹਾਂ ਉੱਪਰ ਅਦਭੁਤ ਚਿੱਤਰਕਾਰੀ ਕੀਤੀ ਹੋਈ ਹੈ। ਮਿੱਟੀ ਦੇ ਘੜੇ ਬਣਾਉਣ ਵਾਲੇ ਮੁੱਢਲੇ ਸ਼ਿਲਪਕਾਰ ਸਨ, ਅੱਗੇ ਚੱਲ ਕੇ ਜਿਨ੍ਹਾਂ ਦੇ ਹੁਨਰ ਨੂੰ ਦੇਖ ਕੇ ਧਾਤੂ ਤੋਂ ਬਣੇ ਬਰਤਨਾਂ ਦੇ ਉਦਯੋਗ ਖੜੇ ਹੋਏ ਹਨ।
ਸੰਸਕ੍ਰਿਤ ਦੇ ‘ਘਟ’ ਧਾਤੂ ਸ਼ਬਦ ਤੋਂ ਹਿੰਦੀ ਅਤੇ ਪੰਜਾਬੀ ਵਿੱਚ ‘ਘੜਾ’ ਸ਼ਬਦ ਹੋਂਦ ਵਿੱਚ ਆਇਆ ਹੈ। ਸੰਸਕ੍ਰਿਤ ਦੇ ‘ਘਟ’ ਸ਼ਬਦ ਤੋਂ ਹੀ ਪਾਣੀ ਦੇ ਸਰੋਤ ਘਟਾ ਅਤੇ ਘਾਟ ਬਣੇ ਹਨ। ਬੋਲੀ ਵਿੱਚ ਘੜਾ ਸ਼ਬਦ 12ਵੀਂ ਸਦੀ ਤੋਂ ਵਰਤਿਆ ਜਾ ਰਿਹਾ ਹੈ। ਬਾਬੇ ਫਰੀਦ ਨੇ ਆਪਣੀ ਰਚਨਾ ਵਿੱਚ ਘੜਾ ਸ਼ਬਦ ਵਰਤਿਆ ਹੈ। ਪੁਰਾਤਨ ਮਨੁੱਖ ਨੇ ਮਿੱਟੀ ਦੇ ਕੱਚੇ ਭਾਂਡੇ ਨੂੰ ਸਹੀ ਅਕਾਰ ਦੇਣ ਲਈ ਚਮਤਕਾਰੀ ਚੱਕ ਦੀ ਖੋਜ ਕੀਤੀ। ਘੜੇ ਉੱਪਰ ਬੁੱਲੇਸ਼ਾਹ ਦੀ ਕਵਿਤਾ ਵਿੱਚੋਂ ਘੜੇ ਨੂੰ ਬਣਾਉਣ ਦਾ ਢੰਗ ਅਤੇ ਮੁਟਿਆਰ ਵੱਲੋਂ ਇਸ ਦੀ ਵਰਤੋਂ ਪੂਰਨ ਰੂਪ ਵਿੱਚ ਸ਼ਪਸ਼ਟ ਹੋ ਜਾਂਦੀ ਹੈ। ਇਸ ਕਵਿਤਾ ਰਾਹੀਂ ਬੁੱਲੇਸ਼ਾਹ ਮਨੁੱਖ ਨੂੰ ਲੋੜੀਂਦਾ ਸੰਦੇਸ਼ ਦਿੰਦੇ ਹੋਏ ਕਹਿੰਦੇ ਹਨ, ਜੇ ਤੂੰ ਆਪਣੇ ਜੀਵਨ ਵਿੱਚ ਨੇਕ ਕਮਾਈ ਅਤੇ ਸਖ਼ਤ ਮਿਹਨਤ ਕਰੇਂਗਾ ਤਾਂ ਉਸ ਦਾ ਫਲ ਖੁਸ਼ਹਾਲੀ ਦੇ ਰੂਪ ਵਿੱਚ ਤੈਨੂੰ ਇਸੇ ਜੀਵਨ ਵਿੱਚ ਜ਼ਰੂਰ ਮਿਲੇਗਾ।
ਇੱਕ ਵਾਰ ਇੱਕ ਮੁਟਿਆਰ ਘੜੇ ਨੂੰ ਢਾਕ ਉੱਪਰ ਰੱਖ ਕੇ ਪਾਣੀ ਭਰਨ ਜਾ ਰਹੀ ਸੀ ਤਾਂ ਬੁੱਲੇ ਸ਼ਾਹ ਨੇ ਕਾਫੀ ਦੇ ਰੂਪ ਵਿੱਚ ਕੁਝ ਲਾਈਨਾਂ ਲਿਖੀਆਂ।
