ਮਾਨਸਾ – ਦੇਸ਼ ਭਰ ਦੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਐਨ ਐਮ ਓਪੀਐਸ ਦੇ ਸੱਦੇ ‘ਤੇ ਦਿੱਲੀ ਦੇ ਜੰਤਰ–ਮੰਤਰ ਵਿਖੇ ਕੌਮੀ ਪੱਧਰੀ ਰੈਲੀ ਕੀਤੀ। ਇਸ ਰੈਲੀ ਵਿੱਚ ਪੰਜਾਬ ਸਮੇਤ ਕਈ ਰਾਜਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਨੇ ਹਿੱਸਾ ਲਿਆ।
ਇਸ ਰੈਲੀ ਸਬੰਧੀ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਐਨ ਐਮ ਓਪੀਐਸ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਲਾਗੂ ਕਰਨ ਦੀ ਮੰਗ ਜੋਰ-ਸ਼ੋਰ ਨਾਲ ਉਠਾਈ ਗਈ। ਐਨਪੀਐਸ ਅਤੇ ਯੂਪੀਐਸ ਮੁਲਾਜ਼ਮ ਵਿਰੋਧੀ ਨੀਤੀਆਂ ਹਨ, ਜਿਸ ਕਾਰਣ ਦੇਸ਼ ਭਰ ਦਾ ਮੁਲਾਜ਼ਮ ਤਣਾਅ ‘ਚ ਹੈ ਅਤੇ ਇਕਸੁਰ ਹੋ ਕੇ ਵਿਰੋਧ ਕਰ ਰਿਹਾ ਹੈ।”
ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਵਾਲਾ ਨੇ ਕਿਹਾ ਕਿ, “ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਅਤੇ ਇਸ ਕਾਰਣ ਸਾਲ 2026 ਵਿੱਚ ਪੰਜਾਬ ਦਾ ਸਮੂਹ ਮੁਲਾਜ਼ਮ ਵਰਗ ਵੱਡੇ ਪੱਧਰ ਤੇ ਸੰਘਰਸ਼ ਦਾ ਐਲਾਨ ਕਰੇਗਾ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਇਹ ਅੰਦੋਲਨ ਜਾਰੀ ਰਹੇਗਾ।”
ਸੀਪੀਐਫ ਕਰਮਚਾਰੀ ਯੂਨੀਅਨ ਨੇਤਾਵਾਂ ਨੇ ਰੈਲੀ ਉਪਰੰਤ ਕੇਂਦਰ ਸਰਕਾਰ ਦੇ ਦਬਾਅ ‘ਤੇ ਦਿੱਲੀ ਪੁਲਿਸ ਵੱਲੋਂ ਐਨ ਐਮ ਓਪੀਐਸ ਦੇ ਤਿੰਨ ਆਗੂਆਂ ‘ਤੇ ਦਰਜ ਕੀਤੀ ਐਫ ਆਈਆਰ ਦੀ ਸਖਤ ਨਿੰਦਾ ਕੀਤੀ ਹੈ।
