CultureArticlesAustralia & New ZealandBreaking NewsLatest News

ਭਾਰਤੀ ਅਤੇ ਚੀਨੀ ਕਲਾਕਾਰ ਮੈਲਬੌਰਨ ਵਿੱਚ ਕਲਾ ਅਤੇ ਨਾਚ ਦਾ ਰੰਗ ਜਮਾਉਣਗੇ

‘ਅਰਾਵਾਨੀ ਆਰਟ ਪ੍ਰੋਜੈਕਟ’ ਅਤੇ ਚੀਨ ਦੀ ਸਮਕਾਲੀ ਨਾਚ ਸੰਸਥਾ ‘ਯਿੰਗ ਡਾਂਸ ਥੀਏਟਰ’, ‘ਏਸ਼ੀਆ ਟੋਪਾ ਰਡਾਰ: ਕਮ ਟੁਗੈਦਰ’ ਸਮਾਗਮ ਦਾ ਮੁੱਖ ਆਕਰਸ਼ਣ ਹੋਣਗੇ।

ਮੈਲਬੌਰਨ – ਭਾਰਤ ਦੀ ਟ੍ਰਾਂਸਜੈਂਡਰ ਅਤੇ ਸਿਸਜੈਂਡਰ ਮਹਿਲਾ ਕਲਾਕਾਰਾਂ ਦੀ ਸੰਸਥਾ ‘ਅਰਾਵਾਨੀ ਆਰਟ ਪ੍ਰੋਜੈਕਟ’ ਅਤੇ ਚੀਨ ਦੀ ਸਮਕਾਲੀ ਨਾਚ ਸੰਸਥਾ ‘ਯਿੰਗ ਡਾਂਸ ਥੀਏਟਰ’ ਅਗਲੇ ਮਹੀਨੇ ਮੈਲਬੌਰਨ ਵਿੱਚ ਆਪਣੇ ਕਲਾ ਪ੍ਰਦਰਸ਼ਨ ਪੇਸ਼ ਕਰਨਗੀਆਂ।

ਇਹ ਦੋਵੇਂ ਕਲਾਕਾਰੀ ਸਮੂਹ 26 ਨਵੰਬਰ 2026 ਨੂੰ ਆਰਟਸ ਸੈਂਟਰ ਮੈਲਬੌਰਨ ਵਿੱਚ ਹੋਣ ਵਾਲੇ ‘ਏਸ਼ੀਆ ਟੋਪਾ ਰਡਾਰ: ਕਮ ਟੁਗੈਦਰ’ ਸਮਾਗਮ ਦਾ ਮੁੱਖ ਆਕਰਸ਼ਣ ਹੋਣਗੇ। ਇੰਡੋਨੇਸ਼ੀਆਈ-ਆਸਟ੍ਰੇਲੀਅਨ ਕਲਾ ਸਮੂਹ ‘ਨੋਂਗਕਰੋਂਗ’ ਵੀ ਸੰਗੀਤ, ਖਾਣੇ ਅਤੇ ਨਾਚ ਰਾਹੀਂ ਆਪਣੀ ਕਲਾ ਅਤੇ ਸੱਭਿਆਚਾਰ ਪੇਸ਼ ਕਰੇਗਾ।

ਭਾਰਤ ਦੇ ਬੈਂਗਲੁਰੂ ਵਿੱਚ ਆਧਾਰਿਤ ਅਰਾਵਾਨੀ ਆਰਟ ਪ੍ਰੋਜੈਕਟ ਰੰਗ-ਬਿਰੰਗੀਆਂ ਕੰਧ ਚਿੱਤਰਕਲਾਵਾਂ, ਕੈਨਵਸ ਪੇਂਟਿੰਗਾਂ, ਕੱਪੜਿਆਂ ਨਾਲ ਬਣੀਆਂ ਕਲਾਕ੍ਰਿਤੀਆਂ ਅਤੇ ਹੋਰ ਪ੍ਰਦਰਸ਼ਨਾਂ ਲਈ ਜਾਣਿਆ ਜਾਂਦਾ ਹੈ। ਇਹ ਸਮੂਹ ਖ਼ਾਸ ਤੌਰ ’ਤੇ ਟ੍ਰਾਂਸਜੈਂਡਰ ਮਹਿਲਾਵਾਂ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ, ਤਜਰਬਿਆਂ ਅਤੇ ਸੱਭਿਆਚਾਰਕ ਪਛਾਣ ਨੂੰ ਕਲਾ ਰਾਹੀਂ ਸਾਹਮਣੇ ਲਿਆਉਂਦਾ ਹੈ। ਇਸ ਦੀਆਂ ਕਲਾਕ੍ਰਿਤੀਆਂ ਵੇਨਿਸ ਬਿਏਨਾਲੇ ਅਤੇ ਕੋਚੀ-ਮੁਜ਼ਿਰਿਸ ਬਿਏਨਾਲੇ ਵਰਗੇ ਅੰਤਰਰਾਸ਼ਟਰੀ ਕਲਾ ਸਮਾਗਮਾਂ ਵਿੱਚ ਵੀ ਦਿਖਾਈਆਂ ਜਾ ਚੁੱਕੀਆਂ ਹਨ। ਚੀਨ ਦੇ ਬੀਜਿੰਗ ਵਿੱਚ ਸਥਾਪਿਤ ਯਿੰਗ ਡਾਂਸ ਥੀਏਟਰ ਰਵਾਇਤੀ ਚੀਨੀ ਸੱਭਿਆਚਾਰ ਅਤੇ ਆਧੁਨਿਕ ਨਾਚ ਨੂੰ ਮਿਲਾ ਕੇ ਨਵੇਂ ਪ੍ਰਦਰਸ਼ਨ ਤਿਆਰ ਕਰਦਾ ਹੈ। ਇਸ ਦੀ ਕਲਾ ਵਿੱਚ ਪਿਆਰ, ਕੁਦਰਤ, ਸਮਾਂ, ਲੋਕ-ਕਥਾਵਾਂ ਅਤੇ ਮਨੁੱਖੀ ਜੀਵਨ ਵਰਗੇ ਵਿਸ਼ਿਆਂ ਨੂੰ ਦਰਸਾਇਆ ਜਾਂਦਾ ਹੈ।

ਏਸ਼ੀਆ ਟੋਪਾ ਦੇ ਕ੍ਰੀਏਟਿਵ ਡਾਇਰੈਕਟਰ ਜੈਫ ਖਾਨ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਇਨ੍ਹਾਂ ਕਲਾਕਾਰੀ ਸਮੂਹਾਂ ਨੂੰ ਮੈਲਬਰਨ ਲਿਆਉਣਾ ਏਸ਼ੀਆ-ਪੈਸਿਫਿਕ ਖੇਤਰ ਦੀ ਕਲਾ ਨੂੰ ਸਥਾਨਕ ਭਾਈਚਾਰਿਆਂ ਨਾਲ ਜੋੜਨ ਦਾ ਮਹੱਤਵਪੂਰਨ ਮੌਕਾ ਹੈ।

ਦੋਵੇਂ ਸਮੂਹ ਮੈਲਬੌਰਨ ਵਿੱਚ ਲਗਭਗ ਦੋ ਹਫ਼ਤੇ ਬਿਤਾਉਣਗੇ। ਇਸ ਦੌਰਾਨ ਉਹ ਸਥਾਨਕ ਕਲਾਕਾਰਾਂ ਅਤੇ ਭਾਈਚਾਰਿਆਂ ਨਾਲ ਮੁਲਾਕਾਤਾਂ ਕਰਨਗੇ ਅਤੇ ਭਵਿੱਖ ਦੇ ਕਲਾ ਪ੍ਰੋਜੈਕਟਾਂ ਲਈ ਖੋਜ ਕਰਨਗੇ। ਏਸ਼ੀਆ ਟੋਪਾ ਦਾ ਮੁੱਖ ਤਿਉਹਾਰ 2028 ਵਿੱਚ ਮੁੜ ਕਰਵਾਇਆ ਜਾਵੇਗਾ। ਇਸ ਦਾ ਉਦੇਸ਼ ਏਸ਼ੀਆ-ਪੈਸਿਫਿਕ ਖੇਤਰ ਦੀ ਕਲਾ, ਨਾਚ ਅਤੇ ਸੱਭਿਆਚਾਰ ਨੂੰ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣਾ ਹੈ।

Related posts

ਟੀਟੀਪੀ ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ ਤਾਲਿਬਾਨ

Bunty

ਕੈਮਿਲ ਕਿੰਗਸਟਨ ਬਣੀ ਵਿਕਟੋਰੀਆ ਦੇ ਖਜ਼ਾਨਾ ਅਤੇ ਵਿੱਤ ਵਿਭਾਗ ਦੀ ਨਵੀਂ ਸਕੱਤਰ

admin

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਸਥਿਤੀ ਤਣਾਅਪੂਰਨ

admin