ਨੇਕ ਨਸੀਬ ਤੇਰੇ ਓ ਘੜਿਆ,
ਚੜ੍ਹਿਆ ਜਾਨਾ ਢਾਕ ਪਰਾਈ,
ਚੂੜੇ ਵਾਲੀ ਬਾਂਹ ਸੱਜਣਾ ਦੀ,
ਜਾਨਾ ਗਲ ਵਿੱਚ ਪਾਈ।
ਘੜੇ ਵੱਲੋਂ ਬੁੱਲੇਸ਼ਾਹ ਨੂੰ ਜਵਾਬ-
ਪਹਿਲਾਂ ਵਾਢ ਕਹੀਆਂ ਦਾ ਖਾਧੀ,
ਫਿਰ ਘਰ ਘੁਮਿਆਰਾਂ ਆਏ,
ਪਾਣੀ ਵਿੱਚ ਰਲ ਗਾਰਾ ਹੋਏ,
ਅਸੀਂ ਚੱਕ ਤੇ ਸ਼ੀਸ਼ ਕਟਾਏ,
ਅੱਠ ਪਹਿਰ ਅੱਗ ਹਿਜਰ ਦੀ ਸਾੜੀ,
ਅਸੀਂ ਉੱਥੇ ਰੰਗ ਵਟਾਏ,
ਗਲੀ-ਗਲੀ ਫਿਰ ਦਿੱਤਾ ਹੋਕਾ,
ਫਿਰ ਘਰ ਸੱਜਣਾਂ ਦੇ ਆਏ,
ਰੱਸੀ ਬੰਨ੍ਹ ਫਿਰ ਖ਼ੂਹ ਵਿੱਚ ਲਮਕੇ
ਅਸੀਂ ਗਿਣ-ਗਿਣ ਗੋਤੇ ਲਾਏ,
ਐਨੇ ਦੁੱਖ-ਝੱਲ-ਝੱਲ ਕੇ ਬੁੱਲਿਆ
ਅਸੀਂ ਢਾਕ ਮਹਿਬੂਬ ਦੀ ਆਏ।
ਪੰਜਾਬੀ ਸਾਹਿਤ ਵਿੱਚ ਘੜੇ ਨੂੰ ਅਹਿਮ ਥਾਂ ਦਿੱਤੀ ਗਈ ਹੈ। ਘੜੇ ਤੋਂ ਵਗੈਰ ਸੋਹਣੀ-ਮਹੀਂਵਾਲ ਦਾ ਕਿੱਸਾ ਅਧੂਰਾ ਹੈ। ਪੰਜਾਬੀ ਦੇ ਸਾਹਿਤਕਾਰ ਸੁਖਦੇਵ-ਮਾਦਪੁਰੀ ਨੇ ਸੋਹਣੀ -ਮਹੀਂਵਾਲ ਦੇ ਕਿੱਸੇ ਵਿੱਚ ਘੜੇ ਦਾ ਬਹੁਤ ਖੂਬਸੂਰਤ ਜਿਕਰ ਕੀਤਾ ਹੈ।
ਰਾਤ ਹਨ੍ਹੇਰੀ ਲਿਸ਼ਕਣ ਤਾਰੇ,
ਕੱਚੇ ਘੜੇ ਤੇ ਮੈਂ ਤਰਦੀ,
ਵੇਖੀ ਰੱਬਾ ਖੈਰ ਕਰੀਂ,
ਤੇਰੀ ਆਸ ਤੇ ਮੂਲ ਨਾ ਡਰਦੀ।
ਨਦੀਓਂ ਪਾਰ ਮੇਰੇ ਮਾਹੀਂ ਦਾ ਡੇਰਾ,
ਮੈਨੂੰ ਵੀ ਲੈ ਚੱਲ ਪਾਰ ਘੜਿਆ।
ਵੇਖਣ ਨੂੰ ਦੋਵੇਂ ਨੈਣ ਤਰਸਦੇ,
ਮੇਲ ਦਈਂ ਦਿਲਦਾਰ ਘੜਿਆ
ਪੰਜਾਬੀ ਦੇ ਉੱਘੇ ਸਾਹਿਤਕਾਰ ਜਗਮੋਹਨ ਸਿੰਘ ਨੇ ਸੋਹਣੀ ਅਤੇ ਘੜੇ ਦੀ ਗਾਥਾ ਨੂੰ ਵਰਤ ਕੇ ਮਨੁੱਖੀ ਸੰਘਰਸ਼ ਨੂੰ ਆਪਣੀ ਕਵਿਤਾ ਰਾਹੀਂ ਚਿੱਤਰਿਆ ਹੈ।
