ਅੰਮ੍ਰਿਤਸਰ – ਡਾਇਓਸਿਸ ਆਫ ਅੰਮ੍ਰਿਤਸਰ (ਡੀਓਏ), ਚਰਚ ਆਫ ਨਾਰਥ ਇੰਡੀਆ (ਸੀਐਨਆਈ) ਨੇ ਸਾਧੂ ਸੁੰਦਰ ਸਿੰਘ ਗਲੋਬਲ ਫੋਰਮ ਦੇ ਸਹਿਯੋਗ ਨਾਲ ਭਾਰਤੀ ਈਸਾਈ ‘ਸਾਧੂ’ ਅਤੇ ਮਿਸ਼ਨਰੀ ਸਾਧੂ ਸੁੰਦਰ ਸਿੰਘ ਨੂੰ ਉਨ੍ਹਾਂ ਦੀ 135ਵੀਂ ਜਯੰਤੀ ਦੇ ਮੌਕੇ ਪਹਿਲੀ ਸਾਧੂ ਸੁੰਦਰ ਸਿੰਘ ਤੀਰਥ ਯਾਤਰਾ (ਸਤੰਬਰ 3 ਤੋਂ ਸਤੰਬਰ 8, 2024) ਆਯੋਜਤ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਸਾਧੂ ਸੁੰਦਰ ਸਿੰਘ ਦੇ ਜਨਮ ਦਿਨ 3 ਸਤੰਬਰ ਨੂੰ ਸ਼ੁਰੂ ਹੋਈ ਛੇ ਦਿਨਾਂ ਯਾਤਰਾ ਵਿੱਚ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹਨਾਂ ਸਾਈਟਾਂ ਵਿੱਚ ਉਨ੍ਹਾਂ ਦਾ ਪਿੰਡ ਰਾਮਪੁਰ, ਲੁਧਿਆਣਾ, ਜਿੱਥੇ ਉਹ ਜੰਮੇ,ਪਲੇ ਅਤੇ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ (3 ਸਤੰਬਰ), ਸੁਬਾਠੂ, ਜਿੱਥੇ ਉਨ੍ਹਾਂ ਦਾ ਘਰ ਹੈ (5 ਸਤੰਬਰ); ਸ਼ਿਮਲਾ, ਜਿੱਥੇ ਉਨ੍ਹਾਂ ਨੇ ਬਪਤਿਸਮਾ ਲਿਆ ਸੀ (6 ਸਤੰਬਰ); ਅਤੇ ਕੋਟਗੜ੍ਹ, ਜਿੱਥੇ ਉਨ੍ਹਾਂ ਦੀ ਗੁਫਾ ਹੈ, (7 ਅਤੇ 8 ਸਤੰਬਰ)।
“ਡਾਇਓਸਿਸ ਨੇ ਕੋਟਗੜ੍ਹ ਵਿਖੇ ਸਥਿਤ ਸਾਧੂ ਸੁੰਦਰ ਸਿੰਘ ਦੀ ਗੁਫ਼ਾ ਨੂੰ ਹਾਸਲ ਅਤੇ ਵਿਕਸਤ ਕਰਨ ਦੀ ਇਜਾਜ਼ਤ ਲਈ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਹੈ,” ਦ ਮੋਸ੍ਟ ਰੇਵ ਡਾ ਪੀ ਕੇ ਸਾਮੰਤਾ ਰਏ, ਬਿਸ਼ਪ, ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ ਨੋਰਥ ਇੰਡੀਆ, ਨੇ ਕਿਹਾ।
ਸਾਧੂ ਸੁੰਦਰ ਸਿੰਘ, ਜਿਨ੍ਹਾਂ ਨੇ ਕਿਸੇ ਲਾਲਚ ਜਾਂ ਦਬਾਅ ਹੇਠ ਨਹੀਂ ਬਲਕਿ ਪ੍ਰਭੂ ਯਿਸੂ ਮਸੀਹ ਨਾਲ ਆਪਣੇ ਨਿੱਜੀ ਤਜਰਬੇ ਕਾਰਨ ਈਸਾਈ ਧਰਮ ਅਪਣਾਇਆ ਸੀ, ਨੂੰ ਅੰਤਰ-ਧਾਰਮਿਕ ਸਦਭਾਵਨਾ ਦਾ ਪ੍ਰਤੀਕ ਦੱਸਦਿਆਂ ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਇਹ ਤੀਰਥ ਯਾਤਰਾ ਉਨ੍ਹਾਂ ਸਾਰਿਆਂ ਲਈ ਹੈ ਜੋ ਸਾਧੂ ਸੁੰਦਰ ਸਿੰਘ ਦੀ ਵਿਰਾਸਤ ਦਾ ਸਨਮਾਨ ਕਰਦੇ ਹਨ। ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਵੀ ਅਜਿਹੀਆਂ ਹੋਰ ਤੀਰਥ ਯਾਤਰਾਵਾਂ ਦਾ ਆਯੋਜਨ ਕਰਨ ਲਈ ਡਾਇਓਸੀਜ਼ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸੇ ਦੌਰਾਨ ਡਾਇਸਿਸ ਵੱਲੋਂ ਐਤਵਾਰ, 1 ਸਤੰਬਰ ਨੂੰ ਸਾਧੂ ਸੁੰਦਰ ਸਿੰਘ ਦਿਵਸ ਵੀ ਮਨਾਇਆ ਗਿਆ। ਇਸ ਦੌਰਾਨ ਸਾਧੂ ਸੁੰਦਰ ਸਿੰਘ ਵੱਲੋਂ ਈਸਾਈ ਧਰਮ ਪ੍ਰਤੀ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਡਾਇਓਸਿਸ ਨੇ ਆਪਣੇ ਸਾਰੇ ਚਰਚਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ।