Punjab

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

ਰਾਮਪੁਰਾ ਫੂਲ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਕਾਂਗਰਸ ਅਤੇ ਭਾਜਪਾ ਵਾਲੇ ਇੱਕ ਦੂਜੇ ਦੇ ਵਿਰੋਧੀ ਹਨ, ਪ੍ਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਇਕੱਠੇ’ ਹਨ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਭਗਵੰਤ ਮਾਨ ਭਾਜਪਾ ਦੀ ਮਦਦ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ, ਪੰਜਾਬ ਬਣਾਉਣਗੇ। ਸੁਖਬੀਰ ਬਾਦਲ ਨੇ ਅਜਿਹੇ ਇੰਕਸਾਫ ਅਤੇ ਭਵਿੱਖ ਬਾਣੀਆਂ ਅੱਜ ਇੱਥੋਂ ਦੇ ਸਟਾਰ ਰਿਜੌਰਟ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ। ਇਹ ਇਕੱਠ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਵਲੋਂ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਉਮੀਦਵਾਰ ਰਾਜਵਿੰਦਰ ਸਿੰਘ ਰਾਜਾ ਖ਼ਾਲਸਾ ਦੀ ਚੋਣ ਰੈਲੀ ਲਈ ਆਯੋਜਿਤ ਕੀਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ‘ਝਾੜੂ  ਵਾਲੇ’ਦੇਸ਼ ਵਿਚ ਇਕੱਠੇ ਚੋਣਾਂ ਲੜ ਰਹੇ ਹਨ,ਜਦਕਿ ਪੰਜਾਬ ਵਿੱਚ ਇੱਕ ਦੂਜੇ ਦੇ ਵਿਰੋਧੀ ਹੋਣ ਦਾ ਦਿਖਾਵਾ ਕਰ ਰਹੇ ਹਨ,ਜਦਕਿ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਵੀ ਇਹਨਾਂ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨੂੰ ਸੂਤ ਬੈਠਦੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ। ਸੁਖਬੀਰ ਬਾਦਲ ਨੇ ਕਾਂਗਰਸ ਦੀ ਬਜਾਇ ਜਿਆਦਾਤਰ  ਨਿਸ਼ਾਨੇ ਤੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਲਿਆ। ਉਹਨਾਂ ਪਾਰਟੀ ਵਰਕਰਾਂ ਨੂੰ ਸੰਬੋਧਿਤ ਹੁੰਦਿਆਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਪਿਛਲੇ ਸਮਿਆਂ ਚ ਕਮਜ਼ੋਰੀ ਨਾ ਦਿਖਾਈ ਹੁੰਦੀ ਤਾਂ ਗੁਰਦਵਾਰਾ ਕਮੇਟੀਆਂ ਤੇ ਅਤੇ ਸਾਡੇ ਗੁਰਧਾਮਾਂ ਤੇ ਕਥਿਤ ਤੌਰ ਤੇ ਸੰਘ ਪਰਵਾਰ  ਦੇ ਕਬਜ਼ੇ ਨਹੀਂ ਸਨ ਹੋਣੇ। ਉਹਨਾਂ ਸਪੱਸ਼ਟ ਕਿਹਾ ਕਿ  ਜੇਕਰ ਤੁਸੀਂ ਇੱਕ ਵਾਰ ਫਿਰ ਗੱਲਾਂ ਚ ਆ ਗਏ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਵੇਗਾ, ਉਹਨਾਂ ਭਾਵੁਕ ਅਪੀਲ ਕੀਤੀ ਕਿ ਪੰਜਾਬੀਓ! ਪੰਜਾਬ ਬਚਾ ਲੳ। ਅਕਾਲੀ ਦਲ ਦੀ ਖੂਬ ਪ੍ਰਸੰਸਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਿਆਸੀ ਪਾਰਟੀ ਘੱਟ ਅਤੇ ਇੱਕ ਸੋਚ ਜ਼ਿਆਦਾ ਹੈ,ਇਸੇ ਸੋਚ ਕਰਕੇ ਹੀ ਪਾਰਟੀ ਨੇ ਚਾਬੀਆਂ ਵਾਲੇ ਮੋਰਚੇ ਸਮੇਤ ਪੰਜਾਬ ਦੇ ਹਿਤ ਵਿਚ ਕਈ ਸੰਘਰਸ਼ ਕੀਤੇ,ਜਿਸਦੀ ਪ੍ਰਸ਼ੰਸਾ  ਵਿਚ ਇੱਕ ਵਾਰ ਮਹਾਤਮਾ ਗਾਂਧੀ ਨੇ ਅਕਾਲੀ ਦਲ ਦੇ ਸਮੇਂ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਚਾਬੀਆਂ ਵਾਲਾ ਮੋਰਚਾ ਰਾਹੀਂ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਹੈ। ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ‘ਏਮਜ਼’ ਬਠਿੰਡਾ ਲਿਆਉਣ ਤੋਂ ਲੈਕੇ ਉਹਨਾਂ ਅਕਾਲੀ ਸਰਕਾਰ ਦੀਆਂ ਦਸ ਸਾਲਾਂ ਦੀਆਂ ਪ੍ਰਾਪਤੀਆਂ ਦਾ ਖੂਬ ਗੁਣਗਾਣ ਵੀ ਕੀਤਾ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਜੂਨ ’84 ਦੇ ਸੰਵੇਦਨਸ਼ੀਲ ਮੁੱਦੇ ਨੂੰ ਵੀ ਛੋਹ ਦਿੱਤੀ। ਇਕੱਠ ਵਿਚੋਂ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨਦਾਰਦ ਰਹੇ, ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਉਹਨਾਂ ਦਾ ਕਿਸੇ ਪੱਖ ਤੋਂ ਜ਼ਿਕਰ ਨਾ ਕੀਤਾ,ਉਂਜ ਸੁਖਬੀਰ ਬਾਦਲ ਦੇ ਆਉਣ ਤੋਂ ਪਹਿਲਾਂ ਮਲੂਕਾ ਦੇ ਹੱਕ ਵਿੱਚ ਨਾਅਰੇਬਾਜ਼ੀ ਹੁੰਦੀ ਰਹੀ। ਇਕੱਠ ਨੂੰ ਦਲ ਦੇ ਹਲਕਾ ਇੰਚਾਰਜ ਅਤੇ ਰੈਲੀ ਦੇ ਮੁੱਖ ਆਯੋਜਕ ਹਰਿੰਦਰ ਹਿੰਦਾ ਤੋਂ ਇਲਾਵਾ ਪਾਰਟੀ ਦੇ ਲੋਕ ਸਭਾ ਫ਼ਰੀਦਕੋਟ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਆਪਣੇ ਨਾਲ ਸਟੇਜ ਤੇ ਖੜ੍ਹੇ ਹਰਿੰਦਰ ਸਿੰਘ ਹਿੰਦਾ ਨੂੰ ਜ਼ੋਰਦਾਰ ਥਾਪੜਾ ਦਿੰਦਿਆਂ ਕਿਹਾ ਕਿ ਹਲਕੇ ਦੀ ਪੱਕੀ ਰਜਿਸਟਰੀ ਹਰਿੰਦਰ ਹਿੰਦੇ ਦੇ ਨਾਂ ਹੋ ਗਈ ਹੈ, ਜਿਸਨੂੰ ਸੁਣਕੇ ਵਰਕਰਾਂ ਨੇ ਜੈਕਾਰੇ ਛੱਡੇ। ਇਕੱਠ ਵਿੱਚ ਸ਼ਹਿਰੀ ਲੀਡਰਸ਼ਿਪ ਭਾਵੇਂ ਦਿਖਾਈ ਦਿੱਤੀ ,ਪ੍ਰੰਤੂ ਸ਼ਹਿਰੀਆਂ ਦੀ ਨਾਂਮਾਤਰ ਗਿਣਤੀ ਚਰਚਾ ਦਾ ਵਿਸ਼ਾ ਰਹੀ।

