ਨਵੀਂ ਦਿੱਲੀ – ਥਾਈਲੈਂਡ, ਸ਼੍ਰੀਲੰਕਾ ਅਤੇ ਮਲੇਸ਼ੀਆ ਤੋਂ ਬਾਅਦ ਇੰਡੋਨੇਸ਼ੀਆ ਵੀ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਫਤ ਦਾਖਲਾ ਦੇਣ ‘’ਤੇ ਵਿਚਾਰ ਕਰ ਰਿਹਾ ਹੈ। ਇੰਡੋਨੇਸ਼ੀਆ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨੂੰ ਇਕ ਮਹੀਨੇ ਦੇ ਅੰਦਰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇੰਡੋਨੇਸ਼ੀਆ ਨੇ ਇਹ ਫੈਸਲਾ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਲਿਆ ਹੈ।ਰਿਪੋਰਟ ਅਨੁਸਾਰ, ਇੰਡੋਨੇਸ਼ੀਆ ਦੇ ਸੈਰ-ਸਪਾਟਾ ਮੰਤਰੀ ਸੰਡਿਆਗਾ ਉਨੋ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਨ ’ਤੇ ਵਿਚਾਰ ਕਰਨ ਲਈ ਸਰਕਾਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ। ਇੰਡੋਨੇਸ਼ੀਆ ਆਪਣੇ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਮਰੀਕਾ, ਚੀਨ, ਆਸਟ੍ਰੇਲੀਆ, ਭਾਰਤ, ਦੱਖਣੀ ਕੋਰੀਆ, ਜਰਮਨੀ, ਬਿ੍ਰਟੇਨ ਅਤੇ ਫਰਾਂਸ ਸਮੇਤ 20 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇਣ ‘’ਤੇ ਵਿਚਾਰ ਕਰ ਰਿਹਾ ਹੈ।ਇੰਡੋਨੇਸ਼ੀਆ ਦੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਕੋਵਿਡ ਮਹਾਂਮਾਰੀ ਤੋਂ ਪਹਿਲਾਂ, 2019 ਵਿੱਚ 16 ਮਿਲੀਅਨ ਤੋਂ ਵੱਧ ਵਿਦੇਸ਼ੀ ਸੈਲਾਨੀ ਇੰਡੋਨੇਸ਼ੀਆ ਆਏ ਸਨ। ਇਸ ਦੇ ਨਾਲ ਹੀ ਇਸ ਸਾਲ ਜਨਵਰੀ ਤੋਂ ਅਕਤੂਬਰ ਤੱਕ ਕਰੀਬ ਇੱਕ ਕਰੋੜ ਵਿਦੇਸ਼ੀ ਸੈਲਾਨੀ ਇੰਡੋਨੇਸ਼ੀਆ ਆਏ ਸਨ। ਜੇਕਰ ਪਿਛਲੇ ਸਾਲ ਦੀ ਇਸੇ ਮਿਆਦ ਨਾਲ ਤੁਲਨਾ ਕੀਤੀ ਜਾਵੇ ਤਾਂ ਸੈਲਾਨੀਆਂ ਦੀ ਗਿਣਤੀ ਵਿਚ ਕਰੀਬ 124 ਫੀਸਦੀ ਦਾ ਵਾਧਾ ਹੋਇਆ ਹੈ।
previous post