Articles

ਅਹਿਮੀਅਤ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕਈ ਲੋਕਾਂ ਨੂੰ ਇਹ ਮੁਗ਼ਾਲਤਾ ਜਾਂਦਾ ਹੈ ਕਿ ਉਹ ਦੂਸਰਿਆਂ ਵਾਸਤੇ ਬਹੁਤ ਅਹਿਮ ਹਨ ਜਦ ਕਿ ਅਜਿਹਾ ਕੁੱਜ ਵੀ ਨਹੀਂ ਹੁੰਦਾ । ਦਰਅਸਲ ਅਹਿਮੀਅਤ ਮਨੁੱਖੀ ਲੋੜ ਨਾਲ ਬੱਝੀ ਹੋਈ ਹੈ, ਜਿਸ ਨੂੰ ਜਿੰਨੀ ਕਿਸੇ ਦੀ ਲੋੜ ਹੈ, ਉਹ ਓਨੀ ਹੀ ਉਸ ਨੂੰ ਅਹਿਮੀਅਤ ਦੇਵੇਗਾ । ਜੇਕਰ ਮੇਰੀ ਗੱਲ ‘ਤੇ ਯਕੀਨ ਨਹੀਂ ਤਾਂ ਇਕ ਤਜਰਬਾ ਕਰਕੇ ਦੇਖ ਲਓ । ਕੁੱਜ ਕੁ ਦਿਨ ਰੁਪੋਸ਼ ਹੋ ਜਾਓ, ਰਿਸ਼ਤੇਦਾਰਾਂ, ਦੋਸਤਾਂ ਤੇ ਸਕੇ ਸੰਬੰਧੀਆਂ ਦੀ ਨਜ਼ਰ ਤੋ ਓਝਲ ਹੋ ਜਾਓ, ਜੇਕਰ ਸ਼ੋਸ਼ਲ ਮੀਡੀਏ ‘ਤੇ ਡੇਰਾ ਜਮਾਈਏ ਰੱਖਦੇ ਹੋ ਤਾਂ ਕੁੱਜ ਦਿਨਾਂ ਵਾਸਤੇ ਇਸ ਦਾ ਸਵਿਚ ਬੰਦ ਕਰ ਦਿਓ, ਤੁਸੀਂ ਦੇਖੋਗੇ ਕਿ ਬਹੁਤ ਛੇਤੀਂ ਲੋਕ ਤੁਹਾਡਾ ਨਾਮ ਵੀ ਭੁੱਲ ਜਾਣਗੇ । ਇਹ ਦੁਨੀਆ ਦਰਅਸਲ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ , ਜਦ ਸੂਰਜ ਸ਼ਾਮ ਨੂੰ ਛਿਪ ਜਾਂਦਾ ਹੈ ਤਾਂ ਰਾਤ ਵੇਲੇ ਕੋਈ ਵੀ ਸੂਰਜ ਦੀਆਂ ਗੱਲਾਂ ਨਹੀਂ ਕਰਦਾ, ਚੰਦ ਸਿਤਾਰਿਆਂ ਦੀ ਬਾਤ ਹੀ ਪਾਈ ਜਾਂਦੀ ਹੈ । ਇਸੇ ਤਰਾਂ ਦਿਨੇ ਹੁੰਦਾ ਹੈ । ਅਰਥਾਤ ਜੋ ਸਾਹਮਣੇ ਹੈ, ਸਲਾਮ ਉਸੇ ਨੂੰ ਹੈ ।
