International

ਰੂਸੀ ਫ਼ੌਜ ਤੇ ਵੱਖਵਾਦੀ ਗੁੱਟਾਂ ਨੇ ਮਿਲ ਕੇ ਲਿਸੀਚਾਂਸਕ ਸ਼ਹਿਰ ’ਤੇ ਕੀਤਾ ਕਬਜ਼ਾ

ਕੀਵ  – ਰੂਸੀ ਰੱਖਿਆ ਮੰਤਰੀ ਤੇ ਫ਼ੌਜ ਨੇ ਯੂਕਰੇਨ ਦੇ ਲੁਹਾਂਸਕ ਸੂਬੇ ਦੇ ਅਹਿਮ ਸ਼ਹਿਰ ਲਿਸੀਚਾਂਸਕ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਇਸ ਨਾਲ ਰੂਸ, ਯੂਕਰੇਨ ਦੇ ਡੋਨਬਾਸ ਖ਼ਿੱਤੇ ’ਤੇ ਕਬਜ਼ੇ ਦੇ ਆਪਣੇ ਮਿਸ਼ਨ ’ਚ ਕਾਮਯਾਬ ਹੋਣ ਨੇੜੇ ਪੁੱਜ ਗਿਆ ਹੈ। ਰੂਸੀ ਖ਼ਬਰ ਏਜੰਸੀਆਂ ਮੁਤਾਬਕ ਰੱਖਿਆ ਮੰਤਰੀ ਸੇਰਗੇਈ ਸ਼ੋਇਗੂ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਦੱਸਿਆ ਕਿ ਰੂਸੀ ਫ਼ੌਜ ਨੇ ਸਥਾਨਕ ਵੱਖਵਾਦੀ ਗੁੱਟਾਂ ਨਾਲ ਮਿਲ ਕੇ ਲਿਸੀਚਾਂਸਕ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਯੂਕਰੇਨੀ ਫ਼ੌਜ ਨੇ ਲਿਸੀਚਾਂਸਕ ਨੂੰ ਰੂਸ ਦੇ ਕਬਜ਼ੇ ’ਚ ਜਾਣ ਤੋਂ ਰੋਕਣ ਲਈ ਪੂਰੀ ਮਿਹਨਤ ਕੀਤੀ ਸੀ। ਰਾਸ਼ਟਰਪਤੀ ਦੇ ਸਲਾਹਕਾਰ ਨੂੰ ਸੰਭਾਵਨਾ ਜਤਾਈ ਸੀ ਕਿ ਕੁਝ ਦਿਨਾਂ ਦੇ ਅੰਦਰ ਹੀ ਸ਼ਹਿਰ ਹੱਥੋਂ ਨਿਕਲ ਸਕਦਾ ਹੈ। ਓਲੈਕਸੀ ਆਰਸਟੋਵਿਚ ਨੇ ਆਨਲਾਈਨ ਇੰਟਰਵਿਊ ’ਚ ਕਿਹਾ ਕਿ ਰੂਸੀ ਫ਼ੌਜ ਦਰਿਆ ਨੂੰ ਪਾਰ ਕਰਕੇ ਲਿਸੀਚਾਂਸਕ ’ਚ ਦਾਖ਼ਲ ਹੋ ਚੁੱਕੀ ਹੈ। ਉਂਜ ਯੂਕਰੇਨ ਦੇ ਅਧਿਕਾਰੀਆਂ ਨੇ ਸ਼ਹਿਰ ਦੀ ਸਥਿਤੀ ਬਾਰੇ ਕੋਈ ਫੌਰੀ ਪ੍ਰਤੀਕਰਮ ਨਹੀਂ ਦਿੱਤਾ ਹੈ। ਲੁਹਾਂਸਕ ਦੇ ਗਵਰਨਰ ਨੇ ਕਿਹਾ ਕਿ ਰੂਸੀ ਫ਼ੌਜ ਵੱਲੋਂ ਸੂਬੇ ਦੇ ਆਖਰੀ ਗੜ੍ਹ ਨੂੰ ਕਬਜ਼ੇ ’ਚ ਲੈਣ ਲਈ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ‘ਰੂਸੀ ਫ਼ੌਜ ਨੂੰ ਭਾਵੇਂ ਭਾਰੀ ਨੁਕਸਾਨ ਹੋਇਆ ਹੈ ਪਰ ਉਹ ਲਿਸੀਚਾਂਸਕ ’ਚ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ।’ ਲਿਸੀਚਾਂਸਕ ’ਤੇ ਕਬਜ਼ੇ ਮਗਰੋਂ ਰੂਸੀ ਫ਼ੌਜ ਦਾ ਦੋਨੇਤਸਕ ਸੂਬੇ ਵੱਲ ਜਾਣ ਦਾ ਰਾਹ ਖੁੱਲ੍ਹ ਜਾਵੇਗਾ। ਰੂਸ ਦੇ ਕਬਜ਼ੇ ਵਾਲੇ ਮੇਲਿਟੋਪੋਲ ਦੇ ਜਲਾਵਤਨੀ ਮੇਅਰ ਨੇ ਦਾਅਵਾ ਕੀਤਾ ਕਿ ਯੂਕਰੇਨੀ ਰਾਕੇਟਾਂ ਨੇ ਰੂਸੀ ਫ਼ੌਜ ਦੇ ਚਾਰ ਟਿਕਾਣਿਆਂ ’ਚੋਂ ਇਕ ਨੂੰ ਤਬਾਹ ਕਰ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਯੂਕਰੇਨ ਨੇ ਪੱਛਮੀ ਰੂਸ ਦੇ ਸ਼ਹਿਰਾਂ ਕੁਰਸਕ ਤੇ ਬੇਲਗੋਰੋਡ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਪਰ ਉਨ੍ਹਾਂ ਨੂੰ ਡੇਗ ਲਿਆ ਗਿਆ।

Related posts

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin