
“ਤੇਰੀ ਹਿੰਮਤ ਕਿਵੇਂ ਹੋਈ? ਕੀ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੈ ਕਿ ਜੋ ਕਰਤੂਤ ਤੂੰ ਕੀਤੀ ਹੈ, ਉਸਦੇ ਨਤੀਜੇ ਕੀ ਨਿਕਲਣਗੇ?” ਮਹਾਂਵੀਰ ਚੀਕਿਆ।
“ਹੁਣ ਸਾਰਾ ਪਿੰਡ ਇਸ ਦੱਲੇ ਕਰਕੇ ਭੁਗਤੇ ਗਾ,” ਇਕ ਹੋਰ ਬੰਦਾ ਹੌਲੀ ਜਿਹੀ ਬੋਲਿਆ।
“ਅਸੀਂ ਇਹ ਮਾੜੀ ਖ਼ਬਰ ਇਸ ਕਮਰੇ ਵਿਚੋਂ ਬਾਹਰ ਨਹੀਂ ਜਾਣ ਦੇ ਸਕਦੇ। ਉਹਨਾਂ ਨੇ ਸਾਨੂੰ ਛੱਡਣਾ ਨਹੀਂ। ਇਸ ਮੂਰਖ ਨੂੰ ਤਾਂ ਬਾਅਦ ਵਿਚ ਸੁਲਝਦੇ ਹਾਂ, ਪਰ ਪਹਿਲਾਂ ਉਸ ਨੂੰ ਤਾਂ ਦੇਖੀਏ, ਉਸਦੀ ਕੀ ਹਾਲਤ ਕੀ ਹੈ?”
ਇਹ ਕਹਿੰਦੇ ਹੋਏ ਮਹਾਂਵੀਰ ਨੇ ਕਮਰੇ ਦੇ ਇਕ ਕੋਨੇ ਵੱਲ ਦੇਖਿਆ। ਉਥੇ ਇਕ ਕੁੜੀ ਬੈਠੀ ਸਿਸਕੀਆਂ ਲੈ ਰਹੀ ਸੀ?
ਮਹਾਂਵੀਰ ਉਸ ਨੂੰ ਦਿਲਾਸਾ ਦੇਣ ਲਈ ਉਸ ਵੱਲ ਵਧਿਆ। ਉਸਨੇ ਕੁੜੀ ਦੇ ਮੋਢਿਆਂ ‘ਤੇ ਹੱਥ ਧਰਦੇ ਹੋਏ ਉਸ ਨੂੰ ਧਰਵਾਸ ਦੇਣ ਲਈ ਕਿਹਾ, “ਗੌਰੀ, ਮੇਰੇ ਵੱਲ ਦੇਖ। ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਤੇਰਾ ਧਿਆਨ ਰੱਖਣ ਲਈ ਮੈਂ ਹਾਂ।“
ਉਸ ਕੁੜੀ ਨੇ ਥੋੜ੍ਹਾ ਜਿਹਾ ਸਿਰ ਉੱਪਰ ਚੁੱਕਿਆ। ਉਸ ਦੀਆਂ ਅੱਖਾਂ ਲਾਲ ਸੀ ਅਤੇ ਵਾਲ ਉਲਝੇ ਹੋਏ. ਉਸਦੇ ਚਿਹਰੇ ‘ਤੇ ਕੋਈ ਹਾਵ-ਭਾਵ ਹੀ ਨਹੀਂ ਸੀ।
“ਬਾਬਾ, ਉਸ ਨੇ——
“ਮੈਨੂੰ ਪਤਾ ਹੈ ਉਸਨੇ ਕੀ ਕੀਤਾ ਹੈ?”
ਗੌਰੀ ਨੂੰ ਇਕੋ ਦਮ ਝਟਕਾ ਜਿਹਾ ਲੱਗਿਆ।
“ਤੈਨੂੰ ਉਸ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ।“
“ਕੀ? ਨਹੀਂ, ਮੈਂ ਇਹ ਨਹੀਂ ਕਰ ਸਕਦੀ।“ ਉਹ ਕੁੜੀ ਬੋਲੀ।
“ਮੈਂ ਤੇਰੇ ਤੋਂ ਪੁੱਛ ਨਹੀਂ ਰਿਹਾ—-ਤੈਨੂੰ ਕਹਿ ਰਿਹਾ ਹਾਂ ਗੌਰੀ। ਤੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ। ਬੇਟੀ, ਸਮਝਣ ਦੀ ਕੋਸ਼ਿਸ਼ ਕਰ। ਜੇ ਪਿੰਡ ਵਾਲਿਆਂ ਨੂੰ ਇਸ ਗੁਨਾਹ ਦੀ ਭਿਣਕ ਵੀ ਪੈ ਗਈ ਤਾਂ ਉਹ ਮੈਨੂੰ ਅਤੇ ਮੇਰੇ ਚੇਲਿਆਂ ਨੂੰ ਮਾਰ ਦੇਣਗੇ। ਸਾਡੀ ਜ਼ਿੰਦਗੀ ਹੁਣ ਤੇਰੇ ਹੱਥ ਹੈ। ਸਾਨੂੰ ਬਚਾ ਲੈ।“ ਮਹਾਂਵੀਰ ਨੇ ਹੱਥ ਜੋੜਦੇ ਹੋਏ ਕਿਹਾ।
ਗੌਰੀ ਬਹੁਤ ਉਲਝਣ ਵਿਚ ਸੀ। ਉਹ ਆਪਣੇ ਪਿਉ ਨੂੰ ਕੁਝ ਪੱਕਾ ਨਹੀਂ ਸੀ ਕਹਿਣਾ ਚਾਹੁੰਦੀ, ਪਰ ਉਹਨਾਂ ਦੀ ਜਾਣ ਵੀ ਖ਼ਤਰੇ ਵਿਚ ਨਹੀਂ ਸੀ ਪਾ ਸਕਦੀ।
ਉਸਨੇ ਵਿਆਹ ਲਈ ਹਾਮੀ ਭਰਨ ਦਾ ਫੈਸਲਾ ਕਰ ਲਿਆ। “ਠੀਕ ਹੈ, ਮੈਂ ਉਸ ਨਾਲ ਵਿਆਹ ਕਰਾ ਲਵਾਂਗੀ, ਪਰ ਇਸ ਤੋਂ ਜ਼ਿਆਦਾ ਮੇਰੇ ਤੋਂ ਹੋਰ ਕੋਈ ਆਸ ਨਾ ਰੱਖੀਓ.” ਉਸਨੇ ਦੁਖੀ ਹੋ ਕੇ ਕਿਹਾ।
ਮਹਾਂਵੀਰ ਨੂੰ ਸੁਖ ਦਾ ਸਾਹ ਆਇਆ। ਉਸਨੇ ਜਲਦੀ ਤੋਂ ਜਲਦੀ ਵਿਆਹ ਵਾਲਾ ਕੰਮ ਨਿਬੇੜਨ ਦਾ ਫੈਸਲਾ ਕੀਤਾ। ਉਹ ਇਸ ਕੰਮ ਵਿਚ ਦੇਰ ਨਹੀਂ ਸੀ ਕਰਨੀ ਚਾਹੁੰਦਾ।
ਉਸਨੇ ਆਪਣੇ ਨਜ਼ਦਿਕੀਆਂ ਨੂੰ ਜਲਦੀ-ਜਲਦੀ ਵਿਆਹ ਦਾ ਇੰਤਜ਼ਾਮ ਕਰਨ ਨੂੰ ਕਿਹਾ। ਸਾਰਿਆਂ ਨੂੰ ਜ਼ਰੂਰੀ ਹੁਕਮ? ਦੇ ਕੇ ਉਸਨੇ ਸੋਚਿਆ ਕਿ ਉਸ ਦੁਸ਼ਟ ਨੂੰ ਵੀ ਮਿਲ ਲਏ।
“ਤੂੰ ਇਹ ਕਿਉਂ ਕੀਤਾ? ਕੀ ਤੈਨੂੰ ਨਹੀਂ ਪਤਾ ਕਿ ਇਸ ਪਿੰਡ ਦੀਆਂ ਨਜ਼ਰਾਂ ਵਿਚ ਲਈ ਉਸਦੀ ਕੀ ਥਾਂ ਹੈ? ਰੁਦਰਾ, ਤੂੰ ਮੈਨੂੰ ਬਹੁਤ ਨਿਰਾਸ਼ ਕੀਤਾ ਹੈ। ਮੈਂ ਤੇਰੇ ‘ਤੇ ਵਿਸ਼ਵਾਸ ਕਰਕੇ ਆਪਣੀ ਬੇਟੀ ਨੂੰ—–“
