India

ਮੋਦੀ ਕੈਬਨਿਟ ’ਚ ਲਿਆ ਗਿਆ ਵੱਡਾ ਫ਼ੈਸਲਾ, ਤਿੰਨ ਕਰੋੜ ਪਰਿਵਾਰਾਂ ਨੂੰ ਮਿਲੇਗਾ ਘਰ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਆਪਣੀ ਨਵੀਂ ਕੈਬਨਿਟ ਦੀ ਪਹਿਲੀ ਬੈਠਕ ਕੀਤੀ। ਕੈਬਨਿਟ ’ਚ ਸ਼ਾਮਲ ਕੀਤੇ ਗਏ ਨਵੇਂ ਮੰਤਰੀ ਕਰੀਬ 5 ਵਜੇ ਪ੍ਰਧਾਨ ਮੰਤਰੀ 7, ਲੋਕ ਕਲਿਆਣ ਮਾਰਗ ਸਥਿਤ ਘਰ ਪਹੁੰਚੇ ਅਤੇ ਸਹੁੰ ਚੁੱਕਣ ਦੇ ਇਕ ਦਿਨ ਬਾਅਦ ਹੋ ਰਹੀ ਇਸ ਬੈਠਕ ’ਚ ਸ਼ਾਮਲ ਹੋਏ। ਬੈਠਕ ਉਦੋਂ ਆਯੋਜਿਤ ਕੀਤੀ ਗਈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਅਜੇ ਤੱਕ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਨਹੀਂ ਕੀਤਾ ਹੈ। ਬੈਠਕ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਯੋਗ ਪਰਿਵਾਰਾਂ ਦੀ ਗਿਣਤੀ ’ਚ ਵਾਧੇ ਨਾਲ ਪੈਦਾ ਰਿਹਾਇਸ਼ ਜ਼ਰੂਰਤ ਨੂੰ ਪੂਰਾ ਕਰਨ ਲਈ 3 ਕਰੋੜ ਹੋਰ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਨੂੰ ਘਰ ਨਿਰਮਾਣ ਲਈ ਮਦਦ ਪ੍ਰਦਾਨ ਕੀਤੀ ਜਾਵੇਗੀ। ਭਾਰਤ ਸਰਕਾਰ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਮਕਾਨ ਨਿਰਮਾਣ ਲਈ ਮਦਦ ਪ੍ਰਦਾਨ ਕਰਨ ਲਈ 2015-16 ਤੋਂ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਲਾਗੂ ਕਰ ਰਹੀ ਹੈ। ਪਿਛਲੇ 10 ਸਾਲਾਂ ’ਚ ਰਿਹਾਇਸ਼ ਯੋਜਨਾਵਾਂ ਦੇ ਅਧੀਨ ਗਰੀਬ ਪਰਿਵਾਰਾਂ ਲਈ ਕੁੱਲ 4.21 ਕਰੋੜ ਘਰ ਪੂਰੇ ਕੀਤੇ ਗਏ ਹਨ। ਪੀ.ਐੱਮ.ਏ.ਵਾਈ. ਦੇ ਅਧੀਨ ਨਿਰਮਿਤ ਸਾਰੇ ਮਕਾਨਾਂ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਨਾਲ ਟਾਇਲਟ, ਬਿਜਲੀ ਅਤੇ ਐੱਲ.ਪੀ.ਜੀ. ਕਨੈਕਸ਼ਨ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਬੈਠਕ ’ਚ ਸਾਰੇ ਵੱਡੇ ਭਾਜਪਾ ਨੇਤਾ ਮੌਜੂਦ ਸਨ। ਇਸ ’ਚ ਰਾਜਨਾਥ ਸਿੰਘ, ਅਮਿਤ ਸ਼ਾਹ, ਜੇ.ਪੀ. ਨੱਢਾ, ਮਨੋਹਰ ਲਾਲ ਖੱਟੜ, ਲਲਨ ਸਿੰਘ, ਸ਼ਿਵਰਾਜ ਸਿੰਘ ਚੌਹਾਨ ਆਦਿ ਮੌਜੂਦ ਸਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੇ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ’ਚ ਆਪਣੀ ਨਵੀਂ ਕੈਬਨਿਟ ਨਾਲ ਸਹੁੰ ਚੁੱਕੀ। ਮੋਦੀ ਸਰਕਾਰ ’ਚ ਕੁੱਲ ਮੰਤਰੀਆਂ ਦੀ ਗਿਣਤੀ 72 ਹੋਵੇਗੀ, ਜਿਸ ’ਚ 30 ਮੰਤਰੀ ਕੈਬਨਿਟ ਦਾ ਹਿੱਸਾ ਹੋਣਗੇ। ਇਨ੍ਹਾਂ ਤੋਂ ਇਲਾਵਾ 5 ਮੰਤਰੀਆਂ ਨੂੰ ਆਜ਼ਾਦ ਚਾਰਜ ਦਿੱਤਾ ਗਿਆ ਹੈ। ਉੱਥੇ ਹੀ 36 ਸੰਸਦ ਮੈਂਬਰਾਂ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਮੋਦੀ ਕੈਬਨਿਟ 3.0 ’ਚ ਅਜਿਹੇ ਕਈ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਮੋਦੀ ਸਰਕਾਰ 2.0 ’ਚ ਵੀ ਮੰਤਰੀ ਰਹੇ ਹਨ।

 

Related posts

ਪ੍ਰਿਅੰਕਾ ਗਾਂਧੀ ਵਲੋਂ ਹੋਰ ਸੰਸਦ ਮੈਂਬਰਾਂ ਨਾਲ ਸੰਸਦ ਭਵਨ ਕੰਪਲੈਕਸ ‘ਚ ਬੰਗਲਾਦੇਸ਼ ‘ਚ ਘੱਟ ਗਿਣਤੀਆਂ ‘ਤੇ ਹਮਲਿਆਂ ਖਿਲਾਫ ਪ੍ਰਦਰਸ਼ਨ !

admin

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਮੈਂ ਭਾਰਤ-ਸ਼੍ਰੀਲੰਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ: ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ

admin