ਸਿਡਨੀ – ਭਾਰਤ ਸਿਡਨੀ ਟੈਸਟ ਵਿਚ ਮੇਜ਼ਬਾਨ ਆਸਟ੍ਰੇਲੀਆ ਹੱਥੋਂ ਮਿਲੀ 6 ਵਿਕਟਾਂ ਦੀ ਹਾਰ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ’ਚੋਂ ਵੀ ਬਾਹਰ ਹੋ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰੌਫ਼ੀ 2024-25 ਦਾ ਆਖ਼ਰੀ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਇਸ ਮੈਚ ‘ਚ ਆਸਟ੍ਰੇਲੀਆ ਨੇ ਟੀਮ ਇੰਡੀਆ ਖ਼ਿਲਾਫ਼ ਇਕਤਰਫ਼ਾ ਜਿੱਤ ਦਰਜ ਕੀਤੀ। ਇਸ ਨਾਲ ਭਾਰਤੀ ਟੀਮ ਇਹ ਸੀਰੀਜ਼ 1-3 ਨਾਲ ਹਾਰ ਗਈ। ਆਸਟ੍ਰੇਲੀਆ ਨੇ ਪੰਜ ਟੈਸਟ ਮੈਚਾਂ ਦੀ ਲੜੀ 3-1 ਨਾਲ ਜਿੱਤ ਕੇ ਦਸ ਸਾਲਾਂ ਮਗਰੋਂ ਬਾਰਡਰ ਗਾਵਸਕਰ ਟਰਾਫ਼ੀ ਆਪਣੇ ਨਾਮ ਕੀਤੀ ਹੈ। ਆਸਟ੍ਰੇਲੀਆ ਹੁਣ 11 ਤੋਂ 15 ਜੂਨ ਨੂੰ ਲਾਰਡਜ਼ ਵਿਚ ਦੱਖਣੀ ਅਫ਼ਰੀਕਾ ਖਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗਾ।
ਭਾਰਤ ਨੇ ਸਿਡਨੀ ਟੈਸਟ ਦੇ ਤੀਜੇ ਦਿਨ ਅੱਜ ਮੇਜ਼ਬਾਨ ਟੀਮ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟ੍ਰੇਲੀਅਨ ਟੀਮ ਨੇ 27 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਆਸਟ੍ਰੇਲੀਆ ਲਈ ਉਸਮਾਨ ਖਵਾਜਾ ਨੇ 41, ਟਰੈਵਿਸ ਹੈੱਡ ਨੇ ਨਾਬਾਦ 34 ਤੇ ਬੀਓ ਵੈਬਸਟਰ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ ਇਕ ਵਿਕਟ ਮੁਹੰਮਦ ਸਿਰਾਜ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਭਾਰਤ ਨੇ ਅੱਜ 141/6 ਦੇ ਸਕੋਰ ਤੋਂ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਸੀ, ਪਰ ਟੀਮ ਸਕੋਰ ਲਾਈਨ ਵਿਚ 16 ਦੌੜਾਂ ਦਾ ਹੀ ਇਜ਼ਾਫਾ ਕਰ ਸਕੀ। ਭਾਰਤ ਦੀ ਦੂਜੀ ਪਾਰੀ 157 ਦੌੜਾਂ ’ਤੇ ਸਿਮਟ ਗਈ। ਰਿਸ਼ਭ ਪੰਤ 61 ਦੌੜਾਂ ਨਾਲ ਟੌਪ ਸਕੋਰਰ ਰਿਹਾ। ਆਸਟ੍ਰੇਲੀਆ ਦੇ ਸਕੌਟ ਬੋਲੈਂਡ ਨੇ 45 ਦੌੜਾਂ ਬਦਲੇ 6 ਵਿਕਟਾਂ ਲਈਆਂ। ਕਪਤਾਨ ਪੈਟ ਕਮਿਨਸ ਨੇ ਤਿੰਨ ਤੇ ਬੀਓ ਵੈਬਸਟਰ ਦੇ ਹਿੱਸੇ ਇਕ ਵਿਕਟ ਆਈ।
ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ ਪਰ ਇਸ ਤੋਂ ਬਾਅਦ ਭਾਰਤੀ ਟੀਮ ਇਕ ਵੀ ਮੈਚ ਨਹੀਂ ਜਿੱਤ ਸਕੀ, ਜਿਸ ਕਾਰਨ ਉਸ ਨੂੰ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਆਸਟ੍ਰੇਲੀਆ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ। ਇਹ ਹਾਰ ਟੀਮ ਇੰਡੀਆ ਲਈ ਬਹੁਤ ਦੁਖਦਾਈ ਹੈ। ਭਾਰਤੀ ਟੀਮ 10 ਸਾਲ ਬਾਅਦ ਬਾਰਡਰ-ਗਾਵਸਕਰ ਟਰੌਫ਼ੀ ਹਾਰੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ 2014-15 ਬਾਰਡਰ-ਗਾਵਸਕਰ ਟਰੌਫ਼ੀ ਵਿੱਚ ਹਾਰ ਗਈ ਸੀ, ਜਦੋਂ ਆਸਟ੍ਰੇਲੀਆ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 4 ਸੀਰੀਜ਼ ਖੇਡੀਆਂ ਗਈਆਂ ਅਤੇ ਹਰ ਵਾਰ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ, ਜਿਸ ‘ਚੋਂ ਉਸ ਨੇ ਆਸਟ੍ਰੇਲੀਆ ਨੂੰ ਦੋ ਵਾਰ ਉਸ ਦੇ ਹੀ ਘਰ ‘ਚ ਹਰਾਇਆ। ਪਰ ਇਸ ਵਾਰ ਭਾਰਤੀ ਟੀਮ ਇਸ ਕਾਰਨਾਮੇ ਨੂੰ ਦੁਹਰਾ ਨਹੀਂ ਸਕੀ, ਜਿਸ ਕਾਰਨ ਆਸਟ੍ਰੇਲੀਆ ਨੇ ਇਕ ਦਹਾਕੇ ਬਾਅਦ ਬਾਰਡਰ-ਗਾਵਸਕਰ ਟਰੌਫ਼ੀ ਜਿੱਤੀ।