
ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪਨਾਮਾ ਨਹਿਰ ਅਤੇ ਗਰੀਨਲੈਂਡ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪਨਾਮਾ ਨਹਿਰ, ਪਨਾਮਾ ਦੇਸ਼ ਦੇ ਤਕਰੀਬਨ ਮੱਧ ਵਿੱਚ ਬਣਾਈ ਗਈ ਇੱਕ ਨਹਿਰ ਹੈ ਜੋ ਐਟਲਾਂਟਿਕ ਅਤੇ ਪ੍ਰਸ਼ਾਂਤ ਸਾਗਰ ਨੂੰ ਆਪਸ ਵਿੱਚ ਜੋੜਦੀ ਹੈ। ਇੱਕ ਜਨਵਰੀ 1881 ਨੂੰ ਇਸ ਦੀ ਖੁਦਾਈ ਸ਼ੁਰੂ ਹੋਈ ਸੀ ਜੋ 15 ਅਗਸਤ 1914 ਨੂੰ ਮੁਕੰਮਲ ਹੋਈ ਤੇ ਇਸ ਦੀ ਕੁੱਲ ਲੰਬਾਈ 82 ਕਿ.ਮੀ. ਹੈ। ਸਵੇਜ਼ ਨਹਿਰ ਤੋਂ ਬਾਅਦ ਇਹ ਦੁਨੀਆਂ ਦਾ ਸਭ ਤੋਂ ਵੱਧ ਰੱੁਝਿਆ ਹੋਇਆ ਸਮੁੰਦਰੀ ਵਪਾਰਕ ਜਲ ਰਸਤਾ ਹੈ। ਇਸ ਦੀ ਖੁਦਾਈ ਫਰਾਂਸ ਨੇ ਸ਼ੁਰੂ ਕੀਤੀ ਸੀ ਪਰ ਭਾਰੀ ਖਰਚੇ ਕਾਰਨ ਉਸ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਅਮਰੀਕਾ ਨੇ 1904 ਵਿੱਚ ਇਹ ਕੰਮ ਆਪਣੇ ਹੱਥ ਵਿੱਚ ਲੈ ਲਿਆ ਤੇ 1914 ਵਿੱਚ ਇਸ ਨੂੰ ਮੁਕੰਮਲ ਕਰ ਦਿੱਤਾ। ਸ਼ੁਰੂ ਵਿੱਚ ਇਸ ਦਾ ਸਾਰਾ ਕੰਟਰੋਲ ਅਮਰੀਕਾ ਕੋਲ ਸੀ ਪਰ 1977 ਵਿੱਚ ਹੋਈ ਇੱਕ ਸੰਧੀ ਮੁਤਾਬਕ ਇਹ ਪਨਾਮਾ ਸਰਕਾਰ ਨੂੰ ਸੌਂਪ ਦਿੱਤੀ ਗਈ। ਇਸ ਦੀ ਉਸਾਰੀ ਕਾਰਨ ਹਜ਼ਾਰਾਂ ਕਿ.ਮੀ. ਦੇ ਸਮੁੰਦਰੀ ਸਫਰ ਦੀ ਬੱਚਤ ਹੁੰਦੀ ਹੈ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਜਹਾਜ਼ ਨੇ ਅਮਰੀਕਾ ਦੇ ਪੂਰਬੀ ਕੰਢੇ ‘ਤੇ ਸਥਿੱਤ ਕਿਸੇ ਬੰਦਰਗਾਹ ਤੋਂ ਪੱਛਮੀ ਕੰਢੇ ‘ਤੇ ਸਥਿੱਤ ਕੈਲੀਫੋਰਨੀਆਂ ਦੀ ਕਿਸੇ ਬੰਦਰਗਾਹ ‘ਤੇ ਜਾਣਾ ਹੋਵੇ ਤਾਂ ਪਨਾਮਾ ਨਹਿਰ ਕਾਰਨ 16000 ਕਿ.ਮੀ. ਦੇ ਕਰੀਬ ਸਫਰ ਘੱਟ ਹੋ ਜਾਂਦਾ ਹੈ। ਪਹਿਲਾਂ ਇਹ ਸਫਰ ਕਰਨ ਲਈ ਸਾਰੇ ਦੱਖਣੀ ਅਮਰੀਕਾ ਦਾ ਚੱਕਰ ਲਾਉਣਾ ਪੈਂਦਾ ਸੀ ਜਿਸ ਦੌਰਾਨ ਪੂਰਾ ਇੱਕ ਮਹੀਨਾ ਲੱਗ ਜਾਂਦਾ ਸੀ।
