Articles

(ਵਿਅੰਗ) “ਹੁਣ ‘ਜੰਗਲੀ’ ਮੁਰਗੇ ਨੂੰ ਸਿਆਸੀ ਤੜਕਾ” !

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸੋਮਵਾਰ ਨੂੰ ਸ਼ਿਮਲਾ ਵਿੱਚ ਆਪਣੇ ਦਫ਼ਤਰ ਜਾਂਦੇ ਸਮੇਂ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਏ ਐਨ ਆਈ)
ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਅਜੇ ‘ਸਮੋਸਾ ਸਕੈਮ’ ਦਾ ‘ਪੁਲਿਟੀਕਲੀ ਤਲਿਆ’ ਜਾਣਾ ਮਸੀਂ ਕੁਝ ਮੱਠਾ ਪਿਆ ਸੀ ਕਿ ਹਿਮਾਚਲ ਵਿੱਚ ਬਰਫੀਲੀ ਪਹਾੜੀ ਠੰਡ ਵਧਣ ਨਾਲ ‘ਜੰਗਲੀ ਮੁਰਗੇ’ ਨੂੰ ਪੂਰੇ ਸੇਕ ‘ਤੇ ‘ਸਿਆਸੀ ਤੜਕਾ’ ਲਗਾਏ ਜਾਣ ਦੀ ਗਰਮੀ ਵਧਣ ਲਗ ਪਈ ਹੈ! ਸਾਡੇ ਇਸ ਗੁਆਂਢੀ ਸੂਬੇ ਵਿਚ ‘ਜੰਗਲੀ ਮੁਰਗੇ’ ਨੂੰ ਖੂੁਬ ਮਿਰਚ ਮਸਾਲਾ ਲਾਇਆ ਜਾ ਰਿਹਾ ਹੈ, ਜਿਸ ਕਾਰਨ ਕਈਆਂ ਦੇ ਮਿਰਚਾਂ ਲੜ ਰਹੀਆਂ ਹਨ ਅਤੇ ਕਈ ਮੁਰਗੇ ਦੀ ਕਰਾਰੀ ਕਰਾਰੀ ਤਰਕਾਰੀ ਤੇ ਸੰਖੀਆਂ ਦੇ ਸੁਆਦ ਨਾਲ ਚਟਖਾਰੇ ਲੈ ਰਹੇ ਹਨ!

