
ਜਦੋਂ ਵੀ ਕੋਈ ਮੁਜ਼ਰਿਮ ਜ਼ੁਰਮ ਕਰਦਾ ਹੈ ਤਾਂ ਉਸ ਨੂੰ ਇਹ ਵਹਿਮ ਹੁੰਦਾ ਹੈ ਕਿ ਪੁਲਿਸ ਉਸ ਨੂੰ ਪਕੜ ਨਹੀਂ ਸਕੇਗੀ। ਛੋਟੇ ਮੋਟੇ ਕੇਸ ਤਾਂ ਭਾਵੇਂ ਪੁਲਿਸ ਦੀ ਨਜ਼ਰ ਤੋਂ ਬਚ ਜਾਣ, ਪਰ ਕਤਲ ਵਰਗਾ ਗੁਨਾਹੇ ਅਜ਼ੀਮ ਟਰੇਸ ਹੋ ਹੀ ਜਾਂਦਾ ਹੈ। ਪਿਛਲੇ ਕੁਝ ਹਫਤਿਆਂ ਦੇ ਦੌਰਾਨ ਅਜਿਹੇ ਹੀ ਦੋ ਕਤਲ ਕਾਂਡ ਹੋਏ ਹਨ। ਇੱਕ ਵਿੱਚ ਸੋਨਮ ਨਾਮਕ ਔਰਤ ਨੇ ਹਨੀਮੂਨ ਦੌਰਾਨ ਮੇਘਾਲਿਆ ਵਿਖੇ ਆਪਣੇ ਪਤੀ ਰਾਜਾ ਰਘੂਵੰਸ਼ੀ ਦਾ ਆਪਣੇ ਪ੍ਰੇਮੀ ਹੱਥੋਂ ਕਤਲ ਕਰਵਾ ਦਿੱਤਾ ਸੀ ਤੇ ਦੂਸਰੇ ਕੇਸ ਵਿੱਚ ਹਰਿਆਣਾ ਦੀ ਮਾਡਲ ਸ਼ਤਿਲ ਨੂੰ ਉਸ ਦੇ ਪ੍ਰੇਮੀ ਸੁਨੀਲ ਨੇ ਕਤਲ ਕਰ ਦਿੱਤਾ ਸੀ। ਫਿਰ ਉਸ ਨੇ ਸ਼ੀਤਲ ਦੀ ਲਾਸ਼ ਇੱਕ ਨਹਿਰ ਵਿੱਚ ਰੋੜ੍ਹ ਦਿੱਤੀ ਤੇ ਕਾਰ ਵੀ ਨਹਿਰ ਵਿੱਚ ਸੁੱਟ ਦਿੱਤੀ ਤਾਂ ਜੋ ਪੁਲਿਸ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਐਕਸੀਡੈਂਟ ਹੋਇਆ ਹੈ। ਇਨ੍ਹਾਂ ਦੋਵਾਂ ਕੇਸਾਂ ਵਿੱਚ ਮੁਜ਼ਰਿਮਾਂ ਨੇ ਕਈ ਹਫਤਿਆਂ ਦੀ ਸੋਚ ਵਿਚਾਰ ਤੋਂ ਬਾਅਦ ਕਤਲ ਕੀਤੇ ਸਨ ਪਰ ਸਾਰੀ ਚਲਾਕੀ ਧਰੀ ਦੀ ਧਰੀ ਰਹਿ ਗਈ।
ਮੇਰੀ ਨੌਕਰੀ ਦੌਰਾਨ ਵੀ ਅਜਿਹੇ ਦੋ ਕੇਸ ਟਰੇਸ ਹੋਏ ਸਨ। 1994 – 95 ਵਿੱਚ ਮੈਂ ਰੋਪੜ ਜਿਲ੍ਹੇ ਦੇ ਕਿਸੇ ਥਾਣੇ ਵਿਖੇ ਐਸ.ਐਚ.ਉ. ਲੱਗਾ ਹੋਇਆ ਸੀ ਕਿ ਇੱਕ ਪਿੰਡ ਦੇ ਚੰਗੇ ਖਾਦੇ ਪੀਂਦੇ ਪਰਿਵਾਰ ਦੇ ਨੌਜਵਾਨ ਲੜਕੇ ਦਾ ਕਤਲ ਹੋ ਗਿਆ ਤੇ ਲਾਸ਼ ਕਈ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀ ਸੀ। ਉਸ ਕੇਸ ਵਿੱਚ ਅਸੀਂ ਵਾਹ ਜਹਾਨ ਦੀ ਲਾ ਲਈ ਪਰ ਕਾਤਲ ਨਾ ਲੱਭੇ। ਅਸਲ ਵਿੱਚ ਕਤਲ ਦਾ ਕੋਈ ਕਾਰਨ ਹੀ ਨਹੀਂ ਸੀ ਕਿਉਂਕਿ ਉਹ ਪਰਿਵਾਰ ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਸੀ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੇ ਕਿਸੇ ‘ਤੇ ਸ਼ੱਕ ਜਾਹਰ ਕੀਤਾ। ਆਖਰ ਦੋ ਤਿੰਨ ਮਹੀਨੇ ਟੱਕਰਾਂ ਮਾਰਨ ਤੋਂ ਬਾਅਦ ਕੇਸ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਕਤਲ ਤੋਂ ਪੰਜ ਕੁ ਮਹੀਨੇ ਬਾਅਦ ਸਿਆਲ ਦੀ ਇੱਕ ਸ਼ਾਮ ਦੋ ਬੰਦੇ ਮੋਰਿੰਡੇ ਅੱਡੇ ਵਿੱਚ ਠੇਕੇ ਤੋਂ ਸ਼ਰਾਬ ਲੈਣ ਲਈ ਆਏ। ਉਸ ਸਮੇਂ ਦੇਸੀ ਸ਼ਰਾਬ ਦੀ ਬੋਤਲ ਤੀਹ ਚਾਲੀ ਰੁਪਏ ਦੀ ਹੁੰਦੀ ਸੀ ਤੇ ਉਨ੍ਹਾਂ ਕੋਲ ਦਸ ਰੁਪਏ ਘੱਟ ਸੀ। ਠੇਕੇ ਦੇ ਕਰਿੰਦੇ ਨੇ ਬੋਤਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਵਿੱਚੋਂ ਇੱਕ ਬੋਲਿਆ, “ਦੇਣੀ ਬੋਤਲ ਕਿ ਫਲਾਣੇ ਪਿੰਡ ਵਾਲੇ ਰਾਮ ਸਿੰਘ (ਕਾਲਪਨਿਕ ਨਾਮ) ਦੇ ਮੁੰਡੇ ਵਾਲਾ ਹਾਲ ਕਰੀਏ?” ਇਲਾਕੇ ਦੇ ਮਸ਼ਹੂਰ ਕਤਲ ਬਾਰੇ ਸੁਣ ਕੇ ਕਰਿੰਦੇ ਦੇ ਕੰਨ ਖੜ੍ਹੇ ਹੋ ਗਏ। ਉਸ ਨੇ ਬੋਤਲ ਦੇ ਕੇ ਖਹਿੜਾ ਛੁਡਾਇਆ ਤੇ ਉਨ੍ਹਾਂ ਦੇ ਜਾਂਦੇ ਸਾਰ ਥਾਣੇ ਵੱਲ ਸ਼ੂਟ ਵੱਟ ਦਿੱਤੀ।
ਖਬਰ ਸੁਣ ਕੇ ਪੁਲਿਸ ਨੇ ਦੋਵਾਂ ਨੂੰ ਅਹਾਤੇ ਵਿੱਚੋਂ ਗ੍ਰਿਫਤਾਰ ਕਰ ਲਿਆ ਤੇ ਕੇਸ ਹੱਲ ਹੋ ਗਿਆ। ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਕਤਲ ਹੋਣ ਵਾਲੇ ਲੜਕੇ ਦਾ ਪਰਿਵਾਰ ਬਹੁਤ ਹੀ ਲਾਲਚੀ ਕਿਸਮ ਦਾ ਸੀ ਤੇ ਲੜਕਾ ਦਹੇਜ਼ ਘੱਟ ਲਿਆਉਣ ਕਾਰਣ ਆਪਣੀ ਨਵ ਵਿਆਹੀ ਪਤਨੀ ਨਾਲ ਕੁੱਟ ਮਾਰ ਕਰਦਾ ਰਹਿੰਦਾ ਸੀ। ਪਰਿਵਾਰ ਵੱਲੋਂ ਰੋਜ਼ਾਨਾ ਦੀ ਕੀਤੀ ਜਾਂਦੀ ਲਾਹ ਪਾਹ ਕਾਰਣ ਲੜਕੀ ਦਾ ਝੁਕਾਉ ਘਰ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਨੌਕਰ ਵੱਲ ਹੋ ਗਿਆ ਜੋ ਪਿਆਰ ਵਿੱਚ ਬਦਲ ਗਿਆ। ਇੱਕ ਦਿਨ ਪਤੀ ਨੇ ਜਦੋਂ ਉਸ ਨੂੰ ਕੁਝ ਜਿਆਦਾ ਹੀ ਕੁੱਟਿਆ ਤਾਂ ਦੁਖੀ ਹੋਈ ਲੜਕੀ ਨੇ ਆਪਣੇ ਪ੍ਰੇਮੀ ਨੂੰ ਉਸ ਦਾ ਫਸਤਾ ਵੱਢਣ ਲਈ ਕਹਿ ਦਿੱਤਾ। ਉਨ੍ਹਾਂ ਦੀ ਜ਼ਮੀਨ ਭਾਖੜਾ ਨਹਿਰ ਦੇ ਨਾਲ ਲੱਗਦੀ ਸੀ। ਪ੍ਰੇਮੀ ਨੇ ਇੱਕ ਦਿਨ ਆਪਣੇ ਕਰੀਬੀ ਦੋਸਤ ਨਾਲ ਮਿਲ ਕੇ ਸ਼ਾਮ ਦੇ ਘੁਸਮੁਸੇ ਵਿੱਚ ਪਤੀ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਕਿਸੇ ਨੂੰ ਕੰਨੋ-ਕੰਨ ਖਬਰ ਨਾ ਹੋਈ ਤੇ ਨਾ ਹੀ ਪ੍ਰੇਮੀ ‘ਤੇ ਕਿਸੇ ਨੂੰ ਸ਼ੱਕ ਹੋਇਆ। ਜੇ ਉਹ ਠੇਕੇ ‘ਤੇ ਫੜ੍ਹ ਨਾ ਮਾਰਦੇ ਤਾਂ ਸ਼ਾਇਦ ਕਤਲ ਦਾ ਪਤਾ ਵੀ ਨਹੀਂ ਸੀ ਲੱਗਣਾ।
ਇਸ ਕਤਲ ਤੋਂ ਕਈ ਸਾਲ ਬਾਅਦ ਮੈਂ ਇੱਕ ਸਬ ਡਵੀਜ਼ਨ ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ। ਇੱਕ ਦਿਨ ਮੈਂ ਆਪਣੇ ਦਫਤਰ ਬੈਠਾ ਹੋਇਆ ਸੀ ਕਿ ਹਰੀਪੁਰ ਪਿੰਡ (ਕਾਲਪਨਿਕ ਨਾਮ) ਦਾ ਸਰਪੰਚ ਇੱਕ ਬੰਦੇ ਨੂੰ ਲੈ ਕੇ ਦਫਤਰ ਆ ਗਿਆ। ਉਸ ਬੰਦੇ ਦੇ ਹਵਾਸ ਉੱਡੇ ਹੋਏ ਸਨ ਤੇ ਉਹ ਅਰਦਲੀ ਵੱਲੋਂ ਲਿਆਂਦਾ ਪਾਣੀ ਦਾ ਗਲਾਸ ਗਟਾ-ਗੱਟ ਪੀ ਗਿਆ। ਮੈਂ ਸਰਪੰਚ ਨੂੰ ਐਵੇਂ ਮਖੌਲ ਕੀਤਾ ਕਿ ਇਹ ਵਿਅਕਤੀ ਐਨਾ ਘਬਰਾਇਆ ਹੋਇਆ ਕਿਉਂ ਹੈ? ਕੋਈ ਕਤਲ-ਕੁਤਲ ਤਾਂ ਨਹੀਂ ਹੋ ਗਿਆ? ਸਰਪੰਚ ਨੇ ਦੱਸਿਆ ਕਿ ਇਹ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਲਈ ਨੀਹਾਂ ਪੁੱਟ ਰਿਹਾ ਸੀ ਕਿ ਵਿਹੜੇ ਵਿੱਚੋਂ ਇਨਸਾਨੀ ਪਿੰਜਰ ਨਿਕਲਿਆ ਹੈ। ਅਸੀਂ ਫੌਰਨ ਮੌਕੇ ‘ਤੇ ਪਹੁੰਚ ਗਏ ਤੇ ਵੇਖਿਆ ਕਿ ਇੱਕ ਪਿੰਜਰ ਪਿਆ ਸੀ ਜਿਸ ਦੇ ਹੱਥ ਪਲਾਸਟਿਕ ਦੀਆਂ ਰੱਸੀਆਂ ਨਾਲ ਪਿੱਛੇ ਬੰਨ੍ਹੇ ਹੋਏ ਸਨ ਜੋ ਅਜੇ ਵੀ ਪੂਰੀ ਤਰਾਂ ਨਾਲ ਗਲੀਆਂ ਨਹੀਂ ਸਨ। ਅਸਲ ਵਿੱਚ ਉਹ ਪਿੰਜਰ ਇਸ ਕਾਰਣ ਖਿਲਰਨੋ ਬਚ ਗਿਆ ਕਿਉਂਕਿ ਨੀਹਾਂ ਦੀ ਪੁਟਾਈ ਮਜ਼ਦੂਰ ਕਹੀਆਂ ਨਾਲ ਕਰ ਰਹੇ ਸਨ। ਜੇ ਅੱਜ ਵਾਂਗ ਜੇ.ਸੀ. ਬੀ. ਮਸ਼ੀਨ ਹੁੰਦੀ ਤਾਂ ਉਸ ਦਾ ਪਤਾ ਵੀ ਨਹੀਂ ਸੀ ਲੱਗਣਾ।
ਪੁੱਛ ਗਿੱਛ ਕਰਨ ‘ਤੇ ਉਸ ਵਿਅਕਤੀ ਨੇ ਦੱਸਿਆ ਕਿ ਇਹ ਮਕਾਨ ਉਸ ਨੇ ਅੱਠ-ਨੌਂ ਸਾਲ ਪਹਿਲਾਂ ਦੋ ਭੈਣਾਂ ਨਾਮੋ ਤੇ ਸ਼ਾਮੋ (ਕਾਲਪਨਿਕ ਨਾਮ) ਕੋਲੋਂ ਖਰੀਦਿਆ ਸੀ। ਇਸ ‘ਤੇ ਸਰਪੰਚ ਮੈਨੂੰ ਇੱਕ ਪਾਸੇ ਲੈ ਗਿਆ ਤੇ ਭੇਤ ਵਾਲੀ ਗੱਲ ਦੱਸੀ ਕਿ ਇਸ ਘਰ ਵਿੱਚ ਨਾਮੋ, ਸ਼ਾਮੋ, ਉਨ੍ਹਾਂ ਦੀ ਮਾਂ ਅਤੇ 17 – 18 ਸਾਲ ਦਾ ਭਰਾ ਅੰਬਾ (ਕਾਲਪਨਿਕ ਨਾਮ) ਰਹਿੰਦੇ ਹੁੰਦੇ ਸਨ। ਉਨ੍ਹਾਂ ਦੀ 8 – 10 ਏਕੜ ਜ਼ਮੀਨ ਵੀ ਸੀ ਤੇ ਬਾਪ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ। ਨਾਮੋ ਤੇ ਸ਼ਾਮੋ ਵੱਡੀਆਂ ਸਨ ਤੇ ਮਾੜੇ ਕਿਰਦਾਰ ਦੀਆਂ ਸਨ। ਅੰਬਾ ਭਾਵੇਂ ਛੋਟਾ ਸੀ ਪਰ ਪਿੰਡ ਵਾਲਿਆਂ ਦੇ ਤਾਹਨੇ ਮਿਹਣਿਆਂ ਕਾਰਨ ਉਹ ਉਨ੍ਹਾਂ ਨੂੰ ਕੱੁਟਦਾ ਮਾਰਦਾ ਰਹਿੰਦਾ ਸੀ ਤੇ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਿਆ। ਨਾਮੋ ਤੇ ਸ਼ਾਮੋ ਨੇ ਖੇਖਣ ਜਿਹੇ ਕਰ ਕੇ ਰੋਣਾ-ਧੋਣਾ ਕੀਤਾ ਤੇ ਥਾਣੇ ਰਿਪੋਰਟ ਦਰਜ਼ ਕਰ ਦਿੱਤੀ। ਪਿੰਡ ਵਾਲਿਆਂ ਨੂੰ ਉਦੋਂ ਹੀ ਸ਼ੱਕ ਸੀ ਕਿ ਅੰਬੇ ਨੂੰ ਇਨ੍ਹਾਂ ਦੋਵਾਂ ਭੈਣਾਂ ਨੇ ਹੀ ਗਾਇਬ ਕੀਤਾ ਹੈ ਪਰ ਉਨ੍ਹਾਂ ਬਦਮਾਸ਼ ਜਨਾਨੀਆਂ ਤੋਂ ਡਰਦੇ ਮਾਰੇ ਨਾ ਤਾਂ ਪਿੰਡ ਵਾਲੇ ਬੋਲੇ ਤੇ ਨਾ ਹੀ ਉਨ੍ਹਾਂ ਦੀ ਮਾਂ। ਪੁਲਿਸ ਨੇ ਗੁੰਮਸ਼ਦਗੀ ਦੀ ਰਿਪੋਰਟ ਦਰਜ਼ ਕਰ ਦਿੱਤੀ ਤੇ ਸਾਰੇ ਇਸ ਕੇਸ ਬਾਰੇ ਭੁੱਲ-ਭੁਲਾ ਗਏ।