“ਮੈਨੂੰ ਪਤਾ ਹੈ ਕਿ ਮੈਂ ਕਿਸੇ ਵੀ ਢੰਗ ਨਾਲ ਆਪਣੇ ਭੈੜੇ ਕੰਮ ਨੂੰ ਜਾਇਜ਼ ਨਹੀਂ ਠਹਿਰਾ ਸਕਦਾ, ਪਰ ਮੇਰੇ ‘ਤੇ ਵਿਸ਼ਵਾਸ ਕਰੋ ਕਿ ਮੇਰਾ ਮਕਸਦ ਕਦੇ ਵੀ ਉਸ ਨੂੰ ਦੁਖੀ ਕਰਨ ਦਾ ਨਹੀਂ ਸੀ। ਪਤਾ ਨਹੀਂ ਇਹ ਸਭ ਕਿਵੇਂ ਹੋ ਗਿਆ। ਮੈਨੂੰ ਉਸਦੀ ਸੁੰਦਰਤਾ ਨੇ ਭਰਮਾ ਲਿਆ। ਜੇ ਉਹ ਮੈਨੂੰ ਨਾ ਮਿਲੀ ਤਾਂ ਮੈਂ ਬਰਬਾਦ ਹੋ ਜਾਵਾਂਗਾ ਮੈਂ ਉਸ ਨੂੰ ਆਪਣੀ ਜੀਵਨ ਸਾਥਣ ਬਣਾ ਲਵਾਂਗਾ। ਇਸਦਾ ਮੈਨੂੰ ਕੋਈ ਦੁਖ ਨਹੀਂ ਹੋਵੇਗਾ।” ਰੁਦਰਾ ਨੇ ਕਿਹਾ।
ਮਹਾਂਵੀਰ ਕੁਝ ਨਾ ਕਹਿ ਸਕਿਆ। ਉਹ ਕਮਰੇ ਤੋਂ ਬਾਹਰ ਚਲਿਆ ਗਿਆ।
ਅਗਲੇ ਦਿਨ ਲੋਕ ਵਿਆਹ ਦੀ ਤਿਆਰੀ ਲਈ ਦੌੜ-ਭੱਜ ਕਰ ਰਹੇ ਸੀ। ਵਿਆਹ ਵਾਲੀ ਜਗ੍ਹਾ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਈ ਹੋਈ ਸੀ। ਮਹਿਮਾਨ, ਵਹੁਟੀ ਅਤੇ ਲਾੜੇ ਦੀ ਇੰਤਜ਼ਾਰ ਕਰ ਰਹੇ ਸੀ।
ਮਹਾਂਵੀਰ, ਰੁਦਰਾ ਨਾਲ ਗੱਲਾਂ ਕਰ ਰਿਹਾ ਸੀ ਕਿ ਅਚਾਨਕ ਇਕ ਬੰਦਾ ਆ ਕੇ ਮਹਾਂਵੀਰ ਨੂੰ ਖਿੱਚ ਕੇ ਦੂਜੇ ਪਾਸੇ ਲੈ ਗਿਆ। ਆਉਣ ਵਾਲਾ ਬੰਦਾ ਇਸ ਤਰਾਂ ਕੰਬ ਰਿਹਾ ਸੀ ਜਿਵੇਂ ਉਸਨੇ ਕੋਈ ਭੂਤ-ਪਰੇਤ ਦੇਖ ਲਿਆ ਹੋਵੇ।
ਮਹਾਂਵੀਰ ਉਸ ਬੰਦੇ ਦੀ ਹਾਲਤ ਦੇਖ ਕੇ ਸੋਚਾਂ ਵਿਚ ਪੈ ਗਿਆ। ਉਹ ਆਉਣ ਵਾਲੇ ਨੂੰ ਕੁਝ ਕਹਿਣ ਹੀ ਲੱਗਿਆ ਸੀ ਕਿ ਉਸਦੀ ਨਿਗਾਹ ਮੰਜੇ ‘ਤੇ ਪਈ। ਗੌਰੀ ਖੂਨ ਨਾਲ ਲੱਥ-ਪੱਥ ਪਈ ਸੀ। ਉਹ ਇਕੋ ਦਮ ਚੀਕਿਆ, “ਗੌਰੀ!”
“ਨਹੀਂ, ਇਹ ਨਹੀਂ ਹੋ ਸਕਦਾ। ਇਹ ਕੁੜੀ ਮਰ ਨਹੀਂ ਸਕਦੀ। ਇਹ ਤਾਂ ਸਾਨੂੰ ਬਚਾਉਣ ਵਾਲੀ ਸੀ। ਅਸੀਂ ਤਾਂ ਇਸ ਤੋਂ ਬਿਨਾਂ ਬਰਬਾਦ ਹੋ ਜਾਵਾਂਗੇ। ਉਹ ਤਾਂ ਪਿੰਡ ਨੂੰ ‘ਸਰਾਪ’ ਤੋਂ ਬਚਾਉਣ ਵਾਲੀ ਸੀ। ਹੁਣ ਮੈਂ ਲੋਕਾਂ ਨੂੰ ਕੀ ਕਹਾਂਗਾ?” ਮਹਾਂਵੀਰ ਆਪਣੇ ਆਪ ਵਿਚ ਹੀ ਬੋਲੀ ਜਾ ਰਿਹਾ ਸੀ।
ਮਹਾਂਵੀਰ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ।
ਉੱਤਰਾਖੰਡ ਦੀਆਂ ਪਹਾੜੀਆਂ ਵਿਚ ਵਸਿਆ ਇਕ ਛੋਟਾ ਜਿਹਾ ਪਿੰਡ ਨੰਦੇਰੀ। ਕੁਦਰਤ ਵੱਲੋਂ ਬਖ਼ਸ਼ੀ ਸੁੰਦਰਤਾ ਵਾਲਾ ਪਿੰਡ, ਖ਼ੂਬਸੂਰਤ ਪਹਾੜਾਂ ਅਤੇ ਝੀਲਾਂ ਨਾਲ ਘਿਰਿਆ ਹੋਇਆ। ਇਸ ਪਿੰਡ ਦੀ ਕੁਦਰਤੀ ਸੁੰਦਰਤਾ ਦੇਖਣ ਵਾਲਿਆਂ ਦਾ ਮਨ ਮੋਹ ਲੈਂਦੀ, ਪਰ ਪਿੰਡ ਵਿਚ ਰਹਿਣ ਵਾਲਿਆਂ ਲਈ ਅਜਿਹਾ ਕੁਝ ਵੀ ਨਹੀਂ ਸੀ।
ਇਹ ਮੰਨਿਆ ਜਾਂਦਾ ਸੀ ਕਿ ਇਸ ਪਿੰਡ ਨੂੰ ਸਰਾਪ ਮਿਲਿਆ ਹੋਇਆ ਹੈ। ਕਈ ਦਹਾਕਿਆਂ ਤੋਂ ਪਿੰਡ ਵਿਚ ਕਿਸੇ ਕੁੜੀ ਦਾ ਜਨਮ ਨਹੀਂ ਸੀ ਹੋਇਆ। ਇਸ ਪਿੱਛੇ ਕੀ ਭੇਦ ਸੀ, ਇਸਦਾ ਕਿਸੇ ਨੂੰ ਕੁਝ ਨਹੀਂ ਸੀ ਪਤਾ। ਨੰਦੇਰੀ ਪਿੰਡ ਦੇ ਵਾਸੀਆਂ ਨੇ ਆਪਣੇ ਵੱਲੋਂ ਬਹੁਤ ਵਾਹ ਲਾਈ ਕਿ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇ, ਪਰ ਸਭ ਵਿਅਰਥ।
ਪਿੰਡ ਵਾਲੇ ਕੁੜੀਆਂ ਦੇ ਮੁਕਾਬਲੇ ਮੁੰਡਿਆ ਦੀ ਵਧਦੀ ਗਿਣਤੀ ਤੋਂ ਪਰੇਸ਼ਾਨ ਸੀ. ਮੁੰਡੇ, ਭੁੱਖੇ ਭੇੜੀਏ ਬਣ ਗਏ ਸੀ, ਜੋ ਕਿਸੇ ਵੀ ਕੁੜੀ ਨੂੰ ਦੇਖਦੇ ਹੀ ਦਬੋਚਣ ਨੂੰ ਫਿਰਦੇ। ਆਪਣੀਆਂ ਸਰੀਰਕ ਲੋੜਾਂ ਦੀ ਪੂਰਤੀ ਲਈ ਉਹ ਨੇੜੇ-ਤੇੜੇ ਦੇ ਇਲਾਕਿਆਂ ਵਿਚੋਂ ਕੁੜੀਆਂ ਲੱਭਦੇ, ਚੁੱਕ ਲਿਆਉਂਦੇ ਅਤੇ ਉਹਨਾਂ ਨਾਲ ਜ਼ਬਰਦਸਤੀ ਵਿਆਹ ਕਰਦੇ।
ਅਜਿਹੇ ਅਣ-ਮਨੁੱਖੀ ਲੋਕਾਂ ਦੇ ਵਿਚਕਾਰ ਇਕ ਅਜਿਹਾ ਇਨਸਾਨ ਵੀ ਸੀ ਜਿਸ ਨੇ ਆਪਣੇ ਨੈਤਿਕ ਵਿਚਾਰ ਨਹੀਂ ਸੀ ਤਿਆਗੇ। ਉਸਦਾ ਨਾਂ ਸੀ ਵਰੁਣ। ਉਹ ਆਪਣੀ ਪੜ੍ਹਾਈ ਬਾਰੇ ਬਹੁਤ ਹੀ ਸੋਚਦਾ ਰਹਿੰਦਾ. ਉਹ ਸਰਾਪ ਵਾਲੀ ਗੱਲ ‘ਤੇ ਵਿਸ਼ਵਾਸ ਨਹੀਂ ਸੀ ਕਰਦਾ। ਉਸ ਨੂੰ ਪਤਾ ਸੀ ਕਿ ਉਹਨਾਂ ਦੇ ਪਿੰਡ ਵਿਚ ਲਿੰਗ ਅਨੁਪਾਤ ਵਿਚ ਫਰਕ ਦਾ ਕਾਰਨ ਇਥੋਂ ਦੇ ਪਾਣੀ, ਮਿੱਟੀ ਜਾਂ ਹੋਰ ਕਿਸੇ ਕਾਰਨ ਕਰਕੇ ਹੈ। ਉਸ ਨੂੰ ਇਸਦਾ ਕਾਰਨ ਨਹੀਂ ਸੀ ਪਤਾ, ਪਰ ਉਸ ਨੂੰ ਯਕੀਨ ਸੀ ਕਿ ਉਸ ਇਸ ਸਮੱਸਿਆ ਦੀ ਹੱਲ ਕੱਢਿਆ ਜਾ ਸਕਦਾ ਹੈ।
ਵਰੁਣ ਨੇ ਆਪਣੀ ਅਗਲੀ ਪੜਾਈ ਕਰਨ ਲਈ ਕਸੌਲੀ ਦੇ ਇਮਪੀਰੀਅਲ ਕਾਲਜ ਵਿਚ ਦਾਖ਼ਲਾ ਲੈ ਲਿਆ, ਜਿਥੇ ਉਸਦਾ ਮੇਲ-ਮਿਲਾਪ ਸ਼ਾਲਨੀ ਨਾਲ ਹੋਇਆ।
ਸ਼ਾਲਨੀ ਅਤੇ ਵਰੁਣ ਇਕ-ਦੂਜੇ ਦੇ ਨੇੜੇ ਆਉਣ ਲੱਗੇ। ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਆਪਣਾ ਅਉਣ ਵਾਲਾ ਸਮਾਂ ਇਕੱਠੇ ਹੀ ਬਿਤਾਉਣਗੇ। ਉਹ ਇਸ ਵਿਚ ਸਫਲ ਵੀ ਹੋਏ। ਸ਼ਾਲਨੀ ਨੇ ਦੇਖਿਆ ਕਿ ਉਸਦੇ ਗਰਭਵਤੀ ਹੋਣ ਸਮੇਂ ਵਰੁਣ ਨੇ ਉਸਦੀ ਦੇਖ-ਭਾਲ ਬਹੁਤ ਵਧੀਆ ਢੰਗ ਨਾਲ ਕੀਤੀ, ਇਸ ਤੋਂ ਉਹ ਬਹੁਤ ਖੁਸ਼ ਸੀ. ਉਹਨਾਂ ਦੋਹਾਂ ਨੂੰ ਹੀ ਆਪਣੇ ਪਹਿਲੇ ਬੱਚੇ ਦੀ ਬੇਸਬਰੀ ਨਾਲ ਉਡੀਕ ਸੀ।
ਅੱਠ ਮਹੀਨੇ ਬੀਤਣ ਤੋਂ ਬਾਅਦ ਸ਼ਾਲਨੀ ਨੇ ਇਕ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ।
ਜਦੋਂ ਪਿੰਡ ਵਾਲਿਆਂ ਨੂੰ ਇਹ ਖਰਬ ਮਿਲੀ ਤਾਂ ਉਹਨਾਂ ਨੇ ਇਸਦੀ ਬਹੁਤ ਖੁਸ਼ੀ ਮਨਾਈ। ਉਹਨਾਂ ਨੇ ਸਾਰੇ ਪਿੰਡ ਨੂੰ ਸ਼ਿੰਗਾਰਿਆ ਅਤੇ ਸਾਰੀ ਰਾਤ ਨੱਚਦੇ ਰਹੇ। ਸਵੇਰੇ ਹੀ ਉਹਨਾਂ ਨੇ ਵਰੁਣ ਦੇ ਘਰ ਨੂੰ ਘੇਰ ਲਿਆ ਅਤੇ ਗਾਉਣ ਲੱਗੇ, “ਸਾਨੂੰ ਬਚਾਉਣ ਵਾਲੀ ਦਾ ਜਨਮ ਹੋ ਗਿਆ ਹੈ। ਉਹ ਦੇਵੀ ਹੈ, ਉਸ ਨੇ ਸਾਨੂੰ ਖਤਮ ਹੋਣ ਦੇ ਸਰਾਪ ਤੋਂ ਮੁਕਤ ਕਰਨ ਲਈ ਬੱਚੀ ਦੇ ਰੂਪ ਵਿਚ ਅਵਤਾਰ ਧਾਰਿਆ ਹੈ।“
ਪਿੰਡ ਵਾਲਿਆਂ ਦਾ ਇਹ ਵਤੀਰਾ ਦੇਖ ਕੇ ਵਰੁਣ ਆਪਣੀ ਬੇਟੀ ਦੇ ਭਵਿੱਖ ਬਾਰੇ ਫਿਕਰਮੰਦ ਹੋ ਗਿਆ। ਉਹ ਚਾਹੁੰਦਾ ਸੀ ਕਿ ਉਸਦੀ ਧੀ ਇਕ ਆਮ ਬੱਚੇ ਵਰਗੀ ਜ਼ਿੰਦਗੀ ਬਤੀਤ ਕਰੇ, ਜਿਥੇ ਉਹ ਆਪਣੇ ਵਿਚਾਰਾਂ ਦੀ ਆਪ ਮਾਲਿਕ ਹੋਵੇ ਨਾ ਕਿ ਉਹ ਇਕ ਅਖੌਤੀ ਦੇਵੀ ਬਣ ਜਾਵੇ।?
