Punjab

ਬੀਕੇਯੂ ਡਕੌਂਦਾ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਸ਼ੁਰੂ: ਨਾਨਕ ਸਿੰਘ ਅਮਲਾ ਸਿੰਘ ਵਾਲਾ 

ਮਹਿਲਕਲਾਂ –  ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਇਤਿਹਾਸਕ ਪਿੰਡ ਰਾਏਸਰ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਅਮਨਾ ਰਾਏਸਰ ਅਤੇ ਮਨਜੀਤ ਸਿੰਘ ਗੋਰਾ ਰਾਏਸਰ ਨੇ ਦੱਸਿਆ ਕਿ ਕਿਸਾਨੀ ਸੰਘਰਸ਼ਾਂ ਲਈ ਫੰਡ ਦੀ ਵੱਡੀ ਮਹੱਤਤਾ ਹੈ। ਕਿਉਂਕਿ ਸਾਡੀ ਜਥੇਬੰਦੀ ਵੱਡੇ ਵਪਾਰਕ ਅਦਾਰਿਆਂ ਕੋਲੋਂ ਫੰਡ ਨਹੀਂ ਲੈਂਦੀ। ਜਿਸ ਕਿਸਾਨੀ ਲਈ ਸੰਘਰਸ਼ ਕਰਦੇ ਹਾਂ, ਉਨ੍ਹਾਂ ਕਿਸਾਨਾਂ ਕੋਲੋਂ ਹੀ ਫੰਡ ਦੇ ਰੂਪ ਵਿੱਚ ਮਾਇਕ ਸਹਾਇਤਾ ਲਈ ਲਈ ਜਾਂਦੀ ਹੈ।
ਇਸ ਸਮੇਂ ਜਥੇਬੰਦੀ ਦੇ ਆਗੂਆਂ ਜਗਰਾਜ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ ਨੇ ਘਰ-ਘਰ ਫੰਡ ਮੁਹਿੰਮ ਸਮੇਂ ਕਿਹਾ ਕਿ ਮੌਜੂਦਾ ਸਮੇਂ ਕਿਸਾਨੀ ਨੂੰ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਬਾਰਡਰਾਂ ਤੇ ਲੜੇ ਗਏ ਇਤਿਹਾਸਕ ਜੇਤੂ ਘੋਲ ਦੀਆਂ ਮੰਗਾਂ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦਾ ਮੁੱਲ ਤਹਿ ਕਰਵਾਉਣ, ਸਾਰੀਆਂ ਫਸਲਾਂ ਤੇ ਐੱਮ ਐਸ ਪੀ ਅਤੇ ਸਰਕਾਰੀ ਖ੍ਰੀਦ ਦੀ ਗਰੰਟੀ, ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ-ਮਜਦੂਰਾਂ ਨੂੰ ਬੁਢਾਪਾ ਪੈਨਸ਼ਨ, ਸੰਘਰਸ਼ ਦੌਰਾਨ ਕਿਸਾਨਾਂ ਖਿਲਾਫ਼ ਦਰਜ਼ ਕੀਤੇ ਪੁਲਿਸ ਕੇਸ ਰੱਦ ਕਰਨ ਸਮੇਤ ਬਹੁਤ ਸਾਰੀਆਂ ਬੁਨਿਆਦੀ ਮੰਗਾਂ ਬਕਾਇਆ ਪਈਆਂ ਹਨ। ਇਸੇ ਹੀ ਤਰ੍ਹਾਂ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੱਲ ਵੀ ਭਗਵੰਤ ਮਾਨ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਕੁਦਰਤ,ਸਮਾਜ ਅਤੇ ਕਿਸਾਨ ਪੱਖੀ ਖੇਤੀਬਾੜੀ ਨੀਤੀ ਜਾਰੀ ਕਰਕੇ ਫਿਰ ਉਸ ਨੂੰ ਠੰਡੇ ਬਸਤੇ ਵਿੱਚ ਪਾ ਲਿਆ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਨੂੰ ਅੱਖੋਂ ਪਰੋਖੇ ਕਰਕੇ ਪਰਾਲੀ ਸਾੜਨ ਲਈ ਮਜਬੂਰ ਹੋਏ ਕਿਸਾਨਾਂ ਖਿਲਾਫ਼ ਧੜਾ ਧੜ ਕੇਸ ਬਣਾਏ ਜਾ ਰਹੇ ਹਨ। ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਨੂੰ ਮੰਨਕੇ ਜਿਨ੍ਹਾਂ ਕਿਸਾਨਾਂ ਨੇ ਹੈਪੀ ਜਾਂ ਸੁਪਰ ਸੀਡਰ ਨਾਲ ਕਣਕ ਬੀਜੀ ਸੀ, ਨੂੰ ਸੁੰਡੀ ਬਰਬਾਦ ਕਰ ਰਹੀ ਹੈ। ਖੇਤਾਂ ਦੇ ਖੇਤ ਖ਼ਾਲੀ ਹੋ ਰਹੇ ਹਨ। ਇਸ ਦੀ ਸਭ ਤੋਂ ਵੱਧ ਮਾਰ ਕਰਜ਼ੇ ਵਿੱਚ ਨਪੀੜੀ 85% ਛੋਟੀ ਕਿਸਾਨੀ ਨੂੰ ਪੈ ਰਹੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ ਖਿਲਾਫ਼ ਮੁਕੱਦਮੇ ਦਰਜ਼ ਕਰਨ, ਲਾਲ ਇੰਦਰਾਜ਼ ਕਰਨ ਲਈ ਸੈਟੇਲਾਈਟ ਸਿਸਟਮ ਦੀ ਵਰਤੋਂ ਕਰਦੀ ਹਰਲ ਹਰਲ ਕਰਦੀ ਫਿਰ ਰਹੀ ਸੀ। ਆਗੂਆਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਜਲਦੀ ਗਿਰਦਾਵਰੀ ਕਰਕੇ ਪੀੜਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕਰੇ।
ਆਗੂਆਂ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਬੀਕੇਯੂ ਏਕਤਾ-ਡਕੌਂਦਾ ਨੇ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਦਿਵਾਉਣ ਲਈ 19 ਦਸੰਬਰ ਨੂੰ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਬਰਨਾਲਾ ਡੀਸੀ ਦਫ਼ਤਰ ਅੱਗੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਆਗੂਆਂ ਨੇ ਅਪੀਲ ਕੀਤੀ। ਆਗੂਆਂ ਨੇ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਦਾਗਣ, ਜ਼ਹਿਰੀਲੀ ਮਿਰਚਾਂ ਦੀ ਸਪਰੇਅ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਦੱਸਿਆ ਕਿ 15 ਰੋਜ਼ਾ ਫੰਡ ਮੁਹਿੰਮ ਜਾਰੀ ਰਹੇਗੀ। ਇਸ ਸਮੇਂ ਧਰਮਿੰਦਰ ਸਿੰਘ, ਜਗਸੀਰ ਸਿੰਘ ਜੱਗੀ, ਲਖਵੀਰ ਸਿੰਘ ਬੱਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

ਛੀਨਾ ਨੇ ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਸਾਈਬਰ-ਭੌਤਿਕ ਪ੍ਰਣਾਲੀਆਂ ਦੇ ਹੁਨਰ ਨੂੰ ਵਧਾਉਣ ਲਈ ‘ਅਵਧ-ਸੀ. ਪੀ. ਐੱਸ.’ ਲੈਬ ਦਾ ਕੀਤਾ ਉਦਘਾਟਨ

admin

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰ

admin