ਨਵੀਂ ਦਿੱਲੀ – ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮੰਗ ਕਰ ਰਹੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਇਕ ਵਾਰ ਫਿਰ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦਿੱਲੀ ਸਰਕਾਰ ਨੇ ਇਸ ਸਾਲ ਵਿਦੇਸ਼ ਜਾਣ ਵਾਲੇ ਲਗਪਗ ਅੱਧੇ ਲੋਕਾਂ ਨੂੰ ਪਰਮਿਟ ਜਾਰੀ ਕਰ ਦਿੱਤੇ ਹਨ। ਦਿੱਲੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਅਮਰੀਕਾ ਅਤੇ ਕੈਨੇਡਾ ਜਾਣ ਵਾਲੇ ਵੱਡੀ ਗਿਣਤੀ ਲੋਕਾਂ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਕਾਰਨ ਇਸ ਸਾਲ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਕਾਫੀ ਮੰਗ ਹੈ। ਦੱਸ ਦਈਏ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਅੰਤਰਰਾਸ਼ਟਰੀ ਉਡਾਣ ਵਿੱਚ ਕੁਝ ਰਿਆਇਤ ਦਿੱਤੀ ਗਈ ਹੈ, ਜਿਸ ਕਾਰਨ ਮੰਗ ਵਧ ਗਈ ਹੈ।
ਕੋਰੋਨਾ ਮਹਾਮਾਰੀ ਦੇ ਕਾਰਨ, ਫਲਾਈਟ ‘ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਸ ਕਾਰਨ ਸਾਲ 2020 ਅਤੇ 2021 ਦੇ ਵਿਚਕਾਰ ਇਸਦੀ ਮੰਗ ਬਹੁਤ ਘੱਟ ਸੀ। ਅੰਕੜਿਆਂ ਦੀ ਗੱਲ ਕਰੀਏ ਤਾਂ ਫਰਵਰੀ ਤੋਂ 7 ਜੂਨ ਤੱਕ 4286 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ ਹਨ।
ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਫਰਵਰੀ ਤੋਂ 7 ਜੂਨ ਦਰਮਿਆਨ ਕੈਨੇਡਾ ਲਈ 986 ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜਾਰੀ ਕੀਤੇ ਗਏ, ਜਦੋਂ ਕਿ ਅਮਰੀਕਾ ਲਈ ਅਜਿਹੇ ਪਰਮਿਟਾਂ ਦੀ ਗਿਣਤੀ 1,150 ਸੀ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਕੈਨੇਡਾ ਲਈ ਫਰਵਰੀ ‘ਚ 116, ਮਾਰਚ ‘ਚ 212, ਅਪ੍ਰੈਲ ‘ਚ 302, ਮਈ ‘ਚ 282 ਪਰਮਿਟ ਜਾਰੀ ਕੀਤੇ ਗਏ ਹਨ। ਇੱਥੇ ਇਸ ਮਹੀਨੇ ਦੇ ਪਹਿਲੇ ਹਫ਼ਤੇ ਇਹ ਅੰਕੜਾ 74 ਤੱਕ ਪਹੁੰਚ ਗਿਆ ਹੈ।