ਦੁਬਈ – ਇਰਾਨ ਦੀ ਸੈਨਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਉਸਦੇ ਇਲਾਮ, ਖੁਜਸਤਾਨ ਅਤੇ ਤੇਹਰਾਨ ਸੂਬੇ ਵਿਚ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ, ਜਿਸ ਵਿਚ ਸੀਮਤ ਨੁਕਸਾਨ ਹੋਇਆ ਹੈ। ਇਰਾਨ ਦੇ ਹਥਿਆਰਬੰਦ ਬਲਾਂ ਦਾ ਇਹ ਬਿਆਨ ਸਰਕਾਰੀ ਟੈਲੀਵਿਜ਼ਨ ਚੈਨਲ ’ਤੇ ਪੜਿ੍ਹਆ ਗਿਆ, ਪਰ ਇਸ ਦੌਰਾਨ ਹਮਲਿਆਂ ’ਚ ਹੋਏ ਨੁਕਸਾਨ ਨਾਲ ਸਬੰਧਤ ਕੋਈ ਤਸਵੀਰ ਨਹੀਂ ਦਿਖਾਈ ਗਈ। ਇਰਾਨ ਦੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਮਲਿਆਂ ਨਾਲ ਹੁਣ ਵਾਲੇ ਨੁਕਸਾਨ ਨੂੰ ਸੀਮਤ ਕਰ ਦਿੱਤਾ, ਹਲਾਂਕਿ ਉਸਨੇ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ।ਉਧਰ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਦੇਸ਼ ਵਿੱਚ ਮਿਜ਼ਾਈਲ ਨਿਰਮਾਣ ਪਲਾਂਟਾਂ ਅਤੇ ਹੋਰ ਸਾਈਟਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਸ ਦੇ ਜਹਾਜ਼ ਈਰਾਨ ਵਿਚ ਹਮਲੇ ਕਰਨ ਤੋਂ ਬਾਅਦ ਸੁਰੱਖਿਅਤ ਪਰਤ ਗਏ ਹਨ।ਅਮਰੀਕਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਹਮਲਿਆਂ ਦਾ ਹਿਸਾਬ ਬਰਾਬਰ ਹੋ ਚੁੱਕਿਆ ਹੈ, ਹੁਣ ਦੋਹਾਂ ਦੇਸ਼ਾਂ ਵੱਲੋਂ ਸੈਨਿਕ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਨੇ ਇਰਾਨ ਨੂੰ ਇਜਰਾਈਲ ’ਤੇ ਜਵਾਬੀ ਹਮਲਾ ਕਰਨ ’ਤੇ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸਦੇ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਇਜ਼ਰਾਇਲੀ ਅਭਿਆਨ ਤੋਂ ਬਾਅਦ ਹੁਣ ਦੋਹਾਂ ਦੇਸ਼ਾਂ ਵਿਚ ਸਿੱਧੇ ਸੈਨਿਕ ਹਮਲੇ ਬੰਦ ਹੋਣੇ ਚਾਹੀਦੇ ਹਨ। ਇਸ ਨਾਲ ਹੋ ਸਹਿਯੋਗੀ ਦੇਸ਼ ਵੀ ਸਹਿਮਤ ਹਨ।