ਗਲ ਦਰਅਸਲ ਇੱਕ ਫਿਕਰੇ ਤੋਂ ਤੁਰੀ-“ਇਨ ਕੋ ਦੋ ਜੰਗਲੀ ਮੁਰਗਾ, ਹਮੇਂ ਥੋੜੀ ਖਾਨਾ ਹੈ”। ਇਹ ਗਲ ਕਿਸੇ ‘ਲੱਲੀ-ਛੱਲੀ’ ਨੇ ਨਹੀਂ ਸੀ ਕਹੀ ਸਗੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੂੱਖੂ ਨੇ ਕਹੀ ਸੀ। ਆਹ ਲੰਘੇ ਸ਼ੁਕਰਵਾਰ (ਦਸੰਬਰ 13) ਦੀ ਤਾਂ ਗਲ ਹੈ, ਸ਼ਿਮਲਾ ਜ਼ਿਲੇ ਦੇ ਟਿੱਕਰ/ਕੁਪਵੀ ਇਲਾਕੇ ਦੀ। ਮੁੱਖ ਮੰਤਰੀ ਆਪਣੇ ਸਾਥੀ ਸਿਹਤ ਮੰਤਰੀ ਅਤੇ ਹੋਰ ਆਮਲੇ ਫੇੈਲੇ ਨਾਲ ਉਸ ਇਲਾਕੇ ਵਿਚ ‘ ਸਰਕਾਰ ਗਾਂਉਂ ਕੇ ਦਵਾਰ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਗਏ ਸਨ ਕਿ ਆਪ ਮੁਸ਼ਕਲ ਵਿਚ ਫਸ ਗਏ। ‘ਸਿਹਤ ਮੰਤਰੀ’ ਦੀ ਸਿਹਤ ਦਾ ਖਿਆਲ ਰਖਦਿਆਂ ਅਤੇ ਮੁੱਖ ਮੰਤਰੀ ਪ੍ਰਤੀ ਉਚੇਚੀ ਪ੍ਰਾਹੁਣਚਾਰੀ ਦਰਸਾਉਂਦਿਆਂ ਇਲਾਕਾ ਨਿਵਾਸੀਆਂ ਵਲੋਂ ‘ਜੰਗਲੀ ਮੁਰਗਾ’ (ਜਾਂ ਦੇਸੀ ਮੁਰਗਾ) ਖਾਣੇ ਵਿੱਚ ਪ੍ਰੋਸਿਆ ਗਿਆ। ਪਹਾੜਾਂ ਵਿਚ ਠੰਡ ਵੀ ਵਧੇਰੇ ਪੈਂਦੀ ਹੈ, ਸੋ ਗਰਮ ਹੋਣ ਲਈ ਮੁਰਗ-ਮੁਸੱਲਮ ਤਾਂ ਚਲਦਾ ਈ ਐ। ਪਹਾੜਾਂ ‘ਚ ਹੀ ਕਿਉਂ, ਸਾਡੇ ਮੈਦਾਨੀ ਇਲਾਕਿਆਂ ਵਿਚ ਵੀ ਖਾਸ ਮਹਿਮਾਨ/ਪ੍ਰਾਹੁਣਾ ਆ ਜਾਣ ‘ਤੇ ਨਗਰ-ਖੇੜਿਆਂ/ਪਿੰਡਾਂ-ਥਾਂਵਾਂ ਤੇ ਘਰ ਦਾ ਮੁਰਗਾ ਬਨਾਉਣ ਦਾ ਰਿਵਾਜ ਰਿਹੈ (ਹੋ ਸਕਦੈ ਹੁਣ ਵੀ ਹੋਵੇ)। ਜਵਾਈ-ਭਾਈ, ਜਿਸ ਨੂੰ ਪਹਿਲਾਂ ਪਿੰਡਾਂ ‘ਚ ‘ਪ੍ਰਾਹੁਣਾ’ ਕਿਹਾ ਜਾਂਦਾ ਸੀ, ਦੇ ਆਉਣ ‘ਤੇ ਤਾਂ ਪੱਕਾ ਦੇਸੀ ਮੁਰਗਾ ਧਰਿਆ ਜਾਂਦਾ ਸੀ।ਪਹਿਲੇ ਵੇਲਿਆਂ ‘ਚ ਘਰਾਂ ‘ਚ ਕੁੱਕੜ-ਕੁਕੜੀਆਂ ਆਮ ਰਖੇ ਜਾਂਦੇ ਸਨ। ਇੱਕ ਤਾਂ ਘਰ ਦੇ ਅੰਡੇ ਹੋ ਜਾਂਦੇ ਸਨ, ਦੂਜਾ ਅੰਡੇ ਵੇਚਣ ਨਾਲ ਕੁਝ ਕਮਾਈ ਵੀ ਹੋ ਜਾਂਦੀ ਸੀ। ਇੱਕ ਪੰਥ ਦੋ ਕਾਜ (ਸਗੋਂ ਤਿੰਨ ਕਾਜ) ਵਾਂਗ ਫੁੱਫੜ/ਭਣਵਈਆ/ਜਵਾਈ ਆਉਣ ‘ਤੇ ਘਰ ਦਾ ਦੇਸੀ ਕੁੱਕੜ ਧਰਿਆ ਜਾਂਦਾ ਸੀ। ਤੇ ਨਾਨਾ/ਮਾਮਾ ਆਉਣ ‘ਤੇ ਵੀ, ਕਿਉਂਕਿ ‘ਸਾਰੀ ਖੁਦਾਈ ਇਕ ਤਰਫ ਜੋਰੂ ਕਾ ਭਾਈ ਇਕ ਤਰਫ’)। ਲਗਭਗ ਹਰ ਘਰ/ਹਵੇਲੀ ‘ਚ ਇੱਕ ਖੁੱਡਾ ਜ਼ਰੂਰ ਹੁੰਦਾ ਸੀ ਜਿਸ ਵਿਚ ਰਾਤ ਨੂੰ ਮੁਰਗੇ-ਮੁਰਗੀਆਂ ਡੱਕੇ ਜਾਂਦੇ ਸਨ।