ਪੰਜਾਬੀ ਵਿੱਚ ਇਕ ਕਹਾਵਤ ਹੈ ਕਿ “ਅੱਜ ਮਰੇ, ਕੱਲ੍ਹ ਦੂਜਾ ਦਿਨ” ਇਹ ਕਹਾਵਤ ਦੇਖਣ ਬੋਲਣ ਨੂੰ ਬਹੁਤ ਸਧਾਰਨ ਜਿਹੀ ਲਗਦੀ ਹੈ ਪਰ ਅਸਲੀਅਤ ਇਹ ਹੈ ਕਿ ਇਹ ਕਹਾਵਤ ਆਪਣੇ ਅੰਦਰ ਦੁਨੀਆ ਦੀ ਫ਼ਿਤਰਤ ਦਾ ਬਹੁਤ ਕੌੜਾ ਸੱਚ ਲਕੋਈ ਬੈਠੀ ਹੈ । ਇਸ ਦੇ ਅਰਥ ਵੀ ਓਹੀ ਹਨ ਕਿ ਜੋ ਦੁਨੀਆ ਤੋ ਚੱਲ ਗਿਆ, ਉਹ ਸਭਨਾ ਨੂੰ ਬੜੀ ਛੇਤੀ ਭੁੱਲ ਜਾਂਦਾ ਹੈ । ਜਿਸ ਦੀ ਇਸ ਜੱਗ ਵਿੱਚ ਪੂਰੀ ਤੂਤੀ ਬੋਲਦੀ ਸੀ ਉਹ ਬਹੁਤ ਛੇਤੀ ਲੋਕਾਂ ਦੇ ਚੇਤਿਆ ਵਿੱਚੋਂ ਵੀ ਵਿੱਸਰ ਜਾਂਦਾ ਹੈ । ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਮਿੱਤਰ ਤੇ ਸਮਾਜਿਕ ਭਾਈਚਾਰਾ ਕੁੱਜ ਦਿਨਾਂ ਦਾ ਸੋਗ ਮਨਾਉਣ ਤੋ ਬਾਅਦ ਆਪਣੇ ਨਿੱਤ ਦੇ ਕਾਰੋਬਾਰਾਂ ਚ ਰੁੱਝ ਜਾਂਦੇ ਹਨ ਤੇ ਫਿਰ ਪਤਾ ਹੀ ਨਹੀਂ ਲਗਦਾ ਦੁਨੀਆ ਤੋ ਕੂਚ ਕਰ ਜਾਣ ਵਾਲੇ ਦਾ ਸਭਨਾ ਨੂੰ ਚੇਤਾ ਕਿਵੇਂ ਭੁੱਲ ਗਿਆ ।
ਕਿਸੇ ਨੇ ਸਿਆਣੇ ਨੂੰ ਪੁੱਛਿਆ ਕਿ ਦੁਨੀਆ ਕਿਵੇਂ ਚਲਦੀ ਹੈ ਤਾਂ ਸਿਆਣੇ ਨੇ ਬਹੁਤ ਵਧੀਆ ਉੱਤਰ ਦਿੱਤਾ ਕਿ ਦੁਨੀਆ ਨਾ ਹੀ ਪਿਆਰ ਨਾਲ ਚਲਦੀ ਹੈ ਤੇ ਨਾ ਹੀ ਸਤਿਕਾਰ ਨਾਲ, ਨਾ ਕੋਈ ਦੁਨੀਆ ਨੂੰ ਡੰਡੇ ਨਾਲ ਚਲਾ ਸਕਦਾ ਹੈ ਤੇ ਨਾ ਡਰਾ ਕੇ, ਨਾ ਹੀ ਦੁਨੀਆ ਬੱਝਕੇ ਚੱਲਦੀ ਤੇ ਨਾ ਖੁੱਲੇਆਮ, ਜੇਕਰ ਦੁਨੀਆ ਚਲਦੀ ਹੈ ਤੇ ਉਹ ਸਿਰਫ ਮਤਲਬ ਨਾਲ ਚਲਦੀ ਹੈ, ਲੋੜ ਨਾਲ ਚਲਦੀ ਹੈ, ਇਕ ਦੂਜੇ ਦੀ ਜ਼ਰੂਰਤ ਨਾਲ ਚਲਦੀ ਹੈ ਤੇ ਏਹੀ ਉਹ ਨੁਕਤਾ ਹੈ ਜਿਸ ਨਾਲ ਸਮਾਜ ਬਣਦਾ ਹੈ, ਰਿਸ਼ਤੇ ਨਾਤੇ ਤੇ ਸਾਕ ਸਕੀਰੀਆਂ ਬਣਦੀਆਂ ਹਨ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਬੰਦੇ ਦੀ ਅਹਿਮੀਅਤ ਸਿਰਫ ਮਤਲਬ ਨਾਲ ਬੱਝੀ ਹੋਈ ਹੈ ਤਾਂ ਫਿਰ ਬੰਦਾ ਆਪਣੇ ਆਪ ਨੂੰ ਅਹਿਮ ਕਿਓਂ ਸਮਝਣ ਲੱਗ ਜਾਂਦਾ । ਇਸ ਤਰਾਂ ਸੋਚ ਕੇ ਫੁੱਲ ਕੇ ਕੁੱਪਾ ਕਿਓਂ ਬਣ ਜਾਂਦਾ ਹੈ, ਹੰਕਾਰੀ ਕਿਓਂ ਬਣ ਜਾਂਦਾ ਹੈ ਤਾਂ ਇਸ ਦਾ ਉੱਤਰ ਇਹ ਹੈ ਕਿ ਆਪਣੇ ਆਪ ਨੂੰ ਬਹੁਤ ਅਹਿਮ ਜਾਂ ਫੰਨੇ ਖਾਂ ਸਮਝਣ ਵਾਲਾ ਅਸਲ ਵਿੱਚ ਫੋਕੀ ਈਗੋ ਦਾ ਸ਼ਿਕਾਰ ਹੁੰਦਾ ਹੈ । ਇਸ ਤਰਾਂ ਦੀ ਬਿਰਤੀ ਵਾਲੇ ਮਨੁੱਖ ਦੇ ਸਿਰ ਨੂੰ ਈਗੋ ਵਾਲੇ ਕੁੰਡਲ਼ੀਏ ਸੱਪ ਨੇ ਕੱਸ ਕੇ ਲਪੇਟਾ ਮਾਰ ਲਿਆ ਹੁੰਦਾ ਹੈ, ਜਿਸ ਕਾਰਨ ਉਹ ਫਿਰ ਛੋਟੀ-ਛੋਟੀ ਗੱਲ ‘ਤੇ ਈਗੋ ਹਰਟ ਹੋ ਗਈ ਮਹਿਸੂਸ ਕਰਦਾ ਹੈ, ਈਰਖਾ ਦੇ ਫੁੰਕਾਰੇ ਮਾਰਦਾ ਹੈ ਤੇ ਨਿੱਕੀ-ਨਿੱਕੀ ਗੱਲੋਂ ਨੱਕੋ ਠੂੰਹੇਂ ਸੁੱਟਦਾ ਹੈ ਜਾਂ ਚਿੜਚਿੜੇਪਨ ਦੀਆਂ ਚਿਗਿਆੜੀਆਂ ਤੇ ਗੁੱਲੇ ਦੀ ਅੱਗ ਦੇ ਫੁੰਕਾਰੇ ਛੱਡਣ ਲੱਗ ਜਾਂਦਾ ਹੈ ।
ਮਨੁੱਖ ਦੀ ਕਿੰਨੀ ਕੁ ਅਹਿਮੀਅਤ ਹੈ ਇਸ ਦੇ ਅਹਿੰਕਾਰ ਤੋਂ ਬਚਣ ਵਾਸਤੇ ਕਦੇ ਕਦਾ ਮਨੁੱਖ ਨੂੰ ਸ਼ਮਸ਼ਾਨ-ਘਾਟ ਦਾ ਚੱਕਰ ਜ਼ਰੂਰ ਮਾਰਨਾ ਚਾਹੀਦਾ ਹੈ ਤਾਂ ਕਿ ਚੇਤਾ ਰਹੇ ਕਿ “ਸਾਢੇ ਤਿੰਨ ਹੱਥ ਧਰਤੀ ਤੇਰੀ ਵੱਡੀਆਂ ਜਗੀਰਾਂ ਵਾਲਿਆਂ“ ਇਸ ਦੇ ਨਾਲ ਹੀ ਇਹ ਵੀ ਪਤਾ ਲੱਗ ਸਕੇ ਕਿ ਪਹਿਲਾਂ ਕਿੰਨੇ ਕੁ ਵੱਡੀਆ ਵੱਡੀਆ ਢੁੱਠਾਂ ਵਾਲਿਆਂ ਤੇ ਤਖਤਾਂ ਤਾਜਾਂ ਵਾਲਿਆਂ ਦੀਆ ਅਹਿਮੀਅਤ ਦੇ ਹੰਕਾਰ ਨਾਲ ਭਰੀਆ ਖੋਪੜੀਆਂ ਉੱਥੇ ਰੁਲ਼ ਰਹੀਆਂ ਹਨ ਤੇ ਲੰਘਣ ਵਾਲਿਆਂ ਦੇ ਠੁੱਡੇ ਖਾ ਰਹੀਆਂ ਹਨ ।
ਇੱਥੇ ਇਹ ਕਹਿਣਾ ਬਹੁਤ ਹੀ ਮਹੱਤਵ ਪੂਰਨ ਹੈ ਕਿ ਜੋ ਲੋਕ ਆਪਣੀ ਅਹਿਮੀਅਤ ਦੇ ਹੰਕਾਰ ਤੋ ਹਜ਼ਾਰਾਂ ਕੋਹ ਪਰੇ ਵਿਚਰਕੇ ਇਕ ਸਾਦੇ ਮਨੁੱਖ ਦੇ ਕਿਰਦਾਰ ਚ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੇ ਹੋਏ ਇਸ ਸੰਸਾਰ ਤੋ ਸਦੀਵੀ ਵਿਛੋੜਾ ਪਾ ਜਾਂਦੇ ਹਨ, ਦੁਨੀਆ ਉਹਨਾ ਨੂੰ ਹਮੇਸ਼ਾ ਯਾਦ ਕਰਦੀ ਹੈ ਤੇ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ ।
ਇਹ ਗੱਲ ਵੀ ਹਰ ਮਨੁੱਖ ਨਹੀਂ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਉਹ ਕੁਦਰਤ ਦਾ ਇਕ ਬਹੁਤ ਹੀ ਵਿਲੱਖਣ ਅੰਸ਼ ਹੈ ਜੋ ਧਰਤੀ ‘ਤੇ ਪੈਦਾ ਹੋ ਕੇ ਧਰਤੀ ਉੱਤੇ ਹੀ ਜੀਵਨ ਭਰ ਵਿਚਰਦਾ ਹੈ । ਇਸ ਕਰਕੇ ਉਸ ਨੂੰ ਜ਼ਮੀਨ ਨਾਲ ਹਮੇਸ਼ਾ ਜੁੜਕੇ ਰਹਿਣਾ ਚਾਹੀਦਾ, ਕੁਦਰਤ ਨਾਲ ਮੋਹ ਰੱਖਣਾ ਚਾਹੀਦਾ ਹੈ ਤੇ ਹਰ ਜੀਵ ਨੂੰ ਆਪਣੇ ਜਿੰਨਾ ਹੀ ਸਤਿਕਾਰ ਦੇਣਾ ਚਾਹੀਦਾ ਹੈ । ਉਸ ਦੇ ਮਨ ਵਿੱਚ ਕਦੇ ਵੀ ਜਾਤ, ਗੋਤ, ਮਜ਼੍ਹਬ ਤੇ ਰੰਗ ਰੂਪ ਦਾ ਅਹਿੰਕਾਰ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਜਨਮਜਾਤ ਨਹੀਂ ਹਨ, ਬੱਲ ਕਿ ਸਮਾਜ ਵਿੱਚ ਪੈਦਾ ਹੋ ਕੇ ਆਪਣੇ ਆਪ ਨੂੰ ਲੱਠਮਾਰ ਸਮਝਣ ਜਾਂ ਧਰਮ ਦੇ ਠੇਕੇਦਾਰ ਸਮਝਣ ਵਾਲੇ ਲੋਕਾਂ ਨੇ ਮਨੁੱਖੀ ਨਸਲ ਚ ਵੰਡੀਆ ਪਾ ਕੇ ਉਸ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਸਤੇ ਖੜ੍ਹੇ ਕੀਤੇ ਹੋਏ ਝਮੇਲੇ ਹੁੰਦੇ ਹਨ ਜਿਹਨਾ ਤੋ ਹਰ ਮਨੁੱਖ ਨੂੰ ਬੇਲਾਗ ਰਹਿਕੇ ਇਸ ਸੰਸਾਰ ਨੂੰ ਸੁੰਦਰ ਬਣਾਉਣ ਚ ਯੋਗਦਾਨ ਪਾਉਣਾ ਚਾਹੀਦਾ ਹੈ ।
