Punjab

ਲੁਧਿਆਣਾ ਜ਼ਿਲ੍ਹੇ ਵਿੱਚ ਕੈਂਸਰ ਫੈਕਟਰੀਆਂ ਵਿਰੋਧੀ ਮੋਰਚਿਆਂ ‘ਤੇ ਪੁਲਿਸ ਜਬਰ

ਲੁਧਿਆਣਾ, (ਦਲਜੀਤ ਕੌਰ ) – ਲੁਧਿਆਣਾ ਜ਼ਿਲ੍ਹੇ ‘ਚ ਕੈੰਸਰ ਵੰਡ ਰਹੀਆਂ ਬਾਇਓ ਗੈਸ ਫ਼ੈਕਟਰੀਆਂ ਪੱਕੇ ਤੌਰ ‘ਤੇ ਬੰਦ ਕਰਾਉਣ ਲਈ ਚੱਲ ਰਹੇ ਦਿਨ ਰਾਤ ਦੇ ਧਰਨਿਆਂ ਨੂੰ ਧੱਕੇ ਨਾਲ ਖ਼ਤਮ ਕਰਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੱਗਾ ਕਲਾਂ ਤੋਂ ਬਾਅਦ ਅੱਜ ਤੜਕੇ ਚਾਰ ਵਜੇ ਅਖਾੜਾ ਪਿੰਡ ਵਿਖੇ ਸੈਂਕੜੇ ਪੁਲਸੀਆਂ ਨੇ ਹੱਲਾ ਬੋਲ ਦਿੱਤਾ।
ਇਸ ਤੋਂ ਪਹਿਲਾਂ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ , ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੇ ਘਰ ਛਾਪਾ ਮਾਰਿਆ। ਜ਼ਿਲ੍ਹਾ ਜਨਰਲ ਸੱਕਤਰ ਨੂੰ ਫੜਨ ਆਈ ਪੁਲਸ ਦਾ ਤੁਰੰਤ ਲੋਕਾਂ ਨੇ ਇੱਕਤਰ ਹੋ ਜ਼ਬਰਦਸਤ ਵਿਰੋਧ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਸਮੇਤ ਲਗਭਗ ਵੀਹ ਵਿਅਕਤੀਆਂ ਨੂੰ ਪੁਲਿਸ ਨੇ ਸਵੇਰੇ ਸਵੇਰੇ ਹਿਰਾਸਤ ਵਿੱਚ ਲੈ ਲਿਆ। ਬਾਇਓ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਦੇਵ ਭੂੰਦੜੀ ਨੂੰ ਗਿਰਫਤਾਰ ਕਰਨ ਉਪਰੰਤ ਭੂੰਦੜੀ ਵਿਖੇ ਬਾਇਓ ਗੈਸ ਫੈਕਟਰੀ ਅੱਗੇ ਲੱਗੇ ਟੈਂਟ ਨੂੰ ਪੁਲਿਸ ਨੇ ਜ਼ਬਰਦਸਤੀ ਪੁੱਟ ਦਿੱਤਾ ਹੈ। ਇਸੇ ਤਰਾਂ ਮਸਕਾਬਾਦ ਵਿਖੇ ਵੀ ਛਾਪੇਮਾਰੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਜ਼ਿਲ੍ਹਾ ਕਮੇਟੀ ਦੀ ਅਗਵਾਈ ਵਿੱਚ ਅਖਾੜਾ ਪਿੰਡ ਦੇ ਮਰਦਾਂ ਔਰਤਾਂ ਨੇ ਵਿਸ਼ਾਲ ਇਕੱਠ ਕਰ ਲਿਆ। ਉਹਨਾਂ ਨੇ ਟਰੈਕਟਰ ਟਰਾਲੀਆਂ ਲਾ ਕੇ ਸੜਕਾਂ ਸੀਲ ਕਰ ਦਿੱਤੀਆਂ ਅਤੇ ਪੂਰਾ ਪਿੰਡ ਸੈਂਕੜਿਆਂ ਦੀ ਗਿਣਤੀ ਵਿੱਚ ਮਰਦ ਔਰਤਾਂ ਨੌਜਵਾਨ ਬੱਚੇ ਬੱਚੀਆਂ ਸਮੇਤ ਧਰਨੇ ‘ਤੇ ਡਟ ਗਏ। ਭਾਵੇਂ ਕਿ ਪੁਲਿਸ ਨੇ ਪਿੰਡ ਮੂੰਮ ਵਿਖੇ ਨਹਿਰ ਦੇ ਪੁਲ ਤੇ ਭਾਰੀ ਨਾਕੇਬੰਦੀ ਕਰਕੇ ਉਸ ਇਲਾਕੇ ਦੇ ਲੋਕਾਂ ਨੂੰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਫਿਰ ਵੀ ਬਰਨਾਲਾ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ ਮਹਿਲ ਕਲਾਂ ਬਲਾਕ ਦੇ ਜਥੇ ਨਾਲ ਪਹੁੰਚ ਗਏ। ਲੋਕਾਂ ਦੇ ਪੱਕੇ ਇਰਾਦੇ ਅਤੇ ਜਜ਼ਬੇ ਨੂੰ ਦੇਖਦਿਆਂ ਪੁਲਿਸ ਨੂੰ ਅਖਾੜਾ ਪਿੰਡ ਦੇ ਪੱਕੇ ਮੋਰਚੇ ਤੇ ਹਮਲਾ ਕਰਨ ਦਾ ਇਰਾਦਾ ਬਦਲਣਾ ਪਿਆ। ਪਿੰਡ ਵਿੱਚ ਸ਼ਾਂਤੀ ਹੈ ਪਰ ਹਾਲਾਤ ਤਣਾਅ ਪੂਰਨ ਹਨ।
ਜਥੇਬੰਦੀ ਦੇ ਸੂਬਾ ਕਮੇਟੀ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਭਗਵੰਤ ਮਾਨ ਸਰਕਾਰ ਕਾਰਪੋਰੇਟ ਪੱਖੀ ਅਤੇ ਲੋਕਾਂ ਦੀ ਵਿਰੋਧੀ ਹੈ। ਇਸ ਸਰਕਾਰ ਨੇ ਕਾਰਪੋਰੇਟਾਂ ਦੇ ਮੁਨਾਫਿਆਂ ਖਾਤਰ ਇਲਾਕੇ ਦੀ ਹਵਾ, ਪਾਣੀ ਅਤੇ ਧਰਤੀ ਨੂੰ ਪਲੀਤ ਕਰਨ ਖਿਲਾਫ ਡਟੇ ਹੋਏ ਲੋਕਾਂ ਤੇ ਜਬਰ ਕਰਕੇ ਆਪਣਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਲੋਕਾਂ ਨੂੰ ਸ਼ੁੱਧ ਵਾਤਾਵਰਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤਾਂ ਕੀ ਨਿਭਾਉਣੀ ਸੀ ਸਗੋਂ ਆਪਣੇ ਜਿਉਣ ਦੇ ਹੱਕ ਲਈ ਲੜ ਰਹੇ ਲੋਕਾਂ ਨੂੰ ਗਿਰਫਤਾਰ ਕਰਕੇ ਅਤੇ ਜਬਰੀ ਟੈਂਟ ਪੱਟ ਕੇ ਧੱਕੇਸ਼ਾਹੀ ਕੀਤੀ ਹੈ।
ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜੇਕਰ ਗਿਰਫਤਾਰ ਸਾਥੀਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਜਥੇਬੰਦੀ ਕੋਈ ਤਕੜਾ ਸੱਦਾ ਦੇਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related posts

‘ਆਨੰਦ ਕਾਰਜ’ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਵੀ ਕਾਨੂੰਨੀ ਮਾਨਤਾ !

admin

ਬਰਤਾਨੀਆ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ !

admin

ਅਸਾਮ ਦੀ ਜੇਲ੍ਹ ‘ਚ ਬੰਦ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਛੁੱਟੀ ਮਨਜ਼ੂਰ !

admin