ਇਹ ਨਹਿਰ ਅਮਰੀਕੀ ਨੇਵੀ ਵਾਸਤੇ ਵੀ ਬਹੁਤ ਮਹੱਤਵਪੂਰਨ ਹੈ। ਅਮਰੀਕਾ ਦੇ ਯੂ.ਐਸ.ਐਸ. ਸਾਂਤਾ ਫੇ ਅਤੇ ਯੂ.ਐਸ.ਐਸ. ਮਿਨੀਸੋਟਾ (ਦੋਵੇਂ ਐਟਮੀ ਪਣਡੁੱਬੀਆਂ), ਯੂ.ਐਸ.ਐਸ. ਜੂਮਵਾਲਟ (ਸਭ ਤੋਂ ਨਵਾਂ ਅਤੇ ਆਧੁਨਿਕ ਜੰਗੀ ਜਹਾਜ਼), ਯੂ.ਐਸ.ਐਸ. ਉਮਾਹਾ ਅਤੇ ਯੂ.ਐਸ.ਐਸ. ਜੈਕਸਨ (ਐਂਟੀ ਪਣਡੁੱਬੀ ਜਹਾਜ਼) ਆਦਿ ਵਰਗੇ ਸਭ ਤੋਂ ਆਧੁਨਿਕ ਅਤੇ ਖਤਰਨਾਕ ਜੰਗੀ ਜਹਾਜ਼ ਅਤੇ ਪਣਡੁੱਬੀਆਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਲਈ ਇਸ ਵਿੱਚੋਂ ਆਮ ਹੀ ਗੁਜ਼ਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਅਮਰੀਕਾ ਦਾ ਯੂਰਪ, ਏਸ਼ੀਆ, ਆਸਟ੍ਰੇਲੀਆ ਅਤੇ ਅਫਰੀਕਾ ਨਾਲ ਹੋਣ ਵਾਲਾ 60% ਵਪਾਰ ਇਸ ਰਸਤੇ ਰਾਹੀਂ ਹੁੰਦਾ ਹੈ। ਇਸ ਕਾਰਨ ਇਹ ਅਮਰੀਕਾ ਦੇ ਆਰਥਿਕ ਅਤੇ ਸੈਨਿਕ ਹਿੱਤਾਂ ਵਾਸਤੇ ਅਤਿਅੰਤ ਮਹੱਤਵਪੂਰਣ ਹੈ। ਕਿਸੇ ਯੁੱਧ ਜਾਂ ਹੋਰ ਆਪਾਤ ਕਾਲ ਸਮੇਂ ਦੁਸ਼ਮਣ ਵੱਲੋਂ ਇਸ ਨਹਿਰ ਨੂੰ ਜਾਮ ਜਾਂ ਤਬਾਹ ਕਰ ਦੇਣਾ ਅਮਰੀਕਾ ਵਾਸਤੇ ਕਿਆਮਤ ਵਰਗਾ ਸਾਬਤ ਹੋ ਸਕਦਾ ਹੈ।
ਇਸ ਦਾ ਇੱਕ ਹੋਰ ਵੱਡਾ ਕਾਰਣ ਇਹ ਹੈ ਕਿ ਪਨਾਮਾ ਦੇਸ਼ ਆਪਣੇ ਸੀਮਤ ਸਾਧਨਾਂ ਕਾਰਣ ਇਸ ਨੂੰ ਚਲਾਉਣ ਦੀ ਸਥਿੱਤੀ ਵਿੱਚ ਨਹੀਂ ਹੈ। ਉਸ ਨੇ ਕਰੋੜਾਂ ਡਾਲਰ ਬਦਲੇ ਇਸ ਦਾ ਸੰਚਾਲਨ ਚੀਨ ਨੂੰ ਸੌਂਪਿਆ ਹੋਇਆ ਹੈ ਜੋ ਇਸ ਦੀ ਵਰਤੋਂ ਕਰਨ ਵਾਲੇ ਜਹਾਜ਼ਾਂ ਤੋਂ (ਅਮਰੀਕਾ ਸਮੇਤ) ਮੋਟਾ ਕਿਰਾਇਆ ਵਸੂਲਦਾ ਹੈ। ਟਰੰਪ ਨੇ ਕਿਹਾ ਹੈ ਕਿ ਅਸੀਂ ਪਨਾਮਾ ਨਹਿਰ ਪਨਾਮਾ ਨੂੰ ਸੌਂਪੀ ਸੀ, ਚੀਨ ਨੂੰ ਨਹੀਂ। ਸਾਨੂੰ ਇਹ ਮੰਨਜ਼ੂਰ ਨਹੀਂ ਕਿ ਚੀਨ ਇਸ ਦਾ ਮਾਲਕ ਬਣ ਜਾਵੇ, ਇਸ ਲਈ ਅਸੀਂ ਇਸ ਨੂੰ ਹਰ ਹਾਲਤ ਵਿੱਚ ਕੂਟਨੀਤਕ ਸਮਝੌਤੇ ਜਾਂ ਤਾਕਤ ਨਾਲ ਵਾਪਸ ਲਵਾਂਗੇ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਊਲ ਮੁਲੀਨੋ ਨੇ ਟਰੰਪ ਦੇ ਚੀਨ ਸਬੰਧੀ ਦਿੱਤੇ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਪਨਾਮਾ ਨਹਿਰ ਦਾ ਸੰਚਾਲਨ 10000 ਵਰਕਰਾਂ ਵਾਲੀ ਇੱਕ ਖੁਦਮੁਖਤਿਆਰ ਸੰਸਥਾ ਪਨਾਮਾ ਕੈਨਾਲ ਅਥਾਰਟੀ ਚਲਾਉਂਦੀ ਹੈ ਜਿਸ ਵਿੱਚ ਚੀਨ ਦੇ ਵੀ ਕੁਝ ਇੰਜੀਨੀਅਰ ਕੰਮ ਕਰਦੇ ਹਨ। ਇਹ ਅਥਾਰਟੀ ਆਪਣੇ ਕੰਮ ਕਾਜ ਵਿੱਚ ਤਕਰੀਬਨ ਅਜ਼ਾਦ ਹੈ।
ਟਰੰਪ ਦੇ ਚੀਨ ਸਬੰਧੀ ਇਲਜ਼ਾਮ ਪੂਰੀ ਤਰਾਂ ਗਲਤ ਨਹੀਂ ਹਨ। ਅਸਲ ਵਿੱਚ ਇਸ ਨਹਿਰ ਦੇ ਆਦਿ ਅਤੇ ਅੰਤ ‘ਤੇ ਬਲਬੋਆ ਅਤੇ ਕਰਿਸਟੋਬਾਲ ਬੰਦਰਗਾਹਾਂ ਬਣੀਆਂ ਹੋਈਆਂ ਹਨ ਜਿੰਨ੍ਹਾਂ ਦੀ ਦੇਖ ਭਾਲ, ਵਿਕਾਸ ਅਤੇ ਸੰਚਾਲਨ ਦਾ ਠੇਕਾ 1997 ਤੋਂ ਹੀ ਚੀਨ (ਹਾਂਗਕਾਂਗ) ਦੀ ਹੁੱਚੀਸਨ ਪੋਰਟ ਹੋਲਡਿੰਗ ਨਾਮਕ ਇੱਕ ਕੰਪਨੀ ਦੇ ਹੱਥ ਵਿੱਚ ਹੈ ਤੇ ਇਹ ਠੇਕਾ 2021 ਵਿੱਚ 25 ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਚੀਨ ਦੀ ਇੱਕ ਸਰਕਾਰੀ ਕੰਪਨੀ ਚਾਈਨਾ ਹਾਰਬਰ ਇੰਜੀਨੀਅਰਿੰਗ ਕੰਪਨੀ ਨੇ 2018 ਵਿੱਚ ਪਨਾਮਾ ਨਹਿਰ ‘ਤੇ ਬਣਨ ਵਾਲੇ ਚੌਥੇ ਪੁਲ ਦਾ ਠੇਕਾ ਹਾਸਲ ਕਰ ਲਿਆ ਸੀ। ਟਰੰਪ ਅਨੁਸਾਰ ਚੀਨ ਨੂੰ ਇਸ ਪੁਲ ਦਾ ਠੇਕਾ ਦੇਣਾ ਅਮਰੀਕਾ ਤੇ ਪਨਾਮਾ ਦਰਮਿਆਨ 1977 ਵਿੱਚ ਹੋਏ ਸਮਝੌਤੇ ਦੀ ਉਲੰਘਣਾ ਹੈ ਜਿਸ ਅਨੁਸਾਰ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਤੀਸਰੇ ਦੇਸ਼ ਨੂੰ ਪਨਾਮਾ ਨਹਿਰ ਦੀ ਸਾਂਭ ਸੰਭਾਲ ਜਾਂ ਸੰਚਾਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਚੀਨ ਦੀ ਇਸ ਦਖਲਅੰਦਾਜ਼ੀ ਬਾਰੇ ਅਮਰੀਕੀ ਸੈਨੇਟ ਵਿੱਚ 28 ਜਨਵਰੀ 2025 ਵਾਲੇ ਦਿਨ ਬਹਿਸ ਹੋਈ ਸੀ।
ਇਸ ਝਗੜੇ ਕਾਰਣ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਉ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਪਨਾਮਾ ਦਾ ਕੀਤਾ ਤੇ ਇਸ ਸਬੰਧੀ ਪਨਾਮਾ ਦੇ ਰਾਸ਼ਟਰਪਤੀ ਨਾਲ ਵਿਸਥਾਰਤ ਗੱਲ ਬਾਤ ਕੀਤੀ। ਇਸ ਤੋਂ ਬਾਅਦ ਪਨਾਮਾ ਦੇ ਰਾਸ਼ਟਰਪਤੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪਨਾਮਾ ਨਹਿਰ ਬਾਰੇ ਅਮਰੀਕਾ ਨਾਲ ਹੋਈ ਸੰਧੀ ਨੂੰ ਕੋਈ ਖਤਰਾ ਨਹੀਂ ਹੈ ਤੇ ਅਮਰੀਕਾ ਫੌਜੀ ਤਾਕਤ ਦੀ ਵਰਤੋਂ ਨਹੀਂ ਕਰੇਗਾ। ਪਨਾਮਾ ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਸੰਗਠਿਤ ਅਪਰਾਧ ਦੇ ਖਿਲਾਫ ਪੂਰੀ-ਪੂਰੀ ਮਦਦ ਕਰੇਗਾ। ਇਸ ਦੇ ਨਾਲ ਹੀ ਅਮਰੀਕਾ ਨੂੰ ਖੁਸ਼ ਕਰਨ ਲਈ ਪਨਾਮਾ ਨੇ ਚੀਨ ਦੇ ਬੈਲਟ ਐਂਡ ਰੋਡ ਪ੍ਰੋਗਰਾਮ ਦੀ ਮੈਂਬਰੀ ਛੱਡ ਦਿੱਤੀ ਹੈ ਤੇ ਹੁੱਚੀਸਨ ਪੋਰਟ ਹੋਲਡਿੰਗ ਅਤੇ ਚਾਈਨਾ ਹਾਰਬਰ ਇੰਜੀਨੀਅਰਿੰਗ ਕੰਪਨੀ ‘ਤੇ ਕੁਝ ਪਾਬੰਦੀਆਂ ਲਗਾਉਣ ਸਮੇਤ ਉਸ ਦੇ ਹਿਸਾਬ-ਕਿਤਾਬ ਦੀ ਆਡੀਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪਰ ਟਰੰਪ ਦਾ ਕੁਝ ਪਤਾ ਨਹੀਂ ਕਿ ਉਹ ਕਿਸ ਵੇਲੇ ਕੀ ਕਰ ਦੇਵੇ। ਜਿਸ ਤਰਾਂ ਉਹ ਕੈਨੇਡਾ ਤੇ ਮੈਕਸੀਕੋ ਵਰਗੇ ਆਪਣੇ ਮਿੱਤਰ ਦੇਸ਼ਾਂ ‘ਤੇ ਵਪਾਰਿਕ ਟੈਰਿਫ ਵਧਾ ਰਿਹਾ ਹੈ, ਉਹ ਪਨਾਮਾ ਨਹਿਰ ‘ਤੇ ਵੀ ਕਬਜ਼ਾ ਕਰ ਸਕਦਾ ਹੈ।