ਚੁੱਪ ਰਹਿੰਦਾ ਤਾਂ ਮਿਹਣੇ ਸਹਿੰਦਾ,
ਬੋਲਾਂ ਤਾਂ ਹਥ ਕੜੀਆਂ ਨੇ,
ਇਸ਼ਕ ਤੇਰੇ ਵਿੱਚ ਮੇਰੇ ਯਾਰਾ,
ਦੁਸ਼ਵਾਰੀਆਂ ਵੀ ਬੜੀਆ ਨੇ,
ਨਦੀ ਵੀ ਡੂੰਘੀ ਘੜਾ ਪੁਰਾਣਾ,
ਦੁਬਿਧਾ ਭਰੀਆਂ ਘੜ੍ਹੀਆਂ ਨੇ,
ਜੇ ਰੁਕਦਾਂ ਤਾਂ ਝੂਠਾ ਪੈਂਦਾ,
ਲੋਕਾਂ ਤੂਹਮਤਾਂ ਜੜੀਆਂ ਨੇ,
ਅੰਦਰੋਂ ਔਖਾ ਬਾਹਰੋਂ ਸੌਖਾ,
ਸਾਖੀ ਹੰਝੂ ਝੜੀਆਂ ਨੇ,
ਹਿੰਮਤ ਕਰਕੇ ਠਿਲ੍ਹ ਪੈ ਮਿੱਤਰਾ,
ਦਿਲ ਨੇ ਅੜੀਆਂ ਫੜੀਆਂ ਨੇ।
ਮੁੱਢਲੇ ਕਿੱਸਾਕਾਰ ਸੂਫੀ ਕਵੀ ਫੈਜਲ ਸ਼ਾਹ ਸਈਅਦ ਨੇ ਸੋਹਣੀ ਮਹੀਂਵਾਲ ਦੇ ਕਿੱਸੇ ਵਿੱਚ ਕੱਚੇ ਘੜੇ ਦਾ ਚਿਤਰਨ ਬਹੁਤ ਹੀ ਖੂਬਸੂਰਤੀ ਨਾਲ਼ ਕੀਤਾ ਹੈ-
ਮੁੱਖ ਮੋੜਿਆਂ ਇਸ਼ਕ ਨੂੰ ਲਾਜ ਲੱਗੇ,
ਮਹੀਂਵਾਲ ਤੇ ਜਾਣ ਕੁਰਬਾਨ ਮੀਆਂ,
ਓੜਕ ਬੰਨ੍ਹ ਮੁੰਡਾਸੜਾ ਠਿਲ੍ਹ ਪਈ,
ਕੱਚੇ ਘੜੇ ਉੱਤੇ ਲਾਇਆ ਤਾਨ ਮੀਂਆ,
ਸ਼ਾਲਾ ਮਰੇ ਉਸ ਘੜਾ ਵਟੇਂਦਰੀ ਦਾ
ਜਿਹੜੀ ਅਸਾਂ ਵਿਛੋੜ ਨਿਹਾਲ ਹੋਈ।
ਖ਼ੂਹ ਅਤੇ ਮੁਟਿਆਰ ਨਾਲ਼ ਘੜੇ ਦਾ ਅਟੁਟ ਰਿਸ਼ਤਾ ਰਿਹਾ ਹੈ। ਜਦੋਂ ਮੁਟਿਆਰ ਖ਼ੂਹ ਉੱਪਰ ਪਾਣੀ ਭਰਨ ਜਾਂਦੀ ਸੀ ਤਾਂ ਉਹ ਘਰੋਂ ਦੋ ਘੜੇ ਲੈ ਕੇ ਤੁਰਦੀ ਸੀ। ਰਸਤੇ ਵਿੱਚ ਉਸਨੂੰ ਹੋਰ ਮੁਟਿਆਰਾਂ ਦਾ ਸੰਗ ਮਿਲਦਾ ਜਾਂਦਾ ਸੀ। ਮੁਟਿਆਰਾਂ ਬਾਰੀ-ਬਾਰੀ ਖ਼ੂਹ ਵਿੱਚ ਲੱਜ ਲਮਕਾ ਕੇ ਪਾਣੀ ਕੱਢਦੀਆਂ ਅਤੇ ਆਪਣੇ ਘੜੇ ਭਰ ਲੈਂਦੀਆਂ । ਇੱਕ ਘੜਾ ਸਿਰ ਤੇ ਦੂਜਾ ਢਾਕ ਉੱਪਰ, ਮੁਟਿਆਰ ਦੀ ਤੌਰ ਅੱਗੇ ਇੰਦਰ ਦੇਵਤਾ ਦੀਆਂ ਰਾਣੀਆਂ ਵੀ ਫਿੱਕੀਆਂ ਪੈ ਜਾਂਦੀਆਂ ਸਨ।
