ਲੰਡਨ – ਬਰਤਾਨੀਆ ਵਿੱਚ ਰਹਿ ਰਹੇ ਸਿੱਖਾਂ ਨੂੰ ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿੱਚ ਵੱਖਵਾਦੀ ਅੰਦੋਲਨ ਨੂੰ ਲੈ ਕੇ ਵਧੇ ਤਣਾਅ ਅਤੇ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਡਰਾਉਣ ਧਮਕਾਉਣ ਦੇ ਦਾਅਵਿਆਂ ਵਿੱਚਕਾਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਬਰਤਾਨੀਆ ਦੀਆਂ ਅਖ਼ਬਾਰਾਂ ’ਚ ਛਪੀਆਂ ਸੁਰਖ਼ੀਆਂ ਵਿੱਚ ਭਾਰਤ ਵਲੋਂ ਬਰਤਾਨੀਆ ਦੇ ਸਿੱਖਾਂ ਨੂੰ ਮਾਰਨ ਦੀਆਂ ਆਈਆਂ ਧਮਕੀਆਂ ਤੋਂ ਬਾਅਦ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਆਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਪਾਰਲੀਮੈਂਟ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਢੇਸੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਇੱਕ ਸਿੱਖ ਨਾਗਰਿਕ ਸਮੇਤ ਯੂ.ਕੇ. ਦੇ 6 ਸਿੱਖਾਂ ਤੇ ਹੋਰ 20 ਸਿੱਖਾਂ ਦੀ ਦੇਸ਼ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਬਣਾ ਕੇ ਭਾਰਤੀ ਮੀਡੀਆ ਵਲੋਂ ਵਿਖਾਈ ਗਈ ਹੈ।
ਢੇਸੀ ਨੇ ਕਿਹਾ ਕਿ ਹਰ ਕਿਸੇ ਨੂੰ ਲੋਕਤੰਤਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ। ਬਿਨਾਂ ਹਿੰਸਾ ਜਾਂ ਧਮਕੀ ਦੇ ਰਾਜ ਦੇ ਦੁਸ਼ਮਣਾਂ ਦੀ ਹਿੱਟ-ਲਿਸਟ ਵਿੱਚ ਪਾਏ ਜਾਣ ਤੋਂ ਬਿਨਾਂ ਜਾਨ ਦੇ ਖ਼ਤਰੇ ਦੇ ਨੋਟਿਸਾਂ ਦੇ ਮੱਦੇਨਜ਼ਰ, ਸਰਕਾਰ ਨੂੰ ਬ੍ਰਿਟਿਸ਼ ਸਿੱਖ ਕਾਰਕੰੁਨਾਂ ਦੀ ਸੁਰੱਖ਼ਿਆ ਯਕੀਨੀ ਬਣਾਉਣੀ ਚਾਹੀਦੀ ਹੈ। ਢੇਸੀ ਨੇ ਪਾਰਲੀਮੈਂਟ ਵਿੱਚ ਭਾਰਤ ਦਾ ਨਾਂ ਲਏ ਬਗੈਰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਸਿੱਖ ਆਗੂ ਦੇ ਕਤਲ ਅਤੇ ਅਮਰੀਕਾ ਦੀਆਂ ਅਦਾਲਤਾਂ ਵਿੱਚ ਸਿੱਖ ਆਗੂ ਨੂੰ ਕਤਲ ਕਰਨ ਦੀ ਸਾਜ਼ਿਸ਼ ਹੋਣ ਦਾ ਹਵਾਲਾ ਦਿੱਤਾ।
ਢੇਸੀ ਨੇ ਅਵਤਾਰ ਸਿੰਘ ਖੰਡਾ ਦਾ ਨਾਂ ਲਏ ਬਗੈਰ ਕਿਹਾ ਕਿ ਇੱਕ ਸਿੱਖ ਦੀ ਸ਼ੱਕੀ ਮੌਤ ਸਮੇਤ ਬ੍ਰਿਟੇਨ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਪ੍ਰਦੇਸਾਂ ਵਿੱਚ ਸਿੱਖਾਂ ਨੂੰ ਭੁਗਤਣ ਵਾਲੇ ਅੰਤਰ-ਰਾਸ਼ਟਰੀ ਜਬਰ ਦੀ ਗੱਲ ਕੀਤੀ। ਯੂ.ਕੇ. ਸਰਕਾਰ ਨੂੰ ਆਜ਼ਾਦੀ ਪਸੰਦ ਬ੍ਰਿਟਿਸ਼ ਸਿੱਖਾਂ ਦੀ ਸੁਰੱਖ਼ਿਆ ਕਰਨ ਲਈ ਕਿਹਾ ਗਿਆ। ਸਰਕਾਰ ਵਲੋਂ ਢੇਸੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਹ ਇਨ੍ਹਾਂ ਮਾਮਲਿਆਂ ਨੂੰ ਦੁਵੱਲੀ ਮੀਟਿੰਗਾਂ ਵਿੱਚ ਉਠਾਉਣਗੇ ਅਤੇ ਯੂ.ਕੇ. ਦੇ ਨਾਗਰਿਕਾਂ ਨੂੰ ਚੀਨ, ਇਰਾਨ ਵਰਗੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਦਮਨ ਤੋਂ ਬਚਾਉਣ ਲਈ ਉਪਾਅ ਕਰਨਗੇ।
