ਗੰਗੂ
ਨਾ ਆਪਣੀ ਸੀ ਜ਼ਮੀਰ ਵਿਕਾਈ,
ਪਿੱਛੇ ਚੰਦ ਸਿੱਕਿਆਂ ਗਵਾਈ,
ਧਰਮ ਲਈ ਲਾ ਸਾਰੀ ਕਮਾਈ,
ਰਸਤਾ ਚੁਣ ਲਿਆ ਸਹੀ ਸੀ,
ਕਿਉਂ ਗੰਗੂ ਟੋਡਰਮੱਲ ਜਿਹਾ ਨਹੀਂ ਸੀ |
ਇੱਕ ਕੁੱਖੋਂ ਜਨਮੇ ਬਣਗੇ ਖਾਸ,
ਗੁਰੂ ਉੱਤੇ ਸੀ ਅਟੁੱਟ ਵਿਸ਼ਵਾਸ,
ਇੱਕ ਰੂੰਅ ਵਿੱਚ ਲਪੇਟ ਸਾੜ੍ਹਿਆ,
ਆਰੇ ਨਾਲ ਦੂਜਾ ਵਿਚਾਲੋ ਪਾੜਿਆ,
ਨਾ ਮੰਨੀ ਜੋ ਜਾਲਮਾਂ ਕਹੀ ਸੀ,
ਕਿਉਂ ਗੰਗੂ ਮਤੀ-ਸਤੀ ਦਾਸ ਜਿਹਾ ਨਹੀਂ ਸੀ |
ਜਾਲਮਾਂ ਨੂੰ ਪੈ ਗਏ ਸੀ ਲਾਲੇ,
ਦੇਗ ਵਿੱਚ ਰੱਖ ਗਏ ਉਬਾਲੇ,
ਕੁਰਬਾਨੀ ਨੂੰ ਬਾਹਲਾ ਕਾਹਲਾ,
ਦੇਖ ਗੁਰੂ ਦਾ ਸਿੰਘ ਦਿਆਲਾ,
ਕਿੰਨੀ ਪੀੜ੍ਹ ਖੌਰੇ ਉਹਨਾਂ ਸਹੀ ਸੀ,
ਕਿਉਂ ਗੰਗੂ ਭਾਈ ਦਿਆਲੇ ਜਿਹਾ ਨਹੀਂ ਸੀ |
———————00000———————