ਢਾਕਾ – ਬੰਗਲਾਦੇਸ਼ ਵਿਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਜਨਤਕ ਵਿਦਰੋਹ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ 400 ਤੋਂ ਵੱਧ ਨੇਤਰਹੀਣ ਹੋ ਗਏ। ਦੇਸ਼ ਦੀ ਸਿਹਤ ਸਲਾਹਕਾਰ ਨੂਰਜਹਾਂ ਬੇਗਮ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜਾਬਾਗ ਸਥਿਤ ਕੇਂਦਰੀ ਪੁਲਸ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਗੱਲ ਕੀਤੀ। ਹਿਊਮਨ ਰਾਈਟਸ ਸਪੋਰਟ ਸੋਸਾਇਟੀ ਨੇ ਕਿਹਾ ਕਿ 21 ਅਗਸਤ ਨੂੰ ਇਸ ਨੂੰ ਪ੍ਰਦਰਸ਼ਨਾਂ ਦੌਰਾਨ 819 ਲੋਕਾਂ ਦੀ ਮੌਤ ਬਾਰੇ ਪੀੜਤ ਪਰਿਵਾਰਾਂ, ਹਸਪਤਾਲਾਂ, ਗਵਾਹਾਂ ਅਤੇ ਰਾਸ਼ਟਰੀ ਅਖਬਾਰਾਂ ਤੋਂ ਜਾਣਕਾਰੀ ਮਿਲੀ ਸੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਦੁਆਰਾ 16 ਅਗਸਤ ਨੂੰ ਪ੍ਰਕਾਸ਼ਿਤ ਇੱਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਬੰਗਲਾਦੇਸ਼ ਵਿੱਚ 16 ਜੁਲਾਈ ਤੋਂ 11 ਅਗਸਤ ਦੇ ਵਿਚਕਾਰ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਦੌਰਾਨ 650 ਲੋਕ ਮਾਰੇ ਗਏ ਸਨ।