ਕੋਲੰਬੋ – ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਸੋਮਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਪਹਿਲਾ ਫੇਰਬਦਲ ਕਰਦੇ ਹੋਏ 2 ਮੰਤਰੀਆਂ ਦੇ ਵਿਭਾਗ ਬਦਲ ਦਿੱਤੇ। ਉਨ੍ਹਾਂ ਨੇ ਵਿਰੋਧੀ ਧਿਰ ਦੀ ਇਸ ਆਲੋਚਨਾ ਦੇ ਵਿਚਕਾਰ ਇਹ ਕਦਮ ਚੁੱਕਿਆ ਹੈ ਕਿ ਉਨ੍ਹਾਂ ਦੀ ਯੋਜਨਾ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦੀ ਹੈ। ਸਿਹਤ ਮੰਤਰੀ ਕੇਹੇਲੀਆ ਰਾਮਬੁਕਵੇਲਾ ਨੂੰ ਹੁਣ ਵਾਤਾਵਰਨ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਜਨਤਾ ਵਿੱਚ ਅਸੰਤੁਸ਼ਟੀ ਸੀ। ਰਾਮਬੁਕਵੇਲਾ (69) ਵਿਰੁੱਧ ਅਯੋਗਤਾ, ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧਨ ਦੇ ਦੋਸ਼ ਲਾਉਂਦਿਆਂ ਵਿਰੋਧੀ ਧਿਰ ਨੇ ਸੰਸਦ ਵਿੱਚ ਬੇਭਰੋਸਗੀ ਮਤਾ ਵੀ ਪੇਸ਼ ਕੀਤਾ ਸੀ, ਪਰ ਉਹ ਉਸ ਵਿੱਚ ਬਚ ਗਏ ਸਨ। ਰਾਮਬੁਕਵੇਲਾ ਨੇ 2 ਹਫ਼ਤੇ ਪਹਿਲਾਂ ਇੱਕ ਭਾਰਤੀ ਕੰਪਨੀ ਵੱਲੋਂ ਘਟੀਆ ਦਵਾਈਆਂ ਦੀ ਸਪਲਾਈ ਦੇ ਮਾਮਲੇ ਵਿਚ ਪੁਲਸ ਜਾਂਚ ਦੇ ਹੁਕਮ ਦਿੱਤੇ ਸਨ ਪਰ ਭਾਰਤੀ ਕੰਪਨੀ ਨੇ ਸ਼੍ਰੀਲੰਕਾਈ ਆਯਾਤਕ ਨੂੰ ਅਜਿਹੀ ਕਿਸੇ ਵੀ ਸਪਲਾਈ ਤੋਂ ਇਨਕਾਰ ਕੀਤਾ ਸੀ। ਵਾਤਾਵਰਣ ਮੰਤਰਾਲਾ ਵਿਕਰਮਸਿੰਘੇ ਕੋਲ ਸੀ, ਜਦੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਸਿਹਤ ਮੰਤਰਾਲਾ ਹੁਣ ਡਾ. ਰਮੇਸ਼ ਪਥੀਰਾਣਾ ਨੂੰ ਸੌਂਪਿਆ ਗਿਆ ਹੈ, ਜੋ ਉਦਯੋਗ ਮੰਤਰਾਲਾ ਵੀ ਦੇਖ ਰਹੇ ਹਨ।