ਮਾਨਸਾ – ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਦੀ ਪਵਿੱਤਰ ਧਰਤੀ ਪਟਨਾ ਸਾਹਿਬ ਵਿਖੇ 9 ਅਤੇ 10 ਅਗਸਤ ਨੂੰ ਪਾਰਟੀ ਦਾ ਰਾਸ਼ਟਰੀ ਸੰਮੇਲਨ ਹੋ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ । ਇਸ ਤੋਂ ਇਲਾਵਾ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਕੂਟਨੀਤਕ ਤੇ ਵਪਾਰਕ ਸਬੰਧਾਂ ਅਤੇ ਸਰਹੱਦੀ ਤਣਾਅ ਘੱਟ ਕਰਕੇ ਆਪਸੀ ਵਿਸ਼ਵਾਸ ਪੈਦਾ ਕਰਨ ਦੀ ਰਾਜਨੀਤੀ ਉੱਤੇ ਖਾਸ ਕਰਕੇ ਕਸ਼ਮੀਰ ਵਿਵਾਦ ਉਪਰ ਪਾਰਟੀ ਦੇ ਵਕਤਿਆਂ ਵਲੋਂ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਗੱਲ ਦੀ ਜਾਣਕਾਰੀ ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਨੇ ਇਥੇ ਪ੍ਰੈੱਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਪਾਰਟੀ ਦੀ ਨਵੀਂ ਕਾਰਜਕਾਰਨੀਂ ਦੀ ਚੋਣ ਵੀ ਕੀਤੀ ਜਾਵੇਗੀ। ਇਸ ਤੋਂ ਹੋਰਨਾਂ ਭਖਦੇ ਮਸਲਿਆਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ।
ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ, ਸਰਬਜੀਤ ਕੌਸ਼ਲ ਨੇ ਕਿਹਾ ਕਿ ਪਟਨਾ ਵਿਖੇ ਹੋ ਰਹੇ ਇਸ ਸਮੇਲਣ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਤਿੰਨ-ਤਿੰਨ ਡੈਲੀਗੇਟ ਹਰੇਕ ਜਿਲ੍ਹੇ ਵਿਚੋਂ ਸ਼ਾਮਲ ਹੋਣ ਲਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਇਲਾਵਾ ਪੰਜਾਬ ਭਰ ਚ ਇਸ ਸੰਮੇਲਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ।