ਇਸਲਾਮਾਬਾਦ – ਪਾਕਿਸਤਾਨ ’ਚ ਲੁੱਕ ਕੇ ਬੈਠੇ ਭਾਰਤ ਦੇ 48 ਮੋਸਟ ਵਾਂਟੇਡ ਅਪਰਾਧੀਆਂ ਦੀ ਕਾਊਂਟਡਾਊਨ ਚੱਲ ਰਹੀ ਹੈ। ਹੁਣ ਤਕ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੇ ਹੱਥੋਂ ਭਾਰਤ ਦੇ 22 ਮੋਸਟ ਵਾਂਟੇਡ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਸੇਫ਼ ਹਾਊਸ ’ਚ ਰਹਿ ਰਹੇ ਇਨ੍ਹਾਂ ਅਤਿਵਾਦੀਆਂ ਦੇ ਮੋਬਾਇਲ ਫ਼ੋਨ ਬੰਦ ਹਨ ਅਤੇ ਉਹ ਨਮਾਜ਼ ਲਈ ਮਸਜਿਦ ’ਚ ਵੀ ਨਹੀਂ ਜਾ ਰਹੇ ਹਨ। ਡਰ ਦੇ ਮਾਰੇ ਇਹ ਅਤਿਵਾਦੀ ਆਪਣਾ ਟਿਕਾਣਾ ਬਦਲ ਕੇ ਦੂਜੇ ਦੇਸ਼ਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਆਈ.ਐੱਸ.ਆਈ. ਫ਼ਰਜ਼ੀ ਦਸਤਾਵੇਜ਼ਾਂ ਨਾਲ ਉਨ੍ਹਾਂ ਦੇ ਪਾਸਪੋਰਟ ਬਣਵਾ ਰਹੀ ਹੈ।
ਟੌਪ 5 ਵਾਂਟੇਡ, ਸੈਂਕੜੇ ਕਤਲਾਂ ’ਚ ਉਨ੍ਹਾਂ ਦਾ ਹੱਥ
1. ਦਾਊਦ ਇਬਰਾਹਿਮ ਡੀ ਕੰਪਨੀ ਦਾ ਬਦਨਾਮ ਨੇਤਾ ਅਤੇ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਦੋਸ਼ੀ ਹੈ। ਕਈ ਸਾਲਾਂ ਤੋਂ ਕਰਾਚੀ ਵਿੱਚ ਲੁੱਕਿਆ ਹੋਇਆ ਹੈ। ਭਾਰਤ ਦੀ ਮੋਸਟ ਵਾਂਟੇਡ ਲਿਸਟ ’ਚ ਸਿਖ਼ਰ ’ਤੇ ਹੈ। ਇੰਟਰਪੋਲ ਤੋਂ ਵੀ ਵਾਂਟੇਡ ਹੈ।
2. ਹਾਫ਼ਿਜ਼ ਸਈਦ ਅਤਿਵਾਦੀ ਸੰਗਠਨ ਲਸ਼ਕਰ ਦਾ ਮੁੱਖੀ, ਮੁੰਬਈ 26/11 ਦਾ ਮਾਸਟਰ ਮਾਈਂਡ ਹੈ। ਉਹ ਭਾਰਤ ਦੀ ਮੋਸਟ ਵਾਂਟੇਡ ਲਿਸਟ ’ਚ ਦੂਜੇ ਨੰਬਰ ’ਤੇ ਹੈ। ਇਸ ’ਤੇ ਅਮਰੀਕਾ ਨੇ 83 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ।
3. ਮਸੂਦ ਅਜ਼ਹਰ ਜੈਸ਼ ਦਾ ਨੇਤਾ ਅਤੇ 2001 ਦੇ ਸੰਸਦ ਹਮਲੇ ਦਾ ਮਾਸਟਰ ਮਾਈਂਡ ਹੈ। ਉਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਅਤਿਵਾਦੀ ਐਲਾਨਿਆ ਹੋਇਆ ਹੈ।
4. ਮੁੰਬਈ ਹਮਲਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਟਾਈਗਰ ਮੇਮਨ। ਭਾਰਤ ਸਮੇਤ ਇੰਟਰਪੋਲ ਤੋਂ ਵਾਂਟੇਡ ਹੈ।
5. ਹਿਜ਼ਬੁਲ ਮੁਜਾਹਿਦੀਨ ਦਾ ਨੇਤਾ ਸਈਅਦ ਸਲਾਹੂਦੀਨ ਕਸ਼ਮੀਰ ਵਿੱਚ ਅਤਿਵਾਦ ਵਿੱਚ ਸ਼ਾਮਲ ਰਿਹਾ।
ਭਾਰਤ ਦਾ ਇੱਕ ਹੋਰ ਵਾਂਟੇਡ ਹੰਜਲਾ ਅਦਨਾਨ ਕਰਾਚੀ ਵਿੱਚ ਢੇਰ
ਕਰਾਚੀ ਊਧਮਪੁਰ ਵਿੱਚ ਬੀ.ਐੱਸ.ਐੱਫ਼. ਦੇ ਕਾਫ਼ਲੇ ਉੱਤੇ 2015 ਵਿੱਚ ਹੋਏ ਹਮਲੇ ਦੇ ਮਾਸਟਰ ਮਾਈਂਡ ਹੰਜਲਾ ਅਦਨਾਨ ਦੀ ਕਰਾਚੀ ਵਿੱਚ ਉਸ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਲਸ਼ਕਰ ਦੇ ਨੇਤਾ ਮੌਲਾਨਾ ਹਾਫ਼ਿਜ਼ ਸਈਦ ਦਾ ਕਰੀਬੀ ਅਦਨਾਨ ਇੱਥੇ ਲੁੱਕਿਆ ਹੋਇਆ ਸੀ। 3 ਦਸੰਬਰ ਦੀ ਰਾਤ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਭਾਰਤ ’ਚ ਵਾਟੇਂਡ ਅਦਨਾਨ ’ਤੇ 4 ਗੋਲੀਆਂ ਚਲਾਈਆਂ ਅਤੇ ਭੱਜ ਗਏ। ਅਦਨਾਨ ਨੂੰ ਕਰਾਚੀ ਦੇ ਪਾਕਿਸਤਾਨ ਆਰਮੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਦਨਾਨ ਕਸ਼ਮੀਰ ਵਿੱਚ ਅਤਿਵਾਦ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸੀ। ਪਿਛਲੇ 2 ਸਾਲਾਂ ਤੋਂ ਅਦਨਾਨ ਪੀ.ਓ.ਕੇ. ਵਿੱਚ ਲਸ਼ਕਰ ਦਾ ਸਿਖਲਾਈ ਕੈਂਪ ਵੀ ਚਲਾ ਰਿਹਾ ਸੀ।