ਚੰਡੀਗੜ – ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਖਤ ਲਿਹਾਜ਼ੇ ਵਿੱਚ ਕਿਹਾ ਕਿ ਕਿਸੇ ਵੀ ਸਰਕਾਰ ਨੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਜੀਦਗੀ ਨਾਲ ਕੰਮ ਨਹੀ ਕੀਤਾ। ‘ਵਿਸ਼ਵ ਦਰਿਆ ਦਿਵਸ’ ਮੌਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆ ਪੰਜਾਬ ਦੀ ਅਣਮੁੱਲੀ ਵਿਰਾਸਤ ਹਨ, ਇਹਨਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਪੰਜਾਬੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ। ਉਹਨਾਂ ਕਿਹਾ ਕਿ ਦਰਿਆਵਾਂ ਨੂੰ ਗੰਦੇ ਹੋਣ ਤੋਂ ਬਚਾਉਣ ਲਈ ਕਿਸੇ ਵੀ ਸਰਕਾਰ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਜੁਆਬਦੇਹੀ ਤੈਅ ਨਹੀਂ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਸਦੀਆਂ ਤੋਂ ਲੋਕ ਨਦੀਆਂ ਨੂੰ ਪੂਜਦੇ ਆ ਰਹੇ ਹਨ, ਇਹ ਗੱਲ ਕਿਸੇ ਦੇ ਚਿੱਤ ਖਿਆਲ ਵਿੱਚ ਵੀ ਨਹੀਂ ਸੀ ਕਿ ਨਦੀਆਂ ਨੂੰ ਪੂਜਣ ਵਾਲੇ ਦੇਸ਼ ਵਿੱਚ ਲੋਕ ਇਹਨਾਂ ਨੂੰ ਜ਼ਹਿਰਲੀਆਂ ਨਦੀਆਂ ਵਿੱਚ ਬਦਲ ਕਿ ਰੱਖ ਦੇਣਗੇ।
ਜ਼ਿਕਰਯੋਗ ਹੈ ਕਿ 2005 ਤੋਂ ਸੰਸਾਰ ਪੱਧਰ ’ਤੇ 22 ਸਤੰਬਰ ਨੂੰ ਵਿਸ਼ਵ ਦਰਿਆ ਦਿਵਸ ਮਨਾਇਆ ਜਾਂਦਾ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਨਾਮ ਹੀ ਪੰਜਾਂ ਦਰਿਆਵਾਂ ਕਾਰਨ ਪਿਆ ਹੈ। ਬਦਕਿਸਮਤੀ ਨਾਲ 1947 ਵਿੱਚ ਦੇਸ਼ ਦੀ ਹੋਈ ਵੰਡ ਦੌਰਾਨ ਪੰਜਾਂ ਦਰਿਆਵਾਂ ਦੀ ਇਹ ਧਰਤੀ ਵੰਡੀ ਗਈ ਤੇ ਨਾਲ ਹੀ ਇਸਦੇ ਦਰਿਆ ਵੀ ਵੰਡੇ ਗਏ। ਉਹਨਾਂ ਕਿਹਾ ਕਿ ਪੰਜਾਬ ਕੋਲ ਸਿਰਫ ਹੁਣ ਢਾਈ ਦਰਿਆ ਹਨ, ਉਹਨਾਂ ਵਿੱਚੋਂ ਵੀ ਸਭ ਤੋਂ ਵੱਡਾ ਦਰਿਆ ਸਤਲੁਜ ਨੂੰ ਹੱਦ ਦਰਜ਼ੇ ਤੱਕ ਪਲੀਤ ਕਰ ਦਿੱਤਾ ਗਿਆ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਵੇਲੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਸੀ ਉਸਦਾ ਜਲ ਵੀ ਸਤਲੁਜ ਦਰਿਆ ਵਿੱਚੋਂ ਲਿਆ ਗਿਆ ਸੀ।
ਅੰਮ੍ਰਿਤ ਦੀ ਦਾਤ ਬਖਸ਼ਣ ਵਾਲਾ ਸਤਲੁਜ ਦਰਿਆ ਹੁਣ ਇਲਾਕੇ ਵਿੱਚ ਕੈਂਸਰ ਰੂਪੀ ਮੌਤ ਵੰਡ ਰਿਹਾ ਹੈ। ਹਾਲ ਹੀ ਵਿੱਚ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸੰਪਨ ਹੋਏ ‘8ਵੇਂ ਇੰਡੀਅਨ ਵਾਟਰ ਵੀਕ’ ਦੌਰਾਨ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ ਦੀਆਂ ਨਦੀਆਂ ਨੂੰ ਤੇ ਦਰਿਆਵਾਂ ਨੂੰ ਪਲੀਤ ਕਰਨ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਖਾਸ ਕਰਕੇ ਆਈ.ਏ.ਐਸ ਅਧਿਕਾਰੀ ਜ਼ਿੰਮਵਾਰ ਹਨ।
ਉਹਨਾਂ ਕਿਹਾ ਕਿ ਹਰ ਅਧਿਕਾਰੀ ਨੂੰ 1974 ਦੇ ਵਾਟਰ ਐਕਟ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਇਸਨੂੰ ਲਾਗੂ ਕਰਵਾਉਣ ਵਿੱਚ ਅਸਫਲ ਰਹੇ ਹਨ।ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆਵਾਂ ਤੇ ਰਾਜਨੀਤੀ ਤਾਂ ਬਹੁਤ ਹੁੰਦੀ ਹੈ ਪਰ ਕੋਈ ਵੀ ਸਰਕਾਰ ਇਹਨਾਂ ਨੂੰ ਸਾਫ਼ ਕਰਨ ਵੱਲ ਤਰਜੀਹ ਨਹੀ ਦਿੰਦੀ। ਸੰਤ ਸੀਚੇਵਾਲ ਨੇ ਦਰਿਆਵਾਂ ਦੇ ਵਾਰਿਸ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਵਿਰਾਸਤ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ। ਸਤਲੁਜ ਦਰਿਆ ਵਿੱਚ ਸਮੱਗਰੀ ਅਤੇ ਪਲਾਸਟਿਕ ਦੇ ਲਿਫਾਫੇ ਸੁੱਟਣ ਤੋਂ ਰੋਕ ਲਈ ਲੱਗੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਸਾਰੇ ਪੰਜਾਬੀਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਹਿਰੇਦਾਰੀ ਕਰਨ।
previous post
next post
