ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਕਰਵਾਈ ਗਈ ਪਲੇਸਮੈਂਟ ਦੌਰਾਨ ਕਾਮਰਸ ਵਿਭਾਗ ਦੇ 18 ਵਿਦਿਆਰਥੀਆਂ ਦੀ ਐਕਰੂਅਲ ਇੰਟੈਲੀਜੈਂਸ ਮੈਨੂਅਲ ਗਰੁੱਪ (ਏ. ਆਈ. ਐੱਮ. ਗਰੁੱਪ) ਦੁਆਰਾ ਚੋਣ ਕੀਤੀ ਗਈ ਹੈ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਲੇਸਮੈਂਟ ਟੀਮ ਦੇ ਯਤਨਾਂ ਦੀ ਸਰਾਹਨਾ ਕੀਤੀ।
ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਇਹ ਸਫਲਤਾ ਕਾਲਜ ਦੀ ਉੱਚ ਗੁਣਵਤਾ ਵਾਲੀ ਸਿੱਖਿਆ ਅਤੇ ਕੈਰੀਅਰ ਮੌਕਿਆਂ ਪ੍ਰਤੀ ਵਚਨਬੱਧਤਾ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਪਲੇਸਮੈਂਟ ਸੈਲ ਜੋ ਕਿ ਡਾ. ਹਰਭਜਨ ਸਿੰਘ ਰੰਧਾਵਾ ਅਤੇ ਡਾ. ਅਨੁਰੀਤ ਕੌਰ ਦੀ ਅਗਵਾਈ ਹੇਠ ਕੰਮ ਕਰਦਾ ਹੈ, ਨੇ ਭਵਿੱਖ ’ਚ ਅਜਿਹੀਆਂ ਹੋਰ ਪਲੇਸਮੈਂਟ ਦੀ ਯੋਜਨਾ ਬਣਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਕਰਵਾਏ ਗਏ ਉਕਤ ਪ੍ਰੋਗਰਾਮ ਦੌਰਾਨ ਕਾਮਰਸ ਵਿਭਾਗ ਦੇ 18 ਵਿਦਿਆਰਥੀਆਂ ਨੂੰ ਏ. ਆਈ. ਐੱਮ. ਗਰੁੱਪ ਵੱਲੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਗਰੁੱਪ ਇਕ ਪ੍ਰਮੁੱਖ ਵਿੱਤ ਸਲਾਹਕਾਰ ਬਰੈਂਡ ਹੈ। ਇਹ ਪਲੇਸਮੈਂਟ ਡਰਾਇਵ ਗਰੁੱਪ ਦੀ ਟੀਮ ਦੁਆਰਾ ਦਿੱਤੇ ਗਏ ਪ੍ਰੀ-ਪਲੇਸਮਂੈਟ ਸੰਬੋਧਨ ਨਾਲ ਸ਼ੁਰੂ ਹੋਈ ਜਿਸ ’ਚ ਉਨ੍ਹਾਂ ਨੇ ਕੰਪਨੀ ਦੇ ਵਿਜਨ, ਕੰਮਕਾਜੀ ਸੰਸਕ੍ਰਿਤੀ ਅਤੇ ਗ੍ਰੈਜੂਏਟਸ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਕਾਹਲੋਂ ਨੇ ਡਾ. ਰੰਧਾਵਾ ਦੀ ਮੌਜ਼ੂਦਗੀ ’ਚ ਦੱਸਿਆ ਕਿ ਉਕਤ 18 ਵਿਦਿਆਰਥੀਆਂ ਨੇ ਨਿਯੁਕਤੀ ਪੱਤਰ ਹਾਸਲ ਕੀਤੇ। ਉਨ੍ਹਾਂ ਨੂੰ ਵਿੱਤੀ ਵਿਸ਼ਲੇਸ਼ਣ, ਗਾਹਕ ਸਲਾਹ ਅਤੇ ਨਿਵੇਸ਼ ਪ੍ਰਬੰਧਨ ਵਰਗੀਆਂ ਭੂਮਿਕਾਵਾਂ ਲਈ ਚੁਣਿਆ ਗਿਆ। ਇਸ ਮੌਕੇ ਨਿਯੁਕਤੀ ਟੀਮ ਨੇ ਕਾਲਜ ਦੇ ਵਿਦਿਆਰਥੀਆਂ ਦੀ ਯੋਗਤਾ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਹੋਰ ਭਰਤੀ ਲਈ ਸਬੰਧ ਮਜ਼ਬੂਤ ਕਰਨ ਦੀ ਇੱਛਾ ਜਾਹਿਰ ਕੀਤੀ। ਇਸ ਪ੍ਰੋਗਰਾਮ ਨੂੰ ਡਾ. ਪੂਨਮ ਸ਼ਰਮਾ ਅਤੇ ਡਾ. ਅਮਰਬੀਰ ਭੱਲਾ ਨੇ ਵੀ ਸਫ਼ਲ ਬਣਾਉਣ ਲਈ ਯੋਗਦਾਨ ਪਾਇਆ।