ArticlesBreaking NewsLatest NewsPunjab

ਪੰਜਾਬ ਵਿਧਾਨ ਸਭਾ ‘ਚ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਮਤਾ ਪਾਸ: ਸਦਨ 27 ਅਕਤੂਬਰ ਤੱਕ ਮੁਲਤਵੀ

ਪੰਜਾਬ ਵਿਧਾਨ ਸਭਾ 'ਚ ਸਦਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮਤਾ ਪਾਸ ਕੀਤਾ।

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਭਾਰੀ ਹੰਗਾਮਾ ਹੋ ਗਿਆ। ਕਾਰਵਾਈ ਦੀ ਸ਼ੁਰੂਆਤ ‘ਤੇ ਹੀ ਕਾਂਗਰਸ ਨੇ ਮੰਗ ਕੀਤੀ ਕਿ ਸਰਕਾਰ ਸਭ ਤੋਂ ਪਹਿਲਾਂ ਸੂਬੇ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਵਾਵੇ। ਕਾਂਗਰਸੀ ਵਿਧਾਇਕ ਲਾਹਨਤ ਪੱਤਰ ਲੈ ਕੇ ਵਿਧਾਨ ਸਭਾ ਪਹੁੰਚੇ।

ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਸੂਬੇ ਵਿੱਚ ਨਸ਼ਾ ਮਾਫੀਆ ਦੀ ਸਰਪਰਸਤੀ ਕੀਤੀ ਅਤੇ ਪੰਜਾਬ ਸਿਰ ਕਰਜ਼ੇ ਦਾ ਬੋਝ ਵਧਾਇਆ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ ਅਤੇ ਮਾਈਨਿੰਗ ਨੂੰ ਰੋਕਣ ਵਿੱਚ ਨਾਕਾਮ ਰਹੇ ਹਨ ਇਸ ਤੋਂ ਇਲਾਵਾ ਕਿਸਾਨੀ ਮੁੱਦਿਆਂ ਅਤੇ ਪੰਜਾਬ ਦੇ ਡੈਮਾਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਉਹ ਇਹ ਲਾਹਣਤ ਪੱਤਰ ਪੰਜਾਬ ਸਰਕਾਰ ਨੂੰ ਸੌਂਪਣ ਲਈ ਆਏ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਇਨਾ ਜਨਤਕ ਮੁੱਦਿਆਂ ਉੱਤੇ ਵਿਚਾਰ ਚਰਚਾ ਕਰਵਾਉਣ ਤੋਂ ਭੱਜ ਰਹੀ ਹੈ ਪਰ ਕਾਂਗਰਸ ਪਾਰਟੀ ਜਦੋਂ ਤੱਕ ਇਹਨਾਂ ਮੁੱਦਿਆਂ ਉੱਤੇ ਚਰਚਾ ਨਹੀਂ ਹੁੰਦੀ ਵਿਧਾਨ ਸਭਾ ਦਾ ਇਜਲਾਸ ਨਹੀਂ ਚੱਲਣ ਦਵੇਗੀ। ਉਹਨਾਂ ਕਿਹਾ ਕਿ ਲੰਘੇ ਦਿਨ ਵੀ ਪੰਜਾਬ ਸਰਕਾਰ ਸਿਰਫ ਨੌ ਮਿੰਟਾਂ ਵਿੱਚ ਵਿਧਾਨ ਸਭਾ ਦਾ ਇਜਲਾਸ ਖਤਮ ਕਰਵਾ ਕੇ ਭੱਜ ਗਈ ਸੀ। ਇਸ ਦੌਰਾਨ ਜਦੋਂ ਮੰਗ ਨਾ ਮੰਨੀ ਗਈ ਤਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚੋਂ ਵਾਕ ਆਊਟ ਕਰ ਦਿੱਤਾ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਸੰਤੀ ਪੱਗਾ ਬੰਨ੍ਹ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਭਗੌੜੇ, ਦਿੱਲੀ ਦੇ ਧਾੜਵੀ ਅਤੇ ਦਿੱਲੀ ਤੋਂ ਨਕਾਰੇ ਹੋਏ ਲੀਡਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦਾ ਕਲਾਕਾਰ ਹੋਣ ਦੇ ਨਾਤੇ ਬਹੁਤ ਇੱਜ਼ਤ ਕਰਦੇ ਸੀ ਪਰ ਜੋ ਪੰਜਾਬ ਨਾਲ ਤੁਸੀਂ ਤੇ ਤੁਹਾਡੀ ਧਾੜਵੀ ਟੀਮ ਨੇ ਕੀਤਾ, ਉਹ ਬਹੁਤ ਮਾੜਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲੋਕ ਕਦੋਂ ਉਠਦੇ ਹਨ, ਜਦੋਂ ਸੂਬੇ ਵਿਚ ਲੋਕਤੰਤਰ ਖਤਮ ਹੋ ਜਾਂਦਾ ਹੈ, ਕੇਂਦਰ ਵਿਚ ਮੋਦੀ ਸਰਕਾਰ ਤੇ ਪੰਜਾਬ ਵਿਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਤੰਤਰ ਖਤਮ ਕਰ ਦਿੱਤਾ ਹੈ। ਨਸ਼ੇ ‘ਤੇ ਸਵਾਲ ਪੁੱਛਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਈ. ਡੀ. ਨੇ 10 ਹਜ਼ਾਰ ਕਰੋੜ ਦਾ ਘੁਟਾਲਾ ਲੱਭਿਆ। ਅੱਜ ਜਿਹੜੀ ਬਿਊਰੋਕ੍ਰੇਸੀ ਵਿਚ ਗਿਰਾਵਟ ਆਈ ਹੈ, ਇਹ ਦੇਸ਼ ਲਈ ਸ਼ਰਮ ਦੀ ਗੱਲ ਹੈ। ਅਸਲੀਅਤ ਤਾਂ ਇਹ ਹੈ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ। ਪਰਗਟ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਲਾਹਣਤੀ ਪੱਤਰ ਲੈ ਕੇ ਆਏ ਸੀ, ਜਿਸ ਨੂੰ ਉਹ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਸੌਂਪਣਾ ਚਾਹੁੰਦੇ ਸੀ ਪਰ ਇਹ ਦੋਵੇਂ ਭਗੌੜੇ ਹਨ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਾਂਗਰਸ ਨੇ ਲਗਾਤਾਰ ਦੂਜੇ ਦਿਨ ਵੀ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ‘ਚ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਕਾਂਗਰਸ ਆਪਣਾ ਵਿਰੋਧ ਜਾਰੀ ਰੱਖੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਦਨ ‘ਚ ਮੌਜੂਦ ਹੋਣ ਦੇ ਬਾਵਜੂਦ ਲੋਕਾਂ ਦੇ ਮੁੱਦਿਆਂ ’ਤੇ ਜਵਾਬ ਦੇਣ ਲਈ ਤਿਆਰ ਨਹੀਂ ਹਨ।