ਪਨਾਮਾ ਨਹਿਰ ਤੋਂ ਇਲਾਵਾ ਟਰੰਪ ਗਰੀਨਲੈਂਡ ‘ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ। ਗਰੀਨਲੈਂਡ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਹੈ ਜਿਸ ਦਾ ਖੇਤਰਫਲ ਤਕਰੀਬਨ 2166086 ਕਿ.ਮੀ. ਹੈ ਤੇ ਰਾਜਧਾਨੀ ਨੂਨਾ ਹੈ। ਐਨਾ ਵੱਡਾ ਇਲਾਕਾ ਹੋਣ ਦੇ ਬਾਵਜੂਦ ਇਸ ਦੀ ਅਬਾਦੀ ਸਿਰਫ 56000 ਦੇ ਕਰੀਬ ਹੈ। ਇਸ ਦਾ 80% ਇਲਾਕਾ ਸਾਰਾ ਸਾਲ ਬਰਫ ਨਾਲ ਜੰਮੇ ਰਹਿਣ ਕਾਰਨ ਤਕਰੀਬਨ ਸਾਰੀ ਅਬਾਦੀ ਦੱਖਣ ਪੱਛਮ ਵੱਲ ਸਥਿੱਤ ਰਾਜਧਾਨੀ ਨੂਕ ਦੇ ਆਸ ਪਾਸ ਵੱਸਦੀ ਹੈ। ਭੂਗੋਲਿਕ ਤੌਰ ‘ਤੇ ਇਹ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ ਪਰ ਕਰੀਬ 300 ਸਾਲਾਂ ਤੋਂ ਇਥੇ ਡੈਨਮਾਰਕ ਦਾ ਕਬਜ਼ਾ ਹੈ ਕਿਉਂਕਿ ਇਸ ਦੀ ਖੋਜ ਡੈਨਮਾਰਕ ਦੇ ਵਾਈਕਿੰਗ ਸਮੁੰਦਰੀ ਲੁਟੇਰਿਆਂ ਨੇ ਕੀਤੀ ਸੀ। ਸੈਂਕੜੇ ਸਾਲਾਂ ਤੱਕ ਇਸ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ ਗਿਆ ਜਿਸ ਕਾਰਨ ਇਹ ਗਰੀਬ ਹੀ ਰਿਹਾ। ਪਰ 1953 ਈਸਵੀ ਵਿੱਚ ਇਸ ਨੂੰ ਡੈਨਮਾਰਕ ਦਾ ਹਿੱਸਾ ਬਣਾ ਲਿਆ ਗਿਆ ਤੇ ਸਾਰੇ ਗਰੀਨਲੈਂਡਰ ਡੈਨਮਾਰਕ ਦੇ ਸ਼ਹਿਰੀ ਬਣ ਗਏ। 1979 ਵਿੱਚ ਇੱਕ ਰੈਫਰੈਂਡਮ ਤੋਂ ਬਾਅਦ ਇਸ ਨੂੰ ਇੱਕ ਤਰਾਂ ਨਾਲ ਅਜ਼ਾਦ ਕਰ ਦਿੱਤਾ ਗਿਆ ਤੇ ਸਿਰਫ ਵਿਦੇਸ਼ ਨੀਤੀ ਅਤੇ ਸੁਰੱਖਿਆ ‘ਤੇ ਡੈਨਮਾਰਕ ਨੇ ਆਪਣਾ ਕੰਟਰੋਲ ਰੱਖਿਆ। ਇਥੋਂ ਦੇ ਲੋਕਾਂ ਦੀ ਆਮਦਨ ਦਾ ਮੁੱਖ ਸਾਧਨ ਡੈਨਮਾਰਕ ਵੱਲੋਂ ਦਿੱਤੀ ਜਾਂਦੀ ਆਰਥਿਕ ਮਦਦ ਅਤੇ ਮੱਛੀਆਂ ਦਾ ਸ਼ਿਕਾਰ ਹੈ। ਗਰੀਨਲੈਂਡ ਦੀ ਦੂਰੀ ਡੈਨਮਾਰਕ ਤੋਂ 3600 ਕਿ.ਮੀ. ਅਤੇ ਅਮਰੀਕਾ ਤੋਂ 3134 ਕਿ.ਮੀ. ਦੇ ਕਰੀਬ ਹੈ ਤੇ ਇਹ ਉੱਤਰੀ ਧਰੁਵ ਦੇ ਨਜ਼ਦੀਕ ਹੈ।