ਸੁੱਖੂ ਜੀ ਵਾਲੇ ਮਾਮਲੇ ‘ਚ ਇੱਕ ਬਹੁਤ ਹੀ ਵਿਸ਼ੇਸ਼ ਵਿਅਕਤੀ (ਵੀ.ਵੀ.ਆਈ.ਪੀ.) ਵਲੋਂ ਇੱਕ ‘ਨਿਮਾਣੇ’ ਪਿੰਡ ਨੂੰ ਨਿਵਾਜਣਾ ਸੀ,ਭਾਵ ‘ਕੀੜੀ ਘਰ ਨਰੈਣ ਆਉਣ’ ਵਰਗੀ ਘਟਨਾ। ਸੋ,ਪ੍ਰਾਹੁਣਚਾਰੀ ‘ਚ ਉਚੇਚ ਤਾਂ ਹੋਣੀ ਹੀ ਸੀ।

ਤੇ ਭਾਜਪਾ ਨੇ ਸੁੱਖੂ ਉਪਰ ਭਰਵਾਂ ਸਿਆਸੀ ਵਾਰ ਕਰ ਦਿਤਾ। ਲਗਦੈ ਭਾਜਪਾ ਤਾਂ ਇਸ ਉਡੀਕ ਵਿਚ ਈ ਰਹਿੰਦੀ ਐ ਕਿ ਕਦ ਸੁੱਖੂ ਕੋਈ ਖਾਣ-ਪੀਣ ਦੀ ਗਲਤੀ ਕਰੇ ਤੇ ਕਦ ਉਹ ਉਸ ਨੂੰ ਘੇਰੇ। ਭਾਜਪਾ ਨੇਤਾਵਾਂ ਨੇ ਸੁੱਖੂ ਦੀ ਇਸ ਦਾਅਵਤ ਵਿਚਲੀ ਗਲਬਾਤ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਆਪਣੇ ਸਿਆਸੀ ਤੀਰ ਦਾਗਣੇ ਸ਼ੁਰੂ ਕਰ ਦਿਤੇ।ਵਿਰੋਧੀ ਧਿਰ ਦੇ ਨੇਤਾ ਅਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਸਮੇਤ ਹੋਰ ਭਾਜਪਾ ਆਗੂਆਂ ਨੇ ਹੋ-ਹੱਲਾ ਮਚਾ ਦਿਤਾ ਕਿ ਵਾਈਲਡਲਾਈਫ ਕਾਨੂੰਨ ਤਹਿਤ ਸੁਰੱਖਿਅਤ ‘ਜੰਗਲੀ ਮੁਰਗਾ’ ਮੁੱਖ ਮੰਤਰੀ ਦੀ ਪਾਰਟੀ ਵਿਚ ਸਰਵ ਕੀਤਾ ਗਿਆ।ਉਹਨਾਂ ਕਿਹਾ ਕਿ ਨਾ ਸਿਰਫ ‘ਜੰਗਲੀ ਮੁਰਗਾ’ ਪ੍ਰੋਸਿਆ ਗਿਆ ਬਲਕਿ ਇਹ ‘ਮੈਨਿਯੂ’ ਉਪਰ ਦਰਜ ਵੀ ਕੀਤਾ ਗਿਆ।ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਇਹ ਮੁਰਗਾ ਖਾਣ ਲਈ ਉਤਸ਼ਾਹਿਤ ਕਰਦੇ ਸੁਣੇ ਗਏ ਜਦ ਕਿ ਇਹ ਪ੍ਰਜਾਤੀ ‘ਵਾਈਲਡ ਲਾਈਫ ਪਰੋਟੈਕਸ਼ਨ ਐਕਟ 1972 ਅਤੇ 2022 ‘ਚ ਸੋਧੇ ਹੋਏ ਇਸ ਕਾਨੂੰਨ ਤਹਿਤ ਸੁਰਖਿਅਤ ਸ਼੍ਰੇਣੀ ਵਿਚ ਆਉਂਦੀ ਹੈ।ਇਕ ਸਵੈ-ਸੇਵੀ ਸੰਸਥਾ ਨੇ ਤਾਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਵੀ ਕਰ ਮਾਰੀ।ਇਕ ਵਿਰੋਧੀ ਨੇਤਾ ਨੇ ਸੁੱਖੂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਬਸ ਜਿੰਨੇ ਮੂੰਹ ਓਨੀਆਂ ਗਲਾਂ!

