ਪਟਿਆਲਾ – ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲ ਹੋਣ ਦੇ ਭਰਪੂਰ ਮੌਕੇ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਹੁਣ ਤੱਕ 50,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਮਿਸ਼ਨ ਰੋਜ਼ਗਾਰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਵੇਂ ਹੁਣ ਤੱਕ ਸੂਬੇ ਦੇ ਕਰੀਬ 50,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਦੇਣ ਲਈ ਜਲਦੀ ਸਿਹਤ, ਸਿੱਖਿਆ ਅਤੇ ਹੋਰ ਪ੍ਰਮੁੱਖ ਵਿਭਾਗਾਂ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲ ਹੋਣ ਦੇ ਭਰਪੂਰ ਮੌਕੇ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਹੁਣ ਤੱਕ 50,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੋਰ ਨਵੇਂ ਰਾਹ ਖੋਲ੍ਹੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਨੌਜਵਾਨਾਂ ਨੂੰ ਅਡਜਸਟ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਫ਼ਲਤਾ ਲਈ ਕੋਈ ਸ਼ਾਰਟ ਕੱਟ ਨਹੀਂ ਹੈ ਅਤੇ ਜਿੱਤ ਦੀ ਇੱਕੋ-ਇੱਕ ਕੁੰਜੀ ਸਖ਼ਤ ਮਿਹਨਤ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ ਅਤੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਤਾਂ ਜੋ ਉਹ ਜੀਵਨ ਵਿੱਚ ਆਪਣੇ ਮਿੱਥੇ ਟੀਚੇ ਪ੍ਰਾਪਤ ਕਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਵਿੱਚ ਨੌਜਵਾਨਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪ੍ਰਾਪਤੀ ‘ਤੇ ਮਾਣ ਨਾ ਕਰਨ, ਸਗੋਂ ਹਲੀਮੀ ਨਾਲ ਕੰਮ ਕਰਨ ਅਤੇ ਹੋਰ ਸਫ਼ਲਤਾ ਲਈ ਸਖ਼ਤ ਮਿਹਨਤ ਕਰਨ। ਭਗਵੰਤ ਸਿੰਘ ਮਾਨ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਉੱਚ ਆਸਾਮੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਧਰਤੀ ਨਾਲ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਕਿਹਾ ਕਿਉਂਕਿ ਇਹ ਹੀ ਸਫ਼ਲਤਾ ਦੀ ਅਸਲ ਕੁੰਜੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪਲੇਟਫ਼ਾਰਮ ਦੀ ਵਰਤੋਂ ਜ਼ਿੰਦਗੀ ਵਿੱਚ ਹੋਰ ਅਗਾਂਹ ਵਧਣ ਦੇ ਨਾਲ-ਨਾਲ ਚੰਗੇ ਇਨਸਾਨ ਬਣਨ ਲਈ ਕਰਨੀ ਚਾਹੀਦੀ ਹੈ।
ਭਗਵੰਤ ਸਿੰਘ ਮਾਨ ਨੇ ਤਨਜ਼ ਕੱਸਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਇੱਕ ਕਾਨਵੈਂਟ ਸਕੂਲਾਂ ਦਾ ਪੜ੍ਹਿਆ ਸਿਆਸੀ ਆਗੂ ਹੈ, ਜੋ ਸੂਬੇ ਦੀ ਮੂਲ ਭੂਗੋਲਿਕ ਸਥਿਤੀ ਤੋਂ ਜਾਣੂ ਨਹੀਂ ਪਰ ਸੂਬੇ ਦੀ ਸੱਤਾ ਹਾਸਲ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦਾ ਰਿਕਾਰਡ ਪੰਜਾਬ ਨੂੰ ਹਮੇਸ਼ਾ ਪਿੱਠ ਵਿਖਾਉਣ ਕਾਰਨ ਸ਼ੱਕੀ ਰਿਹਾ ਹੈ। ਕੈਪਟਨ ਦਾ ਪਰਿਵਾਰ ਹਮੇਸ਼ਾ ਸੂਬਾ ਵਿਰੋਧੀ ਤਾਕਤ ਭਾਵੇਂ ਉਹ ਮੁਗ਼ਲ ਹੋਣ, ਅੰਗਰੇਜ਼ ਜਾਂ ਹੁਣ ਭਾਜਪਾ ਹੋਵੇ, ਇਨ੍ਹਾਂ ਦੁਸ਼ਮਣ ਤਾਕਤਾਂ ਨਾਲ ਖੜ੍ਹ ਕੇ ਪੰਜਾਬ ਨੂੰ ਧੋਖਾ ਦਿੰਦਾ ਰਿਹਾ ਹੈ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲਿਆਂ ਦੇ ਮਾਹਰ ਹਨ, ਜੋ ਕਿਸੇ ਵੀ ਥਾਂ ਜਾਂ ਘਟਨਾ ਨਾਲ ਖ਼ੁਦ ਨੂੰ ਜੋੜ ਸਕਦੇ ਹਨ।