ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਸਬੰਧੀ ਸਮਾਰੋਹ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਰੋਹ ਮੌਕੇ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਅਲੱਗ ਗਤੀਵਿਧੀਆਂ ’ਚ ਆਪਣੇ ਮੁਕਾਮ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਪ੍ਰਿੰ: ਅਮਨਪ੍ਰੀਤ ਕੌਰ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਉਜਵੱਲ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਮੂੰਹ ਮੈਂਬਰ ਸਾਹਿਬਾਨ ਖਾਸ ਕਰਕੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰ, ਖੇਡਾਂ, ਭਾਸ਼ਣ, ਪੇਟਿੰਗ, ਰੰਗੋਲੀ, ਗਿੱਧਾ ਭੰਗੜਾ ਆਦਿ ਕਈ ਤਰ੍ਹਾਂ ਦੀਆਂ ਸਰਗਰਮੀਆਂ ’ਚ ਹਿੱਸਾ ਲੈਂਦਿਆਂ ਕਾਲਜ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਬੀਤੇ ਵੱਖ-ਵੱਖ ਸਮੇਂ ਦੌਰਾਨ ਵਿਦਿਆਰਥੀਆਂ ਨੇ ਖਾਲਸਾ ਕਾਲਜ ਵਿਖੇ ਕਰਵਾਏ ਗਏ ਵਾਲੀਵਾਲ, ਬੈਡਮਿੰਟਨ, ਕ੍ਰਿਕੇਟ, ਟੇਬਲ ਟੈਨਸ ਅਤੇ ਐਥਲੈਟਿਕਸ ਅਤੇ ਅਤੇ ਖ਼ਾਲਸਾ ਕਾਲਜ ਵੂਮੈਨ ਵੱਲੋਂ ਆਯੋਜਿਤ ਯੂਥ ਫ਼ੈਸਟੀਵਲ ਦੇ ਪੋਸਟਰ ਮੇਕਿੰਗ, ਪੇਟਿੰਗ, ਸੋਲੋ ਡਾਂਸ, ਲੋਕ ਨਾਚ, ਪੰਜਾਬੀ ਪਹਿਰਾਵਾ, ਕਵਿਤਾਵਾਂ ਦੇ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਸੀ.-2 ਸਮੈਸਟਰ ਦੀ ਭਾਵਿਕਾ ਨੇ ਸ਼ਤਰੰਜ ’ਚ ਦੂਜਾ, ਬੀ. ਐੱਸ. ਸੀ.-2 ਸਮੈਸਟਰ ਦੀ ਰੀਆ ਨੇ ਟੇਬਲ ਟੈਨਿਸ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਯੂਥ ਫੈਸਟੀਵਲ ’ਚ ਕਾਲਜ ਵੱਲੋਂ ਪੇਸ਼ ਕੀਤੀ ਗਈ ਲੁੱਡੀ (ਲੋਕ ਨਾਚ) ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਲਚਰਲ ਕਮੇਟੀ ਮੈਂਬਰ ਜਤਿੰਦਰ ਕੌਰ, ਸਿਮਰਨਜੀਤ ਕੌਰ, ਸਪੋਰਟਸ ਕਮੇਟੀ ਦੇ ਕਵਲਜੀਤ ਕੌਰ, ਸਾਬਿਆ ਅਰੋੜਾ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਭਵਿੱਖ ’ਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਕਾਲਜ ਵੱਲੋਂ ਹੋਰ ਪ੍ਰੋਗਰਾਮ ਉਲੀਕੇ ਜਾਣਗੇ।