ਨਹੀਂ, ਨਹੀਂ, ਉਹ ਇਸ ਤਰਾਂ ਨਹੀਂ ਹੋਣ ਦੇਵੇਗਾ। ਉਸਨੇ ਫੈਸਲਾ ਕਰ ਲਿਆ ਕਿ ਜਲਦੀ ਤੋਂ ਜਲਦੀ ਉਹ ਪਿੰਡ ਛੱਡ ਦੇਵੇਗਾ। ਉਸਨੇ ਇਹ ਗੱਲ ਸ਼ਾਲਨੀ ਨਾਲ ਵੀ ਸਾਂਝੀ ਕੀਤੀ। ਸ਼ਾਲਨੀ ਨੇ ਵੀ ਵਰੁਣ ਦੀ ਹਾਂ ਵਿਚ ਹਾਂ ਮਿਲਾਈ।
ਪਤਾ ਨਹੀਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਗਿਆ। ਇਹ ਸੁਣਦੇ ਹੀ ਪਿੰਡ ਵਿਚ ਤਾਂ ਜਿਵੇਂ ਤੁਫਾਨ ਆ ਗਿਆ। ਉਹ ਤਾਂ ਗੁੱਸੇ ਵਿਚ ਲਾਲ ਹੋ ਗਏ ਕਿ ਉਹਨਾਂ ਦੀ ਰੱਖਿਆ ਕਰਨ ਵਾਲੀ ਨੂੰ ਉਹਨਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਵਰੁਣ ਨੂੰ ਬਹੁਤ ਬੇਰਹਿਮੀ ਨਾਲ ਮਾਰ ਦਿੱਤਾ ਅਤੇ ਸ਼ਾਲਨੀ ਨੂੰ ਕੈਦ ਕਰ ਲਿਆ।
ਸ਼ਾਲਨੀ ਜਾਰ-ਜਾਰ ਰੋ ਰਹੀ ਸੀ। ਉਹ ਪਿੰਡ ਦੇ ਲੋਕਾਂ ਦਾ ਵਹਿਸ਼ੀਪੁਣਾ ਦੇਖ ਕੇ ਹੈਰਾਨ ਹੋ ਗਈ। ਪਿੰਡ ਵਾਲੇ ਉਸਦੀ ਕੁੜੀ ਨੂੰ ਖੋਹ ਕੇ ਲੈ ਗਏ। ਸ਼ਾਲਨੀ ਨੂੰ ਡਰ ਸੀ ਕਿ ਪਤਾ ਨਹੀਂ ਪਿੰਡ ਵਾਲੇ ਉਸਦੀ ਬੱਚੀ ਨਾਲ ਕੀ ਸਲੂਕ ਕਰਨ।
ਛੋਟੀ ਬੱਚੀ ਨੂੰ ਪਿੰਡ ਨੰਦੇਰੀ ਦੇ ਪੁਜਾਰੀ ਪਰਿਵਾਰ? ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਹ ਉਸ ਬੱਚੀ ਦੀ ਪਾਲਨਾ-ਪੋਸਣਾ ਕਰ ਸਕਨ।
ਪੁਜਾਰੀਆਂ ਦਾ ਮੁਖੀ ਮਹਾਂਵੀਰ ਬੱਚੀ ਨੂੰ ਬਹੁਤ ਪਿਆਰ ਕਰਦਾ। ਉਸਨੇ ਬੱਚੀ ਦਾ ਨਾਂ ਗੌਰੀ ਰੱਖਿਆ। ਉਹ, ਉਸ ਨੂੰ ਆਪਣੇ ਘਰ ਦੀ ਚਾਰ ਦਿਵਾਰੀ ਵਿਚ ਹੀ ਰੱਖਦਾ। ਮਹਾਂਵੀਰ, ਗੌਰੀ ਲਈ ਵਧੀਆ ਤੋਂ ਵਧੀਆ ਚੀਜ਼ਾਂ ਲਿਆਉਂਦਾ, ਜਿਹੜੀਆਂ ਉਹ ਲਿਆ ਸਕਦਾ ਸੀ। ਮਹਾਂਵੀਰ ਦੀ ਦੇਖ-ਰੇਖ ਹੇਠ, ਗੌਰੀ ਵੱਡੀ ਹੁੰਦੀ ਗਈ। ਉਹ ਬਾਹਰਲੀ ਦੁਨੀਆਂ ਤੋਂ ਬੇਖ਼ਬਰ ਹੀ ਰਹੀ। ਉਸਦੀ ਹਰ ਰੋਜ਼ ਦੀ ਜ਼ਿੰਦਗੀ ਮਹਾਂਵੀਰ ਦੇ ਦੁਆਲੇ ਹੀ ਘੁੰਮਦੀ ਸੀ।
ਗੌਰੀ ਨੂੰ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਸੀ ਪਤਾ। ਉਹ ਤਾਂ ਮਹਾਂਵੀਰ ਨੂੰ ਹੀ ਆਪਣਾ ਪਿਤਾ ਮੰਨਦੀ ਸੀ। ਮਹਾਂਵੀਰ ਨੇ ਉਸ ਨੂੰ ਹਨੇਰੇ ਵਿਚ ਹੀ ਰੱਖਿਆ ਅਤੇ ਸਰਾਪ ਸੰਬੰਧੀ ਕੁਝ ਨਾ ਦੱਸਿਆ। ਮਹਾਂਵੀਰ, ਗੌਰੀ ਅੰਦਰ ਡਰ ਦੀ ਭਾਵਨਾ ਨਹੀਂ ਸੀ ਪੈਦਾ ਕਰਨੀ ਚਾਹੁੰਦਾ। ਉਸਨੇ ਸੋਚਿਆ ਹੋਇਆ ਸੀ ਕਿ ਠੀਕ ਸਮੇਂ ‘ਤੇ ਗੌਰੀ ਨੂੰ ਸਭ ਕੁਝ ਦੱਸ ਦੇਵੇਗਾ।