ਸੁੱਖੂ ਨੇ ਆਪ ਤਾਂ ਮੁਰਗਾ ਖਾਧਾ ਨਹੀਂ ਪਰ ਵਿਰੋਧੀ ਸਕੂਲ ਮਾਸਟਰਾਂ ਵਾਂਗ ਉਸ ਦਾ ਮੁਰਗਾ ਬਨਾਉਣ ਤੇ ਲਗੇ ਹੋਏ ਹਨ।ਜਿਵੇਂ 21 ਅਕਤੂਬਰ ਵਾਲੇ ‘ਸਮੋਸਾ ਕਾਂਡ’ ਵੇਲੇ ਸੁੱਖੂ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ,’ਮੁਰਗਾ-ਕਾਂਡ’ ਸਮੇਂ ਵੀ ਅਜਿਹਾ ਕਰਨਾ ਪਿਆ।ਉਸ ਅਨੁਸਾਰ ‘ਉਹ ਸਿਹਤ-ਇਸ਼ੂ ਕਾਰਨ ਤਲੀਆਂ ਵਸਤਾਂ ਅਤੇ ਮੀਟ ਨਹੀਂ ਖਾਂਦੇ।ਦੂਰਾਡੇ ਕਬਾਇਲੀ ਇਲਾਕਿਆਂ ਵਿਚ ਓਥੋਂ ਦੇ ਲੋਕਾਂ ਦਾ ਇਹ ਸਭਿਆਚਾਰ ਹੈ ਕਿ ਉਹ ਮਹਿਮਾਨਾਂ ਦੀ ਆਉ-ਭਗਤ ਲਈ ‘ਦੇਸੀ’ ਮੁਰਗਾ ਪ੍ਰੋਸਦੇ ਹਨ।ਪਹਾੜੀ ਇਲਾਕਿਆਂ ਵਿਚ (ਕਈ) ਲੋਕਾਂ ਦਾ ਮਾਸਾਹਾਰੀ ਹੋਣਾ ਜੀਵਨਜਾਚ ਦਾ ਹਿਸਾ ਹੈ।ਪਰ ਮੇਰੇ ਇਹ ਦਸਣ ਤੇ ਕਿ ਮੈਂ ‘ਓਇਲੀ’ ਖਾਣਾ ਤੇ ਮੁਰਗਾ ਨਹੀਂ ਖਾਦਾ ਤਾਂ ਮੇਜ਼ਬਾਨਾਂ ਨੇ ਕਿਹਾ ਕਿ ਪ੍ਰੋਸਿਆ ਗਿਆ ਮੁਰਗਾ ਕਿਸੇ ਸਟੋਰ ਤੋਂ ਨਹੀਂ ਲਿਆਂਦਾ ਗਿਆ ਸਗੋਂ ‘ਦੇਸੀ’ ਹੈ ਤਾਂ ਮੈਂ ਉਹ ਡਿਸ਼ ਆਪਣੇ ਸਾਥੀਆਂ ਨੂੰ ਪਰੋਸੇ ਜਾਣ ਲਈ ਕਿਹਾ।ਇਹ ਜੰਗਲੀ ਮੁਰਗਾ ਨਹੀਂ ਸੀ,ਸਗੋਂ ਦੇਸੀ ਮੁਰਗਾ ਸੀ।ਵਿਰੋਧੀਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਅਜਿਹੀਆਂ ਗਲਾਂ ਉਛਾਲਦੇ ਰਹਿੰਦੇ ਹਨ ਜੋ ਹੋਈਆਂ ਈ ਨਹੀਂ ਹੁੰਦੀਆਂ’।

ਪਰ ਵਿਰੋਧੀ ਤਾਂ ਆਖਿਰ ਵਿਰੋਧੀ ਹੁੰਦੇ ਹਨ।‘ਦੁਸ਼ਮਣ ਬਾਤ ਕਰੇ ਅਨਹੋਣੀ’!ਜੈ ਰਾਮ ਠਾਕੁਰ ਨੇ ਮੁੱਖ ਮੰਤਰੀ ਦੇ ਸਪਸ਼ਟਕਿਰਨ ਨੂੰ ‘ਕਵਰ-ਅਪ’(ਲੀਪਾ-ਪੋਚੀ) ਕਰਨ ਦੀ ਕੋਸ਼ਿਸ਼ ਕਿਹੈ।ਉਹਨਾਂ ਦਾਅਵਾ ਕੀਤਾ ਕਿ ਦਾਅਵਤ ਦੇ ਮੈਿਨਯੂ ਵਿਚ ‘ਜੰਗਲੀ ਮੁਰਗੇ’ ਦੀ ਡਿਸ਼ ਸ਼ਾਮਲ ਸੀ ਅਤੇ ਪਰੋਸੀ ਵੀ ਗਈ।ਕਾਨੂੰਨ ਤੋਂ ਬਚਣ ਲਈ ‘ਸ਼ੁਕਰਵਾਰ ਰਾਤ ਦਾ ‘ਜੰਗਲੀ ਮੁਰਗਾ’ ਸਨਿਚਰਵਾਰ ਦੀ ਸਵਰੇ ਨੂੰ ‘ਦੇਸੀ ਮੁਰਗਾ’ ਹੋ ਗਿਆ!

ਵਿਚਾਰਾ ਮੁਰਗਾ ਤੇ ਵਿਚਾਰਾ ਸੁੱਖੂ!