ਮੁੱਕਦੀ ਗੱਲ ਇਹ ਕਿ ਅਹਿਮਤੀਅਤ ਮਨੁੱਖ ਦੀ ਨਹੀਂ ਸਗੋਂ ਲੋੜ ਦੀ ਹੁੰਦੀ ਹੈ । ਜਿਸ ਨੂੰ ਕਿਸੇ ਨਾਲ ਜਿੰਨਾ ਕੁ ਮਤਲਬ ਹੈ ਉਹ ਉਨਾ ਕੁ ਹੀ ਉਸ ਵਾਸਤੇ ਅਹਿਮ ਹੁੰਦਾ ਹੈ । ਜੇਕਰ ਬਹੁਤਿਆਂ ਨੂੰ ਇਕ ਮਨੁੱਖ ਨਾਲ ਮਤਲਬ ਹੈ ਤਾਂ ਉਹ ਬਹੁਤਿਆਂ ਲਈ ਅਹਿਮ ਹੋਵੇਗਾ ਤੇ ਉਨਾ ਚਿਰ ਹੀ ਅਹਿਮ ਬਣਿਆ ਰਹੇਗਾ ਜਿੰਨਾਂ ਚਿਰ ਲੋੜ ਪੂਰਤੀ ਦਾ ਸਾਧਨ ਬਣਿਆ ਰਹਿੰਦਾ ਹੈ ਤੇ ਜਦੋਂ ਉਹ ਲੋੜ ਪੂਰਤੀ ਦਾ ਸਾਧਨ ਨਹੀਂ ਰਹਿੰਦਾ ਫਿਰ ਲੋੜਵੰਦ ਕਿਸੇ ਹੋਰ ਅਜਿਹੇ ਸ਼ਖਸ਼ ਦੀ ਤਲਾਸ਼ ਕਰਕੇ ਉਸ ਨੁੰ ਅਹਿਮ ਬਣਾ ਦੇਂਦੇ ਹਨ, ਤੇ ਉਹ ਉਹਨਾ ਲੋਕਾਂ ਦਾ ਉੱਲੂ ਸਿੱਧਾ ਕਰਨ ਦਾ ਜਰੀਆ ਬਣ ਜਾਂਦਾ ਤੇ ਇਹ ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ ਹੈ । ਹੁਣ ਇਸ ਮਤਲਬਖੋਰੀ ਨੂੰ ਅਹਿਮੀਅਤ ਕਹਿ ਲਓ ਜਾਂ ਬੱਲੇ ਬੱਲੇ ਛਾਵਾ ਛਾਵਾ, ਉੱਚਾ ਛਮਲਾ ਕਹਿ ਲਓ ਜਾਂ ਵੱਡੀ ਢੁੱਠ, ਇਹ ਸਾਡੀ ਸੋਚ ‘ਤੇ ਮੁਨੱਸਰ ਹੈ । ਆਪਣੇ ਆਲੇ ਦੁਆਲੇ ਨਜ਼ਰ ਮਾਰਕੇ ਦੱਸਿਓ ਕਿ ਕੀ ਇਹ ਸਭ ਸਹੀ ਹੈ !

Related posts

ਡਾ: ਮਨਮੋਹਨ ਸਿੰਘ ਇਤਿਹਾਸ ‘ਚ ਸਭ ਤੋਂ ਇਮਾਨਦਾਰ ਤੇ ਬੁੱਧੀਮਾਨ ਪ੍ਰਧਾਨ ਮੰਤਰੀ ਸਨ !

admin

ਸਾਕਾ ਸਰਹਿੰਦ: ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ !

admin

ਆਸਟ੍ਰੇਲੀਆ ਦੇ ਸਟੂਡੈਂਟਸ ਦਾ ਲੋਨ ਘਟਾਉਣਾ ਸ਼ੁਰੂ ਹੋ ਗਿਆ ਹੈ !

admin