ਮਹਾਂਵੀਰ ਕਿਸੇ ਨੂੰ ਵੀ ਗੌਰੀ ਨਾਲ ਮਿਲਣ ਨਹੀਂ ਸੀ ਦਿੰਦਾ। ਇਸ ਨਾਲ ਨੰਦੇਰੀ ਵਿਚ ਰਹਿਣ ਵਾਲੇ ਇਕ ਗੱਭਰੂ ਦੀ ਗੌਰੀ ਪ੍ਤੀ ਜਗਿਆਸਾ ਵਧ ਗਈ। ਉਹ ਸੀ ਰੁਦਰਾ, ਪਿੰਡ ਦੇ ਇਕ ਦੁਕਾਨਦਾਰ ਦਾ ਮੁੰਡਾ। ਉਸਦਾ ਪਿਉ ਇਹ ਚਾਹੁੰਦਾ ਸੀ ਕਿ ਰੁਦਰਾ ਉਸਦੇ ਕੰਮ ਵਿਚ ਹੱਥ ਵਟਾਵੇ, ਪਰ ਰੁਦਰਾ ਨੂੰ ਆਪਣੇ ਪਿਤਾ ਦੇ ਕੰਮ ਵਿਚ ਕੋਈ ਦਿਲਚਸਪੀ ਨਹੀਂ ਸੀ ਰੱਖਦਾ। ਉਸ ‘ਤੇ ਮਹਾਂਵੀਰ ਦੀਆਂ ਸਿੱਖਿਆਵਾਂ ਦਾ ਬਹੁਤ ਅਸਰ ਸੀ। ਇਸ ਲਈ ਉਸਨੇ ਆਪਣੇ ਪਿਤਾ ਦੀ ਇੱਛਾ ਵਿਰੁਧ ਜਾ ਕੇ ਉਸ ਨੇ ਬ੍ਰਹਮਚਾਰੀ ਬਣਨ ਦਾ ਫੈਸਲਾ ਕਰ ਲਿਆ. ਉਹ ਮਹਾਂਵੀਰ ਦਾ ਚੇਲਾ ਬਣ ਗਿਆ।
ਰੁਦਰਾ ਦੇ ਗਿਆਨ ਅਤੇ ਧਰਮ ਪ੍ਰਤੀ ਸ਼ਰਧਾ ਕਾਰਨ ਉਹ ਮਹਾਂਵੀਰ ਦਾ ਵਿਸ਼ਵਾਸ ਪਾਤਰ ਬਣ ਗਿਆ।
ਆਪਣੀ ਵਧਦੀ ਉਮਰ ਕਰਕੇ ਮਹਾਂਵੀਰ ਥੱਕਿਆ-ਥੱਕਿਆ ਰਹਿੰਦਾ। ਉਹ ਗੌਰੀ ਦਾ ਬਹੁਤ ਫਿਕਰ ਕਰਦਾ। ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਕਰਕੇ ਉਹ ਜਲਦੀ ਹੀ ਥੱਕ ਜਾਂਦਾ। ਇਸੇ ਲਈ ਉਸਨੇ ਫੈਸਲਾ ਕਰ ਲਿਆ ਕਿ ਉਹ ਆਪਣਾ ਸਾਰਾ ਕੰਮ ਰੁਦਰਾ ਦੇ ਹਵਾਲੇ ਕਰ ਦੇਵੇਗਾ।
ਰੁਦਰਾ ਇਹ ਜਾਣ ਕੇ ਬਹੁਤ ਖੁਸ਼ ਹੋਇਆ ਕਿ ਹੁਣ ਉਸ ਨੂੰ ਰਹੱਸਮਈ ਕੁੜੀ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਉਹ ਗੌਰੀ ਨੂੰ ਮਿਲਣ ਦਾ ਹੋਰ ਇੰਤਜ਼ਾਰ ਨਹੀਂ ਸੀ ਕਰ ਸਕਦਾ।
ਉਹ ਗੌਰੀ ਦੀ ਸੁੰਦਰਤਾ ਦੇਖ ਕੇ ਉਸ ਦੇ ਪਿਆਰ ਵਿਚ ਪਾਗਲ ਹੋ ਗਿਆ. ਉਸਦੀ ਮਾਸੂਮੀਅਤ ਨੇ ਰੁਦਰਾ ਨੂੰ ਅੰਦਰੋਂ ਬਦਲ ਦਿੱਤਾ। ਉਹ ਗੌਰੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਮਹਾਂਵੀਰ ਨੇ ਇਸ ਲਈ ਸਾਫ ਨਾਂਹ ਕਰ ਦਿੱਤੀ।
ਮਹਾਂਵੀਰ ਨੇ ਰੁਦਰਾ ਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਉਹ ਗੌਰੀ ਤੋਂ ਦੂਰ ਹੀ ਰਹੇ।
ਮਹਾਂਵੀਰ ਦੇ ਇਨਕਾਰ ਤੋਂ ਬਾਅਦ ਰੁਦਰਾ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੀ ਹੈ। ਇਸ ਲਈ ਰੁਦਰਾ ਉਹੀ ਕੁਝ ਕਰਦਾ ਜੋ ਉਸ ਨੂੰ ਕਰਨ ਲਈ ਕਿਹਾ ਜਾਂਦਾ। ਪਰ ਦਿਨ ਬ ਦਿਨ ਉਹ ਗੌਰੀ ਦੇ ਖਿਆਲਾਂ ਵਿਚ ਹੀ ਮਸਤ ਰਹਿੰਦਾ। ਗੌਰੀ ਪਲ ਭਰ ਲਈ ਵੀ ਉਸਦੇ ਦਿਮਾਗ ‘ਚੋਂ ਨਾ ਨਿਕਲਦੀ।