ਪਹਿਲਾਂ ਸ਼ਿਮਲੇ ਵਿਚ ਸੀ.ਆਈ.ਡੀ. ਦੇ ਅਕਤੂਬਰ ਵਾਲੇ ਇਕ ਸਮਾਗਮ ਵਿਚ ਆਲੀਸ਼ਾਨ ਹੋਟਲ ‘ਚੋਂ ਮੰਗਵਾਏ ਗਏ ਸਮੋਸਿਆਂ/ਸਨੈਕਾਂ ਦੇ 3 ਡੱਬੇ ਮੁੱਖ ਮੰਤਰੀ ਦੀ ਬਜਾਏ ਉਸ ਦਾ ਸਟਾਫ ਛਕ ਗਿਆ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਸੁਖਵਿੰਦਰ ਸੁੱਖੂ! ਹੁਣ ਮੁਰਗਾ ਤਾਂ ਛਕ ਗਏ ਸਿਹਤ ਮੰਤਰੀ ਅਤੇ ਹੋਰ ਸਾਥੀ ਪਰ ਵਿਰੋਧੀਆਂ ਦੀਆਂ ਤਲਵਾਰਾਂ ਸ਼੍ਰੀਮਾਨ ਸੁੱਖੂ ਵਲ ਉਲਰ ਰਹੀਆਂ ਹਨ!ਪਤਾ ਨਹੀਂ ਸੁੱਖੂ ਨੂੰ ਵਿਵਾਦ ਘੇਰਦੇ ਹਨ ਜਾਂ ਸੁੱਖੂ ਜੀ ਆਪ ਵਿਵਾਦਾਂ ‘ਚ ਘਿਰ ਜਾਂਦੇ ਹਨ ਇਹ ਤਾਂ ਸੈਰ-ਸਪਾਟਾ ਲਈ ਮਸ਼ਹੂਰ ਹਿਮਾਚਲ ਜਾਣੇ ਜਾਂ ਖੁਦ ਮੁਖ ਮੰਤਰੀ!

ਉਂਝ ਵਿੱਕੀਪੀਡੀਆ ਅਨੁਸਾਰ ਸਾਡੇ ਘਰਾਂ ‘ਚ ਜਾਂ ਪੋਲਟਰੀ ਫਾਰਮਾਂ ਵਿਚ ਪਾਲੇ ਜਾਂਦੇ ਮੁਰਗੇ-ਮੁਰਗੀਆਂ ਦਾ ਘਰੇਲੂਕਰਨ ‘ਲਾਲ-ਰੰਗੇ ਜੰਗਲੀ ਮੁਰਗੇ’ (ਰੱੈਡ ਜੰਗਲ ਫਾਊਲ) ਤੋਂ ਹੀ ਹੋਇਐ(ਬੇਸ਼ਕ ਹਿਮਾਚਲੀ ਜੰਗਲੀ ਮੁਰਗਾ ਸਲੇਟੀ-ਰੰਗਾ ਹੁੰਦੈ)। ਇਹ ਵੀ ਕਿਹਾ ਗਿਐ ਕਿ ਇਹ ‘ਡੁਮੈਸਟੀਕੇਸ਼ਨ’ ਦੱਖਣ-ਪੂਰਬੀ ਏਸ਼ੀਆ ਵਿਚ ਕਰੀਬ 8,000 ਸਾਲ ਪਹਿਲਾਂ ਹੋਈ!ਇਹ ਜੀਵ ਮੀਟ,ਅੰਡੇ,ਖੰਭ ਜਾਂ ਕੁੱਕੜ-ਭੇੜ(ਕਾਕ-ਫਾਈਟ) ਲਈ ਪਾਲੇ ਜਾਂਦੇ ਹਨ।ਇਸ ਸਰੋਤ ਅਨੁਸਾਰ ਵਿਸ਼ਵ ਵਿਚ 2023 ‘ਚ ਇਹਨਾਂ ਦੀ ਕੁਲ ਸੰਖਿਆ 26.5 ਬਿਲੀਅਨ ਸੀ ਅਤੇ ਇਹਨਾਂ ਦੀ ਸਾਲਾਨਾ ਪਰੋਡਕਸ਼ਨ 50 ਬਿਲੀਅਨ ਤੋਂ ਵਧੇਰੇ ਸੀ।

