ਨਵੀਂ ਦਿੱਲੀ – ਪਿਛਲੇ ਦਿਨੀਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ 12 ਸੰਸਦ ਮੈਂਬਰਾਂ ’ਚੋਂ 10 ਨੇ ਬੁੱਧਵਾਰ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਨੇ ਦੱਸਿਆ ਕਿ 2 ਹੋਰ ਸੰਸਦ ਮੈਂਬਰ ਵੀ ਜਲਦ ਅਸਤੀਫ਼ਾ ਦੇਣਗੇ। ਅਧਿਕਾਰੀਆਂ ਨੇ ਦੱਸਿਆ ਕਿ ਅਸਤੀਫ਼ਾ ਦੇਣ ਵਾਲੇ 10 ਸੰਸਦ ਮੈਂਬਰਾਂ ’ਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਪਟੇਲ ਸਮੇਤ 9 ਲੋਕ ਸਭਾ ਸੰਸਦ ਮੈਂਬਰ ਅਤੇ ਇਕ ਰਾਜ ਸਭਾ ਮੈਂਬਰ ਸ਼ਾਮਲ ਹੈ।
ਸੂਤਰਾਂ ਨੇ ਦੱਸਿਆ ਕਿ 2 ਹੋਰ ਸੰਸਦ ਮੈਂਬਰ ਕੇਂਦਰੀ ਮੰਤਰੀ ਰੇਨੂੰਕਾ ਸਿੰਘ ਅਤੇ ਮਹੰਤ ਬਾਲਕਨਾਥ ਵੀ ਲੋਕ ਸਭਾ ਤੋਂ ਅਸਤੀਫ਼ਾ ਦੇਣਗੇ। ਇਹ ਕਦਮ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ’ਚ ਨਵੇਂ ਮੁੱਖ ਮੰਤਰੀਆਂ ਦੀ ਚੋਣ ਦੀ ਪਾਰਟੀ ਦੀ ਲੀਡਰਸ਼ਿਪ ਦੀ ਪ੍ਰਕਿਰਿਆ ਦਾ ਹਿੱਸਾ ਹੈ। ਅਸਤੀਫ਼ਾ ਦੇਣ ਵਾਲੇ ਹੋਰ ਸੰਸਦ ਮੈਂਬਰਾਂ ’ਚ ਦੀਆ ਕੁਮਾਰੀ, ਰਾਜਵਰਧਨ ਸਿੰਘ ਰਾਠੌੜ ਅਤੇ ਰਾਕੇਸ਼ ਸਿੰਘ ਸ਼ਾਮਲ ਹਨ।