ਘੜੇ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਗੱਲ ਕਰਨੀ ਵੀ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਉਹ ਵੀ ਪੰਜਾਬੀ ਸੱਭਿਆਚਾਰ ਦੇ ਅਹਿਮ ਭਾਗ ਹਨ। ਘੜੇ ਪਰਿਵਾਰ ਦੇ ਮੈਂਬਰਾਂ ਦੇ ਵੱਖਰੇ-ਵੱਖਰੇ ਨਾਵਾਂ ਤੋਂ ਪੰਜਾਬੀ ਭਾਸ਼ਾ ਦੀ ਵੰਨਗੀ ਦੀ ਝਲਕ ਵੀ ਨਜ਼ਰ ਆਉਂਦੀ ਹੈ। ਤੌਲਾ, ਚਾਟੀ, ਝੱਕਰੀ, ਝੱਕਰਾ, ਕੁੱਜਾ, ਕੂੰਡਾ, ਚੂੰਗੜਾ, ਸੁਰਾਹੀ ਆਦਿ ਇਹਦੇ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਮੈਂਬਰਾਂ ਦੀ ਬਣਤਰ ਅਤੇ ਵਰਤੋਂ ਵੱਖ-ਵੱਖ ਹੁੰਦੀ ਹੈ। ਇਹਦੇ ਸਮੁੱਚੇ ਪਰਿਵਾਰ ਨਾਲ਼ ਬਹੁਤ ਸਾਰੀਆਂ ਸੱਭਿਆਚਾਰਕ ਰਸਮਾਂ ਅਤੇ ਤਿਉਹਾਰ ਜੁੜੇ ਹੋਏ ਹਨ। “ਕਿਸੇ ਵੀ ਜਿਉਂਦੇ ਜਾਗਦੇ ਪ੍ਰਕ੍ਰਿਤਕ ਸੱਭਿਆਚਾਰ ਲਈ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਇਹ ਕੇਵਲ ਉਹਨਾ ਭੌਤਿਕ ਵਸਤੂਆਂ ਨਾਲ਼ ਸਨੇਹ ਅਤੇ ਜਸ਼ਨਾਂ ਦੀਆਂ ਰਸਮਾਂ ਜੋੜੇ, ਜਿਨ੍ਹਾਂ ਵਸਤੂਆਂ ਨੂੰ ਇਹ ਆਪਣੇ ਨਿੱਤ ਦੇ ਜੀਵਨ ਵਿੱਚ ਬਹੁਤ ਜਿਆਦਾ ਵਰਤਦਾ ਹੈ। ਕੁੱਜੇ ਨਾਲ਼ ਪੰਜਾਬੀ ਸੱਭਿਆਚਾਰ ਦਾ ਪਤੀ-ਪਤਨੀ ਦੇ ਪਿਆਰ ਨੂੰ ਦਰਸਾਉਂਦਾ ਇੱਕ ਖ਼ੂਬਸੂਰਤ ਤਿਉਹਾਰ ‘ਕਰੂਆ’ ਜੁੜਿਆ ਹੈ। ਝੱਕਰੀ ਨਾਲ਼ ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦਾ ਇੱਕ ਭਾਵਨਾਤਮਕ ਤਿਉਹਾਰ ‘ਝੱਕਰੀ’ ਜੁੜਿਆ ਹੈ। ਇਸੇ ਤਰਾਂ ਚੂੰਗੜਿਆਂ ਨਾਲ਼ ਭਾਰਤ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਜੁੜਿਆ ਹੋਇਆ ਹੈ।