ਇਹਨਾਂ ਦਾ ਵਰਨਣ ਲੋਕਧਾਰਾ,ਸਾਹਿਤ ਅਤੇ ਧਰਮ ਵਿਚ ਵੀ ਮਿਲਦੈ।

ਬੜੇ ਮੁਹਾਵਰੇ/ਅਖਾਣ ਹਨ ਇਹਨਾਂ ਸਬੰਧੀ।ਜਿਵੇਂ-ਕੁੱਕੜ ਖੇਹ ਉਡਾਈ ਆਪਣੇ ਹੀ ਸਿਰ ਪਾਈ,ਕੁੱਕੜ ਖੋਹੀ ਕਰਨੀ,ਘਰ ਦੀ ਮੁਰਗੀ ਦਾਲ ਬਰਾਬਰ,ਕੁੱਕੜ ਉਡਾਰੀ,ਮੁਰਗਾ ਬਾਂਗ ਨਹੀਂ ਦੇਵੇਗਾ ਤਾਂ ਕੀ ਸਵੇਰ ਨਹੀਂ ਹੋਵੇਗੀ,ਕੁੱਕੜ ਨਾ ਬੋਲੇਗਾ ਤਾਂ ਲੋ ਨਹੀਂ ਹੋਵੇਗੀ,ਕੁਕੜੀ ਦੀ ਬਾਂਗ ਰਵਾ ਨਹੀਂ,ਕੁੱਕੜਾਂ ਵਾਂਗ ਲੜਨਾ,ਕੁੜ ਕੁੜ ਕਿਤੇ ਤੇ ਅੰਡੇ ਕਿਤੇ,ਕੁਕੜੀ ਦੇ ਜਦੋਂ ਅੱਗ ਨਾਲ ਪੈਰ ਸੜਨ ਲਗਦੇ ਨੇ ਤਾਂ ਉਹ ਚੂਚਿਆਂ ਨੂੰ ਪੈਰਾਂ ਹੇਠ ਲੈ ਲੈਂਦੀ ਹੈ, ਜੇ ਮੁਰਗਾ ਮਾੜਾ ਵੀ ਬਣੂੰ ਤਾਂ ਵੀ ਮਸਰਾਂ ਦੀ ਦਾਲ ਨਾਲੋਂ ਸੁਆਦੀ ਬਣੂੰ,ਕੁੱਕੜ,ਕਾਂ,ਕੰਬੋ ਕਬੀਲਾ ਪਾਲਦਾ/ਜੱਟ,ਮੈਂਹਾਂ,ਸੰਸਾਰ ਕਬੀਲਾ ਗਾਲਦਾ ਆਦਿ।

ਇੱਕ ਮੁਰਗਾ ਤਾਂ ਪਤੀਲ਼ੇ/ਕੂਕਰ ਵਿਚ ਬਣਦੈ,ਪਰ ਇਕ ਸਕੂਲਾਂ ‘ਚ ਵੀ ਬਣਦੈ।ਪਤੀਲੇ ਵਾਲਾ ਮੁਰਗਾ ਕੁੱਕੜੂੰ-ਘੜੂੰ/ਸ਼ੂੰ-ਸ਼ੂੰ ਕਹਿੰਦੈ/ਕਰਦੈੈ;ਸਕੂਲ ਵਾਲਾ,ਹਾਏ-ਹਾਏ/ਹੂੰ-ਹੂੰ!ਸਾਡੇ ਵੇਲੇ ਤਾਂ ਹਰ ਕਲਾਸ ਵਿਚ ਹੀ ਅਜਿਹੇ ਮੁਰਗੇ ਬਣੇ ਦਿਸ ਪੈਂਦੇ ਸਨ।ਅੱਜ-ਕੱਲ੍ਹ ਦਾ ਪਤਾ ਨਹੀਂ ਇਹ ਨਿਆਮਤ ਮਿਹਰਬਾਨ ਮਾਸਟਰਾਂ ਵਲੋਂ ਮਾਸੂਮ ਮੁੰਡਿਆਂ ਨੂੰ ਮਿਲਦੀ ਹੈ ਕਿ ਨਹੀਂ!(ਕਿਤੇ ਨਾ ਕਿਤੇ ਮਿਲਦੀ ਤਾਂ ਹੋਊ,ਮੁਰਗੇ ਬਣਦੇ ਤਾਂ ਹੋਣਗੇ!)