ਟਰੰਪ ਦੀ ਗਰੀਨਲੈਂਡ ਨੂੰ ਹਾਸਲ ਕਰਨ ਦੀ ਇੱਛਾ ਦੇ ਕਈ ਕਾਰਣ ਹਨ। ਦੂਸਰੇ ਸੰਸਾਰ ਯੁੱਧ ਸਮੇਂ ਅਮਰੀਕਾ ਨੇ ਗਰੀਨਲੈਂਡ ਦੇ ਕੁਝ ਹਿੱਸੇ ‘ਤੇ ਕਬਜ਼ਾ ਕਰ ਕੇ ਇਥੇ ਇੱਕ ਵੱਡਾ ਫੌਜੀ ਅੱਡਾ ਬਣਾ ਲਿਆ ਸੀ। ਹੁਣ ਅਮਰੀਕਾ ਉਸ ਫੌਜੀ ਅੱਡੇ ਦਾ ਵਿਸਥਾਰ ਕਰ ਕੇ ਐਂਟੀ ਮਿਜ਼ਾਈਲ ਸਿਸਟਮ ਸਥਾਪਤ ਕਰਨਾ ਚਾਹੁੰਦਾ ਹੈ ਕਿਉਂਕਿ ਜੇ ਕਦੇ ਰੂਸ ਨੇ ਅਮਰੀਕਾ ‘ਤੇ ਪ੍ਰਮਾਣੂ ਹਮਲਾ ਕੀਤਾ ਤਾਂ ਉਸ ਦੀਆਂ ਮਿਜ਼ਾਈਲਾ ਗਰੀਨਲੈਂਡ ਦੇ ਉੱਪਰ ਦੀ ਜਾਣਗੀਆਂ। ਇਸ ਤੋਂ ਇਲਾਵਾ ਗਲੋਬਲ ਵਾਰਮਿੰਗ ਕਾਰਨ ਗਰੀਨਲੈਂਡ ਦਾ ਤਾਪਮਾਨ ਵੀ ਵਧ ਰਿਹਾ ਹੈ ਤੇ ਬਰਫ ਪਿਘਲ ਰਹੀ ਹੈ ਜਿਸ ਕਾਰਨ ਇਥੇ ਅਣਮੋਲ ਖਣਿਜਾਂ ਦੀ ਖੁਦਾਈ ਵਾਸਤੇ ਹਾਲਾਤ ਸਾਜ਼ਗਾਰ ਬਣਦੇ ਜਾ ਰਹੇ ਹਨ। ਟਰੰਪ ਪਹਿਲਾ ਅਮਰੀਕੀ ਰਾਸ਼ਟਰਪਤੀ ਨਹੀਂ ਹੈ ਜੋ ਗਰੀਨਲੈਂਡ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ। 1867 ਈਸਵੀ ਵਿੱਚ ਜਦੋਂ ਅਮਰੀਕਾ ਨੇ ਅਲਾਸਕਾ ਨੂੰ ਰੂਸ ਤੋਂ ਖਰੀਦਆ ਸੀ ਤਾਂ ਉਸ ਸਮੇਂ ਦੇ ਅਮਰੀਕੀ ਵਿਦੇਸ਼ ਮੰਤਰੀ ਵਿਲੀਅਮ ਸੀਵਾਰਡ ਨੇ ਡੈਨਮਾਰਕ ਕੋੋਲੋਂ ਗਰੀਨਲੈਂਡ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲਬਾਤ ਅਸਫਲ ਰਹੀ ਸੀ। 1946 ਵਿੱਚ ਅਮਰੀਕਾ ਨੇ ਦੁਬਾਰਾ ਡੈਨਮਾਰਕ ਨੂੰ 10 ਕਰੋੜ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਇਸ ਵਾਰ ਗਰੀਨਲੈਂਡਰਾਂ ਦੇ ਦਿਲਾਂ ਵਿੱਚ ਰਾਸ਼ਟਰਵਾਦ ਜ਼ੋਰਾਂ ‘ਤੇ ਹੈ ਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਜਨਤਾ ਤੱਕ ਕਹਿ ਰਹੀ ਹੈ ਕਿ “ਗਰੀਨਲੈਂਡ ਇਜ਼ ਨਾਟ ਫੌਰ ਸੇਲ।”