ਐਡੀਲੇਡ – ਅੱਜ ਐਡੀਲੇਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਖੇਡਣ ਲਈ ਮੈਦਾਨ ਵਿੱਚ ਉਤਰਨਗੀਆਂ। ਭਾਰਤ ਇਸ ਮੈਚ ਵਿੱਚ ਪਰਥ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਉਤਰੇਗਾ। ਪਰ ਪਿੰਕ ਬਾਲ ਨਾਲ ਖੇਡੇ ਜਾਣ ਵਾਲੇ ਇਸ ਡੇਅ-ਨਾਈਟ ਟੈਸਟ ਮੈਚ ਵਿੱਚ ਪਰਥ ’ਚ ਮਿਲੀ ਇਤਿਹਾਸਿਕ ਜਿੱਤ ਦਾ ਜ਼ਿਆਦਾ ਮਹੱਤਵ ਨਹੀਂ ਹੋਵੇਗਾ। ਆਸਟ੍ਰੇਲੀਆ ਨੇ ਪਰਥ ਵਿੱਚ ਆਤਮ-ਸਮਰਪਣ ਜ਼ਰੂਰ ਕੀਤਾ ਸੀ ਪਰ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਉਸ ਕੋਲ ਪਲਟਵਾਰ ਕਰਨ ਦਾ ਹੁਨਰ ਹੈ। ਅਸਲ ਵਿੱਚ ਫਲੱਡਲਾਈਟਸ ਹੇਠਾਂ ਖੇਡੇ ਜਾਣ ਵਾਲਾ ਇਹ ਟੈਸਟ ਮੈਚ, ਦੋਵਾਂ ਟੀਮਾਂ ਲਈ ਬਿਲਕੁਲ ਨਵਾਂ ਤਜਰਬਾ ਹੋਵੇਗਾ। ਖਾਸਕਰ ਭਾਰਤ ਦੇ ਲਈ। ਕਪਤਾਨ ਰੋਹਿਤ ਸ਼ਰਮਾ ਸਿੱਧਾ ਗੁਲਾਬੀ ਬਾਲ ਨਾਲ ਖੇਡਣ ਲਈ ਉਤਰਨਗੇ। ਕੇਐੱਲ ਰਾਹੁਲ ਪਰਥ ਵਿੱਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਅਜਿਹੇ ਵਿੱਚ ਸਵਾਲ ਉੱਠ ਸਕਦਾ ਹੈ ਕਿ ਰੋਹਿਤ ਨੂੰ ਬੱਲੇਬਾਜ਼ੀ ਵਿੱਚ ਕਿਸ ਕ੍ਰਮ ’ਤੇ ਉਤਾਰਿਆ ਜਾਵੇ। ਹਾਲ ਦੇ ਸਮੇਂ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਪਹਿਲਾਂ ਉਹ ਬਿਨਾਂ ਕਿਸੇ ਜ਼ੋਖ਼ਮ ਦੇ ਸ਼ੁੱਧ ਟੈਸਟ ਓਪਨਰ ਵਾਂਗ ਖੇਡਦੇ ਸਨ। ਪਰ ਹੁਣ ਉਹ ਥੋੜ੍ਹਾ ਤੇਜ਼ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਆਸਟ੍ਰੇਲੀਅਨ ਪਿੱਚਾਂ ’ਤੇ ਇਸ ਤਰ੍ਹਾਂ ਦੀ ਕੋਸ਼ਿਸ਼ ਉਨ੍ਹਾਂ ਦੀ ਫੌਰਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸ਼ੁਭਮਨ ਗਿੱਲ ਵੀ ਆਸਟਰੇਲੀਆ ਦੌਰੇ ਦਾ ਆਪਣਾ ਪਹਿਲਾ ਮੈਚ ਖੇਡਣਗੇ। ਰੋਹਿਤ ਦੀ ਤਰ੍ਹਾਂ ਉਨ੍ਹਾਂ ਲਈ ਗੁਲਾਬੀ ਗੇਂਦ ਅਤੇ ਦੋ ਤਰ੍ਹਾਂ ਦੀ ਰੋਸ਼ਨੀ ਵਿਚਕਾਰ ਤਾਲਮੇਲ ਕਰਨਾ ਚੁਣੌਤੀਪੂਰਨ ਹੋਵੇਗਾ।