ਪੰਜਾਬ ਵਿਧਾਨ ਸਭਾ ਚ ਅੱਜ ਪ੍ਰਸ਼ਨ ਕਾਲ ਦੌਰਾਨ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾਂਦੀ ਲੁੱਟ ਨੂੰ ਰੋਕਣ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਦੀ ਮੰਗ ਰੱਖੀ। ਕੁਲਵੰਤ ਸਿੰਘ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਿੰਨਾਂ ਹਸਪਤਾਲਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ ਉਨ੍ਹਾਂ ਤੇ ਕਮਜ਼ੋਰ ਵਰਗ ਦੇ ਕੁੱਝ ਫ਼ੀਸਦੀ ਮਰੀਜ਼ਾਂ ਨੂੰ ਮੁਫ਼ਤ ਇਲਾਜ ਕਰਨ ਦੀ ਸ਼ਰਤ ਲਗਾਈ ਗਈ ਸੀ। ਸਿਹਤ ਮੰਤਰੀ ਬਲਬੀਰ ਸਿੰਘ ਨੇ ਸਵਾਲ ਦੇ ਜਵਾਬ ਚ ਦੱਸਿਆ ਕਿ ਸਿਹਤ ਵਿਭਾਗ ਵੱਲੋਂ 5 ਅਗਸਤ 2009 ਨੂੰ ਮੈਕਸ ਹਸਪਤਾਲ ਮੁਹਾਲੀ ਨੂੰ ਪੀ ਪੀ ਪੀ ਮੋਡ ’ਚ ਸਮਝੌਤਾ ਕੀਤਾ ਗਿਆ ਸੀ ਜਿਸ ਅਨੁਸਾਰ ਹਸਪਤਾਲ ਦੀ ਕੁੱਲ ਕਮਾਈ ਦਾ 5 ਫੀਸਦੀ ਹਿੱਸਾ ਐਸਕ੍ਰੋ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ । ਮੰਤਰੀ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਕਮਜ਼ੋਰ ਵਰਗ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਨਹੀਂ ਦਿੱਤਾ ਜਾਂਦਾ ਹੈ ।

ਪੰਜਾਬ ਵਿਧਾਨ ਸਭਾ ‘ਚ ਅੱਜ ਸਦਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮਤਾ ਪਾਸ ਕੀਤਾ ਅਤੇ ਵੋਟਰ ਸੂਚੀਆਂ ‘ਚ ਬੇਨਿਯਮੀਆਂ ਦੀ ਸੁਤੰਤਰ ਜਾਂਚ ਅਤੇ ਮੁੱਖ ਚੋਣ ਕਮਿਸ਼ਨਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ ਅਤੇ ਸਦਨ ਵਿੱਚ ਬਹਿਸ ਮਗਰੋਂ ਮਤਾ ਪਾਸ ਹੋ ਗਿਆ। ਇਸ ਮੌਕੇ ਭਾਜਪਾ ਅਤੇ ਕਾਂਗਰਸ ਦੇ ਵਿਧਾਇਕ ਗੈਰ ਹਾਜ਼ਰ ਰਹੇ। ਪੇਸ਼ ਮਤੇ ਚ ਸਦਨ ਨੇ ਨਾਗਰਿਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਕਥਿਤ ਤੌਰ ‘ਤੇ ਵਾਂਝੇ ਕੀਤੇ ਜਾਣ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਸਦਨ ਨੇ ਮੰਗ ਕੀਤੀ ਕਿ ਸਾਰੇ ਯੋਗ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਦੀ ਸੰਵਿਧਾਨਕ ਸੁਰੱਖਿਆ ਯਕੀਨੀ ਬਣਾਈ ਜਾਵੇ। ਸਦਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨਾਲ ਸੰਬੰਧਿਤ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਇੱਕ ਸੁਤੰਤਰ, ਨਿਰਪੱਖ ਅਤੇ ਭਰੋਸੇਯੋਗ ਜਾਂਚ ਤੰਤਰ ਸਥਾਪਤ ਕਰਨ ਦੀ ਮੰਗ ਕੀਤੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਜਵਾਬਦੇਹੀ ਤਹਿ ਹੋ ਸਕੇ। ਜੇਕਰ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਵਿਰੁੱਧ ਅਪਰਾਧਿਕ ਉਲੰਘਣਾ ਦੇ ਪੁਖ਼ਤਾ ਸਬੂਤ ਸਾਹਮਣੇ ਆਉਂਦੇ ਹਨ, ਤਾਂ ਉਸ ਵਿਰੁੱਧ ਲਾਗੂ ਕਾਨੂੰਨ ਅਨੁਸਾਰ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇ। ਸਦਨ ਨੇ ਕੇਂਦਰ ਸਰਕਾਰ ਅਤੇ ਸੰਬੰਧਿਤ ਸੰਵਿਧਾਨਕ ਅਥਾਰਟੀਜ਼ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀ ਆਜ਼ਾਦੀ, ਨਿਰਪੱਖਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇ ਅਤੇ ਇਸ ਮਤੇ ਦੀ ਕਾਪੀ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਅਗਲੀ ਢੁਕਵੀਂ ਕਾਰਵਾਈ ਲਈ ਭੇਜੀ ਜਾਵੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋਸ਼ ਲਗਾਇਆ ਕਿ ਪੈਰਿਸ ਤੋਂ ਵਾਪਸੀ ‘ਤੇ ਉਨ੍ਹਾਂ ਨੂੰ ਦਿੱਲੀ ਦੇ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਕਰੀਬ ਦੋ ਘੰਟੇ ਤੱਕ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਨੇ ਇਸ ਘਟਨਾ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨਾਲ ਜੋੜਿਆ ਹੈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਇਹ ਕਾਰਵਾਈ ਗਿਆਨੇਸ਼ ਕੁਮਾਰ ਵਿਰੁੱਧ ‘ਆਪ’ ਦੇ ਰੁਖ਼ ਦੇ ਬਦਲੇ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਸੀਨੀਅਰ ਕਸਟਮ ਅਧਿਕਾਰੀ ਮਨੀਸ਼ ਕੁਮਾਰ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੇ ਮੁਤਾਬਕ ਗਿਆਨੇਸ਼ ਕੁਮਾਰ ਦੇ ਭਰਾ ਹਨ। ਰਿਪੋਰਟਾਂ ਅਨੁਸਾਰ, ਕਸਟਮ ਅਧਿਕਾਰੀਆਂ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦੇ ਸਾਮਾਨ ਦੀ ਚੈਕਿੰਗ ਕੀਤੀ ਸੀ ਅਤੇ ਬਾਅਦ ਵਿੱਚ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ‘ਆਪ’ ਨੇ ਦੋਸ਼ ਲਗਾਇਆ ਕਿ ਮਾਨ ਨੂੰ ਬਾਹਰ ਜਾਣ ਦੀ ਇਜਾਜ਼ਤ ਮਿਲਣ ਤੋਂ ਪਹਿਲਾਂ ਹਵਾਈ ਅੱਡੇ ‘ਤੇ ਦੋ ਘੰਟੇ ਤੋਂ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਘਟਨਾ ਕਾਰਨ ‘ਆਪ’ ਅਤੇ ਭਾਜਪਾ ਵਿਚਕਾਰ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਕੇਂਦਰੀ ਏਜੰਸੀਆਂ ਅਤੇ ਅਧਿਕਾਰੀਆਂ ਦੀ ਵਰਤੋਂ ਉਨ੍ਹਾਂ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਭਾਜਪਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਪੋਸਟ ਕੀਤਾ ਜਾ ਰਿਹਾ ਹੈ ਕਿ ਮਾਨ ਦੇ ਸਾਮਾਨ ਵਿੱਚੋਂ ਡਿਜ਼ਾਈਨਰ ਜੁੱਤੇ, ਬੈਲਟ ਅਤੇ ਹੋਰ ਮਹਿੰਗੇ ਸਮਾਨ ਬਰਾਮਦ ਕੀਤੇ ਗਏ ਹਨ।

Related posts

ਮਿਲਕਫੈਡ ਵਲੋਂ ਦੁੱਧ ਦੇ ਖਰੀਦ ਭਾਅ ਵਿੱਚ 21 ਮਈ ਤੋਂ 55 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ: ਹਰਪਾਲ ਸਿੰਘ ਚੀਮਾ

Bunty

ਛੱਤੀਸਗਡ਼੍ਹ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ ਨੇ ਕੀਤੀ ਆਤਮ ਹੱਤਿਆ

Bunty

ਆਸਟ੍ਰੇਲੀਅਨ ਰੀਸਰਚ : ਮਨੁੱਖੀ ਜਲਵਾਯੂ ਪ੍ਰੀਵਰਤਨ ਨਾਲ 2023 ‘ਚ 1 ਲੱਖ ਮੌਤਾਂ ਹੋਈਆਂ !

admin