ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਤੱਕ ਦਰਾਮਦ ਟੈਕਸ ਲਗਾਇਆ ਹੈ। ਇਹ ਵੱਖ-ਵੱਖ ਸ਼੍ਰੇਣੀਆਂ ’ਚ ਵੱਖਰਾ ਹੈ। ਇਸ ਨੇ ਜਿਥੇ ਚੀਨ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਉਥੇ ਹੀ ਇਸ ਨੇ ਚੀਨ ਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਦੇ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ ਵੀ ਵਧਾ ਦਿੱਤਾ ਹੈ। ਇਸ ਕਾਰਨ ਪਹਿਲਾਂ ਹੀ ਜੰਗ ਤੇ ਅਸਥਿਰਤਾ ਦੇ ਸੰਕਟ ਨਾਲ ਜੂਝ ਰਹੀ ਦੁਨੀਆਂ ਲਈ ਨਵੇਂ ਆਰਥਿਕ ਸੰਕਟ ਦਾ ਖ਼ਤਰਾ ਵੀ ਵੱਧ ਗਿਆ ਹੈ। ਅਮਰੀਕਾ ’ਚ ਇਸ ਸਾਲ ਦੇ ਅਖੀਰ ਤੱਕ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਪ੍ਰਤੀ ਆਪਣੀ ਦੁਸ਼ਮਣੀ ਨੂੰ ਸਾਕਾਰ ਕਰਦਿਆਂ ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਵੱਖ-ਵੱਖ ਸਾਮਾਨ ’ਤੇ ਟੈਕਸ ਦਰ ਵਧਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ’ਚ ਇਸ ਬਾਰੇ ਜਾਣਕਾਰੀ ਵੀ ਦਿੱਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੋਸਟ ਮੁਤਾਬਕ ਹੁਣ ਤੋਂ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਤੇ ਐਲੂਮੀਨੀਅਮ ’ਤੇ 25 ਫ਼ੀਸਦੀ ਟੈਕਸ ਲੱਗੇਗਾ, ਜਦਕਿ ਸੈਮੀਕੰਡਕਟਰ 50 ਫ਼ੀਸਦੀ ਟੈਕਸ ਨਾਲ ਅਮਰੀਕਾ ਪਹੁੰਚਣਗੇ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ’ਤੇ 100 ਫ਼ੀਸਦੀ ਟੈਕਸ ਤੇ ਸੋਲਰ ਪੈਨਲਾਂ ’ਤੇ 50 ਫ਼ੀਸਦੀ ਟੈਕਸ ਲੱਗੇਗਾ।
ਮੌਜੂਦਾ ਸਮੇਂ ’ਚ ਦੁਨੀਆ ਪਹਿਲਾਂ ਹੀ ਰੂਸ-ਯੂਕ੍ਰੇਨ ਯੁੱਧ, ਇਜ਼ਰਾਈਲ ਤੇ ਫਲਸਤੀਨ ਵਿਚਕਾਰ ਜੰਗ, ਕੋਵਿਡ ਤੋਂ ਬਾਅਦ ਦੇ ਪ੍ਰਭਾਵਾਂ ਤੇ ਪੱਛਮੀ ਏਸ਼ੀਆ ’ਚ ਸੰਕਟ ਨਾਲ ਜੂਝ ਰਹੀ ਹੈ। ਅਜਿਹੇ ’ਚ ਅਮਰੀਕਾ ਤੇ ਚੀਨ ਵਿਚਾਲੇ ਨਵੀਂ ਵਪਾਰ ਜੰਗ ਦੁਨੀਆ ਦੀਆਂ ਆਰਥਿਕ ਮੁਸ਼ਕਿਲਾਂ ਨੂੰ ਵਧਾ ਸਕਦੀ ਹੈ।