ਦੋ ਚਾਰ ਮਹੀਨਿਆਂ ਵਿੱਚ ਹੀ ਨਾਮੋ ਤੇ ਸ਼ਾਮੋ ਨੇ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਾ ਲਏ ਤੇ ਜ਼ਮੀਨ ਸਮੇਤ ਘਰ ਵੇਚ ਵੱਟ ਕੇ ਆਪਣੀ ਮਾਂ ਨੂੰ ਨਾਲ ਹੀ ਲੈ ਗਈਆਂ। ਆਪਣੇ ਪੁੱਤ ਦੇ ਵਿਯੋਗ ਵਿੱਚ ਲਾਚਾਰ ਮਾਂ ਵੀ ਸਾਲ ਕੁ ਬਾਅਦ ਹੀ ਮਰ ਗਈ ਜਾਂ ਉਨ੍ਹਾਂ ਨੇ ਮਾਰ ਦਿੱਤੀ। ਸਰਪੰਚ ਨੇ ਕਿਹਾ ਕਿ ਉਸ ਨੂੰ ਪੱਕਾ ਸ਼ੱਕ ਹੈ ਕਿ ਇਹ ਲਾਸ਼ ਅੰਬੇ ਦੀ ਹੈ ਕਿਉਂਕਿ ਜਿੱਥੇ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਉਥੇ ਪਹਿਲਾਂ ਕੱਚਾ ਵਿਹੜਾ ਹੁੰਦਾ ਸੀ। ਜਦੋਂ ਨਾਮੋ ਤੇ ਸ਼ਾਮੋ ਨੂੰ ਪਕੜ ਕੇ ਥਾਣੇ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਯਕੀਨ ਨਾ ਆਵੇ ਕਿ ਨੌਂ ਦਸ ਸਾਲ ਪਹਿਲਾਂ ਦੱਬੀ ਭਰਾ ਦੀ ਲਾਸ਼ ਨੇ ਉਨ੍ਹਾਂ ਨੂੰ ਫਸਾ ਦਿੱਤਾ ਹੈ। ਉਹ ਥੋੜ੍ਹੀ ਜਿਹੀ ਸਖਤੀ ਨਾਲ ਹੀ ਮੰਨ ਗਈਆਂ ਕਿ ਉਨ੍ਹਾਂ ਨੇ ਪਹਿਲਾਂ ਨੀਂਦ ਦੀਆਂ ਗੋਲੀਆਂ ਚਾਹ ਵਿੱਚ ਪਾ ਕੇ ਅੰਬੇ ਨੂੰ ਦਿੱਤੀਆਂ ਸਨ ਫਿਰ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਲਾਸ਼ ਨੂੰ ਦਬਾਉਣ ਦਾ ਕੰਮ ਜ਼ਮੀਨ ਦੇ ਲਾਲਚ ਵਿੱਚ ਉਨ੍ਹਾਂ ਦੇ ਪ੍ਰੇਮੀਆਂ ਨੇ ਕੀਤਾ ਸੀ ਜੋ ਉਨ੍ਹਾਂ ਦੇ ਮੌਜੂਦਾ ਪਤੀ ਸਨ। ਪਿੰਡ ਦਾ ਕੋਈ ਬੰਦਾ ਗਵਾਹੀ ਦੇਣ ਲਈ ਤਿਆਰ ਨਾ ਹੋਇਆ ਜਿਸ ਕਾਰਨ ਮੈਂ ਡੀ.ਐਨ.ਏ. ਟੈਸਟ ਕਰਾ ਕੇ ਕੇਸ ਤਿਆਰ ਕੀਤਾ ਜਿਸ ਦੀ ਬਿਨਾ ‘ਤੇ ਚਾਰਾਂ ਨੂੰ ਸ਼ੈਸ਼ਨ ਕੋਰਟ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।