Related posts

ਸੀਨੀਅਰ ਆਗੂ ਨੇ ਦਿੱਤਾ ਕਾਂਗਰਸ ਨੂੰ ਝਟਕਾ, ਆਮ ਆਦਮੀ ਪਾਰਟੀ ‘ਚ ਸ਼ਾਮਲ

Bunty

ਹਜ਼ਾਰਾਂ ਕਰੋੜ ਰੁਪਏ ਦੇ ਨਸ਼ਾ ਤਸਕਰੀ ਘੁਟਾਲੇ ਬਾਰੇ ਆਪਣੀ ਚੁੱਪੀ ਤੋੜੋ, ਆਪ ਸਰਕਾਰ ਨਸ਼ਿਆਂ ਨਾਲ ਹੋਈਆਂ ਮੌਤਾਂ ਬਾਰੇ ਜਵਾਬ ਦੇਵੇ: ਮਹੇਸ਼ਇੰਦਰ ਸਿੰਘ ਗਰੇਵਾਲ

Bunty

ਪਟਿਆਲਾ ਪੁਲਿਸ ਅਤੇ ਗੈਂਗਸਟਰ ਚ ਮੁਕਾਬਲਾ –ਕਤਲ ਵਰਗੇ ਮਾਮਲਿਆਂ ਚ ਲੋੜੀਦਾ ਗੈਗਸਟਰ ਐਨਕਾਉਟਰ ਤੋ ਬਾਅਦ ਜਖਮੀ

Bunty