ਘੜੇ ਨਾਲ਼ ਪੰਜਾਬੀ ਸੱਭਿਆਚਾਰ ਦੀਆਂ ਅਨੇਕਾਂ ਰਸਮਾਂ ਜੁੜੀਆਂ ਹੋਈਆਂ ਹਨ। ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਵੇਲੇ ਗ੍ਰਹਿਣੀ ਸਿਰ ਉੱਪਰ ਪਾਣੀ ਦਾ ਘੜਾ ਲੈ ਕੇ ਪ੍ਰਵੇਸ਼ ਕਰਦੀ ਹੈ। ਮ੍ਰਿਤ ਪਾਣੀ ਦੀ ਕਿਰਿਆ ਕਰਮ ਵੇਲੇ ਘੜਾ ਭੰਨਿਆ ਜਾਂਦਾ ਹੈ, ਇਸ ਰਕਮ ਨਾਲ਼ ਪੰਚਾਇਤ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ, ਵਿਅਕਤੀ ਮ੍ਰਿਤ ਹੈ, ਇਸਦਾ ਅਗਨੀ ਦੁਆਰਾ ਸੰਸਕਾਰ ਕੀਤਾ ਜਾਵੇ।
ਘੜੇ ਨੂੰ ਬਣਾਉਣ ਵਾਲੀਆਂ ਵਧੇਰੇ ਕਰ ਔਰਤਾਂ ਹੁੰਦੀਆਂ ਹਨ। ਉਹਨਾ ਦੀ ਇਹ ਤਮੰਨਾ ਹੁੰਦੀ ਹੈ ਕਿ ਮੇਰਾ ਬਣਾਇਆ ਘੜਾ ਲੋਕਾਂ ਨੂੰ ਜੀਵਨ ਦਾਨ ਦਿੰਦਾ ਰਹੇ। ਇੱਕ ਖੂਬਸੂਰਤ ਪ੍ਰਸੰਗ ਇਸ ਗੱਲ ਤੇ ਰੋਸ਼ਨੀ ਪਾਉਂਦਾ ਹੈ : ਮਾਰੂਥਲ ਵਿੱਚ ਇੱਕ ਔਰਤ ਜਰਨੈਲੀ ਸੜਕ ਤੇ ਵਣ ਹੇਠਾਂ ਬੈਠੀ ਘੜੇ ਵੇਚ ਰਹੀ ਸੀ। ਉਸ ਕੋਲ ਇੱਕ ਕਾਰ ਆ ਕੇ ਰੁਕੀ। ਕਾਰ ਦੇ ਮਾਲਕ ਨੇ ਸਾਰੇ ਘੜੇ ਖਰੀਦ ਲਏ। ਫੇਰ ਉਸਨੇ ਆਪਣੇ ਡਰਾਈਵਰ ਨੂੰ ਹੁਕਮ ਦਿੱਤਾ ਇੱਕ-ਇੱਕ ਕਰਕੇ ਸਾਰੇ ਘੜੇ ਦੂਰ ਰੇਤ ਤੇ ਰੱਖ ਆਵੇ। ਔਰਤ ਉਤਸੁਕਤਾ ਨਾਲ਼ ਦੇਖ ਰਹੀ ਸੀ। ਡਰਾਈਵਰ ਨੇ ਪਹਿਲਾਂ ਘੜਾ ਰੱਖਿਆ, ਮਾਲਕ ਨੇ ਆਪਣੀ ਬੰਦੂਕ ਨਾਲ਼ ਸਿੰਨ੍ਹ ਕੇ ਨਿਸ਼ਾਨਾ ਮਾਰਿਆ। ਘੜੇ ਦੇ ਟੁੱਟਣ ਦੀ ਆਵਾਜ਼ ਔਰਤ ਦੇ ਹਿੱਕ ਵਿੱਚ ਗੋਲੀ ਵਾਂਗ ਵੱਜੀ। ਉਸਨੇ ਡਰਾਈਵਰ ਦੇ ਹੱਥੋਂ ਦੂਜਾ ਘੜਾ ਖ੍ਹੋ ਲਿਆ ਅਤੇ ਲਏ ਪੈਸੇ ਵਾਪਿਸ ਦਿੰਦੇ ਹੋਏ ਕਹਿਣ ਲੱਗੀ,”ਮੇਰੇ ਘੜੇ ਕੋਈ ਵਪਾਰਿਕ ਵਸਤੂ ਨਹੀਂ, ਇਨ੍ਹਾਂ ਨਾਲ਼ ਮੇਰੀ ਕਿਰਤ, ਕਲਾ ਅਤੇ ਭਾਵਨਾ ਜੂੜੀ ਹੋਈ ਹੈ, ਇਹ ਦੂਸਰਿਆਂ ਨੂੰ ਜੀਵਨ ਦਾਨ ਲਈ ਬਣੇ ਹਨ ਨਾਂ ਕਿ ਭੰਨਣ ਲਈ।
ਵੈਦਿਕ ਸਾਹਿਤ ਅਤੇ ਪਰੰਪਰਾਵਾਂ ਵਿੱਚ ਦੇਵੀਆਂ ਦੇ ਇੱਕ ਹੱਥ ਵਿੱਚ ਕੁੱਜਾ ਰੂਪੀ ਕਲਸ਼ ਹੁੰਦਾ ਹੈ। ਵੇਦਾਂ ਵਿੱਚ ਕਲਸ਼ ਨੂੰ ਜਿੰਦਗੀ ਦਾ ਸਰੋਤ ਕਿਹਾ ਗਿਆ ਹੈ। ਜਦੋਂ ਦੇਵਤਿਆਂ ਅਤੇ ਰਾਖਸ਼ਾਂ ਨੇ ਸਮੁੰਦਰ ਮੰਥਨ ਕੀਤਾ ਸੀ ਤਾਂ ਸੋਮਰਸ ਅਤੇ ਅਮ੍ਰਿਤ ਨੂੰ ਦੋ ਘੜਿਆਂ ਵਿੱਚ ਹੀ ਪਾਇਆ ਸੀ। ਬਾਲਮੀਕ ਰਮਾਇਣ ਅਨੁਸਾਰ ਹਲ ਚਲਾਉਣ ਵੇਲੇ ਰਾਜਾ ਜਨਕ ਨੂੰ ਇੱਕ ਛੋਟੀ ਬੱਚੀ ਘੜੇ ਵਿੱਚ ਪਈ ਮਿਲੀ ਸੀ, ਜੋ ਵੱਡੀ ਹੋ ਕੇ ਸੀਤਾ ਦੇ ਰੂਪ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਅਰਧਾਂਗਨੀ ਬਣੀ। ਸਚਮੁੱਚ ਘੜਾ ਮਨੁੱਖੀ ਇਤਿਹਾਸ ਦੀ ਪਹਿਲੀ ਵਿਗਿਆਨਿਕ ਖੋਜ ਸੀ, ਜਿਸਨੇ ਮਨੁੱਖ ਨੂੰ ਕੱਚੇ ਮਾਸ ਦੇ ਸੇਵਨ ਵਾਲੇ ਪਸ਼ੂ ਜੀਵਨ ਤੋਂ ਪੱਕੇ ਹੋਏ ਮਾਸ ਦੇ ਸੇਵਨ ਵਾਲੇ ਮਨੁੱਖੀ ਜੀਵਨ ਵਿੱਚ ਪ੍ਰਵੇਸ਼ ਕਰਵਾਇਆ। ਘੜੇ ਪਰਿਵਾਰ ਦੀ ਉਤਪਤੀ ਅਤੇ ਵਰਤੋਂ ਆਪਣੇ ਆਪ ਵਿੱਚ ਇੱਕ ਸੰਪੂਰਨ ਸੰਸਕ੍ਰਿਤੀ ਹੈ।