ਵੈਸੇ ਸ਼ਬਦ ਤਾਂ ਮੁਰਗ ਹੈ ਤੇ ਹੈ ਵੀ ਫਾਰਸੀ ਦਾ।ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਇਸ ਦੇ 3 ਅਰਥ ਕੀਤੇ ਗਏ ਹਨ-ਪੰਛੀ,ਸੂਰਜ ਤੇ ਕੁੱਕੜ।ਕੁੱਕੜ ਸੰਸਕ੍ਰਿਤ ਮੂੁਲ਼ ਦੇ ਸ਼ਬਦ ਕੁਕਟ/ਕੁੱਕੁਟ ਤੋਂ ਪੈਦਾ ਹੋਇਆ ਹੈ।ਮਦੀਨ ਨੂੰ ਮੁਰਗੀ/ਕੁਕੜੀ ਕਿਹਾ ਜਾਂਦੈ-“ਜਉ ਸਭ ਮਹਿ ਏਕੁ ਖੁਦਾਇ ਕਹਤਹਉ ਤਉ ਕਿਉ ਮੁਰਗੀ ਮਾਰੈ॥’(ਸ.ਗ.ਗ.ਸ.ਅੰਗ-1350)।

ਅੰਤ ਵਿਚ ਇੱਕ ਚੂਚੇ ਵਲੋਂ ਆਪਣੀ ਮੁਰਗੀ-ਮਾਂ ਨੂੰ ਕੀਤੇ ਮਾਸੂਮ ਪਰ ਮਾਨੀਖੇਜ਼ ਸਵਾਲ ਅਤੇ ਉਸ ਦੇ ਜਵਾਬ ਨਾਲ ਕਰਦੇ ਹਾਂ-

ਚੂਚਾ-‘ਮੰਮੀ, ਇਨਸਾਨ ਆਪਣੀ ਸੰਤਾਨ ਦਾ ਨਾਮਕਰਨ ਕਰਦੇ ਐ, ’ਚਿਕਨ-ਖਾਨਦਾਨ’ ਵਿਚ ਸਾਡਾ ਨਾਮਕਰਨ ਕਿਉਂ ਨਹੀਂ ਹੁੰਦਾ? ਹੋਰ ਤਾਂ ਹੋਰ, ਕੁੱਤਿਆਂ-ਬਿੱਲਿਆਂ ਦੇ ਵੀ ਨਾਮ ਹੁੰਦੇ ਹਨ’।

ਮੁਰਗੀ- ‘ਪੁੱਤਰ, ਆਪਣੀ ਕੁਲ ਵਿਚ ਨਾਮਕਰਨ ਜੀਊਂਦੇ-ਜੀਅ ਨਹੀਂ ਸਗੋਂ ਮਰਨ ਉਪਰੰਤ ਹੁੰਦੈ-‘ਤੰਦੂਰੀ ਮੁਰਗਾ (ਚਿਕਨ ਤੰਦੂਰੀ),ਬਟਰ ਚਿਕਨ, ਰੋਸਟਡ ਚਿਕਨ, ਚਿਕਨ ਕੋਰਮਾ, ਚਿਕਨ ਬਰਿਆਨੀ, ਚਿਕਨ ਟਿੱਕਾ, ਚਿੱਲੀ ਚਿਕਨ, ਤਰੀ ਵਾਲਾ ਮੁਰਗਾ, ਚਿਕਨ ਕੜ੍ਹਾਈ, ਚਿਕਨ ਕਰੀ, ਬਾਰਬੇਕਿਯੂ, ਕਰੀਮ ਚਿਕਨ, ਲੈਮਨ ਚਿਕਨ, ਗਾਰਲਿਕ ਚਿਕਨ, ਚਿਕਨ ਸੂਪ, ਲੈੱਗ ਪੀਸ (ਮੁਰਗਾ-ਟੰਗੜੀ) ਆਦਿ’!

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin