ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ.ਟੀ.ਰੋਡ ਵੱਲੋਂ ਇਕ ਵਿਸ਼ੇਸ਼ ਉਪਲੱਬਧੀ ਤਹਿਤ ਅਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ, ਮੁੰਬਈ ਦੇ ਨਾਲ ਤਿੰਨ ਸਾਲ ਦਾ ਸਮਝੌਤਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰੰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ’ਚ ਉਕਤ ਸੰਸਥਾ ਦੇ ਸਹਿਯੋਗ ਨਾਲ ਮਾਨਸਿਕ ਸਿਹਤ ਦਾ ਇਕ ਕਲੱਬ (ਕੋਪ ਕਲੱਬ) ਬਣਾਇਆ ਗਿਆ ਜਿਸ ’ਚ ਵਿਦਿਆਰਥੀਆਂ ਦੀਆਂ ਮਾਨਸਿਕ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ ਜਿਸ ਨਾਲ ਵਿਦਿਆਰਥੀਆਂ ਅੰਦਰ ਵੱਧ ਰਹੇ ਤਨਾਅ ਨੂੰ ਘਟਾਇਆ ਜਾ ਸਕੇ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਇਆ ਜਾ ਸਕੇ।
ਇਸ ਮੌਕੇ ਟਰੱਸਟ ਤਹਿਤ ਸਥਾਪਿਤ ਐਮਪਾਵਰ ਸੰਸਥਾ ਦੇ ਦਿੱਲੀ ਸੈਂਟਰ ਦੀ ਐਗਜ਼ੀਕਿਊਟਿਵ ਸ੍ਰੀਮਤੀ ਕੁਸ਼ਾ ਮਹਿਰਾ ਅਤੇ ਪੰਜਾਬ ਸੈਂਟਰ ਦੀ ਐਗਜ਼ੀਕਿਊਟਿਵ ਸ੍ਰੀਮਤੀ ਮਲਿਕਾ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਤਨਾਅ ਤੋਂ ਦੂਰ ਰਹਿਣ ਅਤੇ ਇਸ ਨਾਲ ਨਜਿਠੱਣ ਲਈ ਕੁਝ ਤਕਨੀਕਾਂ ਸਬੰਧੀ ਚਰਚਾ ਕੀਤੀ।
ਇਸ ਮੌਕੇ ਐਮਪਾਵਰ ਦੇ ਸਟੇਟ ਕੋ-ਆਡੀਨੇਟਰ ਰਮਨਦੀਪ ਕੌਰ ਨੇ ਡਾ. ਕੁਮਾਰ, ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਅਤੇ ਸਥਾਪਿਤ ਉਕਤ ਕਲੱਬ ਦੇ ਕੋ-ਆਡੀਨੇਟਰ ਡਾ. ਪੂਨਮਪ੍ਰੀਤ ਕੌਰ ਦੇ ਸਹਿਯੋਗ ਲਈ ਧੰਨਵਾਦ ਕਰਦਿਆ ਕਿਹਾ ਕਿ ਬਿਰਲਾ ਐਜੂਕੇਸ਼ਨ ਕਲੱਬ ਦੇ ਸੰਸਥਾਪਨ ਸ੍ਰੀਮਤੀ ਨੀਰਜਾ ਬਿਰਲਾ ਦੇ ਉੱਚ ਉਦੇਸ਼ ਤਹਿਤ ਦੇਸ਼ ’ਚ ਬਹੁਤ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਉਕਤ ਸਮਝੌਤਾ ਸਾਈਨ ਕੀਤਾ ਗਿਆ ਹੈ ਅਤੇ ਜਿਨ੍ਹਾਂ ’ਚ ਪੰਜਾਬ ’ਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵੀ ਇੱਕ ਹੈ। ਉਨ੍ਹਾਂ ਨੇ ਐਮ.ਓ.ਯੂ. ਦੇ ਤਿੰਨ ਸਾਲਾਂ ਦੌਰਾਨ ਮਾਨਸਿਕ ਸਿਹਤ ਅਤੇ ਤਨਾਅ ਨੂੰ ਦੂਰ ਕਰਨ ਸਬੰਧੀ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਇਕ ਕੁਸ਼ਲ ਕਾਊਂਸਲਰ ਬਣਾਉਣ ਅਤੇ ਮਿਆਰੀ ਗਤੀਵਿਧੀਆਂ ਕਰਵਾ ਕੇ ਇਸ ਐਮ.ਓ.ਯੂ. ਸਾਈਨ ਕਰਨ ਦੇ ਉਦੇਸ਼ਾਂ ਦੀ ਪ੍ਰਾਪਤੀ ਦੀ ਉਮੀਦ ਜਤਾਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।