ਭੋਪਾਲ – ਨੈਸ਼ਨਲ ਹੈਰਲਡ ਦੀ ਭੋਪਾਲ ਦੇ ਮਹਾਰਾਣਾ ਪ੍ਰਤਾਪ ਨਗਰ ਸਥਿਤ ਅੰਦਾਜ਼ਨ ਤਿੰਨ ਸੌ ਕਰੋਡ਼ ਰੁਪਏ ਦੀ ਜਾਇਦਾਦ ਨੂੰ ਮੱਧ ਪ੍ਰਦੇਸ਼ ਸਰਕਾਰ ਜ਼ਬਤ ਕਰ ਸਕਦੀ ਹੈ। ਇਹ ਜਾਇਦਾਦ ਨੈਸ਼ਨਲ ਹੈਰਲਡ ਅਖ਼ਬਾਰ ਦੇ ਪ੍ਰਕਾਸ਼ਨ ਲਈ 30 ਸਾਲ ਦੀ ਲੀਜ਼ ’ਤੇ ਦਿੱਤੀ ਗਈ ਸੀ। ਇਸ ਵਿਚ ਸ਼ਰਤ ਇਹ ਸੀ ਕਿ ਇਕ ਏਕਡ਼ ਜ਼ਮੀਨ ਦੀ ਵਰਤੋਂ ਦੂਜੇ ਕੰਮ ਲਈ ਨਹੀਂ ਕੀਤੀ ਜਾ ਸਕਦੀ ਪਰ ਇਸਨੂੰ ਵੇਚ ਦਿੱਤਾ ਗਿਆ।
ਭੋਪਾਲ ਵਿਕਾਸ ਅਥਾਰਟੀ ਨੇ ਲੀਜ਼ ਦੀ ਸ਼ਰਤ ਦੀ ਉਲੰਘਣਾ ਕਰਨ ’ਤੇ ਇਸਦਾ ਨਵੀਨੀਕਰਨ ਨਾ ਕਰਦੇ ਹੋਏ ਇਸਨੂੰ ਰੱਦ ਕਰਨ ਦੀ ਕਾਰਵਾਈ ਕੀਤੀ ਸੀ ਪਰ ਮਾਮਲਾ ਅਦਾਲਤ ’ਚ ਪਹੁੰਚ ਗਿਆ। ਸਰਕਾਰ ਨੇ ਇਸ ਮਾਮਲੇ ’ਚ ਕਾਨੂੰਨੀ ਪੱਖਾਂ ਦੀ ਜਾਂਚ ਕਰਾਈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਅਦਾਲਤ ਨੇ ਜਾਇਦਾਦ ਦੀ ਜ਼ਬਤੀ ’ਤੇ ਕੋਈ ਰੋਕ ਨਹੀਂ ਲਾਈ ਹੈ। ਇਸੇ ਨੂੰ ਵੇਖਦੇ ਹੋਏ ਜਾਇਦਾਦ ਨੂੰ ਜ਼ਬਤ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ਦੇ ਨਗਰ ਵਿਕਾਸ ਤੇ ਆਵਾਸ ਮੰਤਰੀ ਭੂਪੇਂਦਰ ਸਿੰਘ ਨੇ ਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹੈਰਲਡ ਦੀ ਜਾਇਦਾਦ ਨੂੰ ਜ਼ਬਤ ਨਾ ਕਰਨ ਵਰਗਾ ਕੋਈ ਹੁਕਮ ਕਿਸੇ ਵੀ ਅਦਾਲਤ ਵੱਲੋਂ ਨਹੀਂ ਦਿੱਤਾ ਗਿਆ ਹੈ, ਇਸ ਲਈ ਜਾਂਚ ਕਰਾ ਰਹੇ ਹਾਂ। ਜਿਹਡ਼ੇ ਅਧਿਕਾਰੀਆਂ ਦੇ ਕਾਰਜਕਾਲ ’ਚ ਨੈਸ਼ਨਲ ਹੈਰਲਡ ਦੀ ਜਾਇਦਾਦ ਨੂੰ ਵਪਾਰਕ ਵਰਤੋਂ ਲਈ ਵੇਚਿਆ ਗਿਆ ਤੇ ਲੀਜ਼ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ, ਉਨ੍ਹਾਂ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਾ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।