ਉਹ, ਗੌਰੀ ਲਈ ਪਾਗਲ ਹੋਇਆ ਫਿਰਦਾ ਸੀ। ਇਸ ਲਈ ਉਸਨੇ ਉਹੀ ਕੁਝ ਕੀਤਾ ਜੋ ਉਸ ਨੂੰ ਠੀਕ ਲੱਗਿਆ।
ਉਸਨੇ ਗੌਰੀ ਨੂੰ ਹਮੇਸ਼ਾ ਲਈ ਆਪਣਾ ਬਣਾਉਣ ਲਈ ਉਸ ਨਾਲ ਬਲਾਤਕਾਰ ਕਰ ਦਿੱਤਾ।
ਮਹਾਂਵੀਰ ਪੁਰਾਣੀਆਂ ਯਾਦਾਂ ਤੋਂ ਬਾਹਰ ਆਇਆ।
ਗੌਰੀ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਮਹਾਂਵੀਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਉਹ ਹੁਣ ਹਰ ਚੀਜ਼ ਤੋਂ ਥੱਕ ਚੁੱਕਿਆ ਸੀ।
ਸ਼ਾਇਦ ਉਹ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕਰਨਾ ਚਾਹੁੰਦਾ ਸੀ। ਇਸ ਲਈ ਉਹ ਸ਼ਾਲਨੀ ਨੂੰ ਮਿਲਣ ਗਿਆ। ਉਸ ਤੋਂ ਮੁਆਫ਼ੀ ਮੰਗਣ ਲਈ ਮਹਾਂਵੀਰ ਨੇ ਆਪਣੀਆਂ ਸਾਰੀਆਂ ਗਲਤੀਆਂ ਮੰਨ ਲਈਆਂ। ਉਸ ਨੂੰ ਆਪਣੇ ਆਪ ‘ਤੇ ਸਰਮ ਆ ਰਹੀ ਸੀ ਅਤੇ ਇਸ ਕਰਕੇ ਸ਼ਾਲਨੀ ਨਾਲ ਅੱਖਾਂ ਨਹੀਂ ਸੀ ਮਿਲਾ ਸਕਦਾ।
ਮਹਾਂਵੀਰ ਦੀਆਂ ਗੱਲਾਂ ਸੁਣ ਕੇ ਉਹ ਸੁੰਨ ਹੋ ਗਈ।? ਆਪਣੀ ਬੇਟੀ ਨੂੰ ਮਿਲਣ? ਦੀਆਂ ਉਸ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਹੇ?
ਸ਼਼ਾਲਨੀ ਦੀਆਂ ਖਾਲੀ ਅੱਖਾਂ ਦੇਖ ਕੇ ਉਹ ਵਾਪਿਸ ਮੁੜਨ ਲੱਗਿਆ ਹੀ ਸੀ ਕਿ ਸ਼ਾਲਨੀ ਦੇ ਸ਼ਬਦਾਂ ਨੇ ਉਸ ਨੂੰ ਰੋਕ ਲਿਆ।
“ਤੂੰ ਹਮੇਸ਼ਾ ਦੁਖਾਂ ਭਰੀ ਜ਼ਿੰਦਗੀ ਬਤੀਤ ਕਰੇਗਾ। ਤੈਨੂੰ ਰੱਤੀ ਭਰ ਵੀ ਖੁਸ਼ੀ ਨਹੀਂ ਮਿਲੇਗੀ। ਪਤਾ ਹੈ ਕਿਉਂ?” ਉਸਨੇ ਬੜੀ ਦਰਦ ਭਰੀ ਆਵਾਜ਼ ਵਿਚ ਕਿਹਾ।
ਸ਼ਾਲਨੀ ਤੂੰ ਕਹਿਣਾ ਕੀ ਚਾਹੁੰਦੀ ਹੈਂ? ਸਾਫ-ਸਾਫ ਕਹਿ,” ਮਹਾਂਵੀਰ ਬੋਲਿਆ।
ਸ਼ਾਲਨੀ ਨੇ ਕਹਿਣਾ ਜਾਰੀ ਰੱਖਿਆ, “ਜਿਸ ਜਗ੍ਹਾ ‘ਤੇ ਔਰਤਾਂ ਦੀ ਇਜ਼ਤ ਨਹੀਂ ਹੁੰਦੀ ਅਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਹੁੰਦਾ, ਉਸ ਥਾਂ ਦੇ ਹਾਲਾਤ ਭੈੜੇ ਹੀ ਰਹਿੰਦੇ ਹਨ। ਭਾਵੇਂ ਕੁਝ ਵੀ ਹੋ ਜਾਵੇ।“
ਲੇਖਕ: ਰਿਸ਼ਿਕਾ ਕ੍ਰਿਤੀ
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