ArticlesAustralia & New ZealandTravel

ਸਵਾ ਲੱਖ ਆਸਟ੍ਰੇਲੀਅਨ ਲੋਕਾਂ ਦੀ ਜਾਨ ਖਤਰੇ ਵਿੱਚ : ਇਰਾਨ ਵਿਰੁੱਧ ਕਾਰਵਾਈ ਇੱਕ ਮਹੀਨੇ ਤੋਂ ਵੱਧ ਸਮਾਂ ਚੱਲੇਗੀ ?

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮਿਡਲ-ਈਸਟ ਵਿਚਲੇ ਯੁੱਧ ਵਾਲੇ ਹਾਲਾਤਾ ਦਾ ਅਸਰ ਜਿਥੇ ਪੂਰੀ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਉਥੇ ਆਸਟ੍ਰੇਲੀਆ ਵੀ ਇਸ ਸਮੱਸਿਆ ਤੋਂ ਵਾਂਝਾ ਨਹੀਂ ਹੈ। ਆਸਟ੍ਰੇਲੀਆ ਦੇ ਤਕਰੀਬਨ 11 ਹਜ਼ਾਰ ਲੋਕ ਹਰ ਰੋਜ਼ ਇਸ ਖੇਤਰ ਵਿੱਚੋਂ ਗੁਜ਼ਰਦੇ ਹਨ। ਇਸ ਖੇਤਰ ਦੇ ਵਿੱਚ ਇਸ ਵੇਲੇ ਫਸੇ ਹੋਏ ਲੱਗਭਗ 115, 000 ਆਸਟ੍ਰੇਲੀਅਨ ਲੋਕਾਂ ਦੀ ਜਾਨ ਜਿਥੇ ਮੁੱਠੀ ਦੇ ਵਿੱਚ ਆਈ ਹੋਈ ਹੈ, ਉਥੇ ਹੀ ਆਸਟ੍ਰੇਲੀਆ ਦੀ ਸਰਕਾਰ ਲਈ ਆਪਣੇ ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਵਾਪਸ ਲਿਆਉਣਾ ਜਾਂ ਕਿਤੇ ਹੋਰ ਸੁਰੱਖਿਅਤ ਥਾਂ ‘ਤੇ ਲਿਜਾਣਾ, ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।

ਅਮਰੀਕਾ-ਇਜ਼ਰਾਈਲ ਵਲੋਂ ਆਯਤੁੱਲਾਹ ਅਲੀ ਖਮੇਨੀ ਦੇ ਸ਼ਾਸਨ ਦਾ ਅੰਤ ਕਰਨ ਲਈ ਇਰਾਨ ਉਪਰ 28 ਫਰਵਰੀ 2026 ਤੋਂ ਹਮਲੇ ਕੀਤੇ ਜਾ ਰਹੇ ਹਨ। ਅੱਜ ਇਹਨਾਂ ਹਮਲਿਆਂ ਦਾ ਚੌਥਾ ਦਿਨ ਹੈ। ਅਮਰੀਕਾ-ਇਜ਼ਰਾਈਲ ਵਲੋਂ ਕੀਤੇ ਜਾ ਰਹੇ ਹਮਲੇ ਅਤੇ ਇਰਾਨ ਵਲੋਂ ਬਲਿਸਟਿਕ ਮਿਜ਼ਾਇਲਾਂ ਨਾਲ ਕੀਤੇ ਜਾ ਰਹੇ ਜਵਾਬੀ ਹਮਲਿਆਂ ਦੇ ਨਾਲ ਇਸ ਖੇਤਰ ਦੇ ਕਈ ਹਵਾਈ ਅੱਡਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਹਮਲੇ ਦੀ ਕਾਰਵਾਈ ਪਹਿਲਾਂ ਲਗਾਏ ਗਏ ਅੰਦਾਜ਼ੇ ਚਾਰ ਜਾਂ ਪੰਜ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲ ਸਕਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਇਸ ਖੇਤਰ ਵਿਚਲੇ ਏਅਰ ਸਪੇਸ ਨੂੰ ਬੰਦ ਕਰ ਦਿੱਤੇ ਜਾਣ ਦੇ ਕਾਰਣ ਲੱਖਾਂ ਦੀ ਗਿਣਤੀ ਦੇ ਵਿੱਚ ਯਾਤਰੀ ਫਸੇ ਹੋਏ ਹਨ।

ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਹੈ ਕਿ, “ਇਸ ਵੇਲੇ ਸਭ ਤੋਂ ਵੱਡੀ ਤਰਜੀਹ ਇਲਾਕੇ ਵਿੱਚ ਰਹਿੰਦੇ ਆਸਟ੍ਰੇਲੀਅਨ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ। ਮੱਧ-ਪੂਰਬ ਵਿੱਚ ਇਸ ਵੇਲੇ ਲਗਭਗ 1,15,000 ਆਸਟ੍ਰੇਲੀਅਨ ਮੌਜੂਦ ਹਨ ਅਤੇ ਕਈ ਲੋਕਾਂ ਦੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਮੱਧ-ਪੂਰਬ ਵਿੱਚੋਂ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਬਦਲ ਲੱਭੇ ਜਾ ਰਹੇ ਹਨ ਅਤੇ ਸਰਕਾਰ ਫਸੇ ਹੋਏ ਲੋਕਾਂ ਨੂੰ ਵਾਪਸ ਲਿਆਉਣ ਲਈ ਵੱਖ-ਵੱਖ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਇਹ ਸਥਿਤੀ ਕਈ ਹਫ਼ਤੇ ਚੱਲ ਸਕਦੀ ਹੈ ਅਤੇ ਸਰਕਾਰ ਸੁੰਭਾਵਿਤ ਆਰਥਿਕ ਅਸਰਾਂ ‘ਤੇ ਵੀ ਨਜ਼ਰ ਰੱਖ ਰਹੀ ਹੈ।”

ਇਸ ਦੌਰਾਨ ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਅਤੇ ਇੰਮੀਗ੍ਰੇਸ਼ਨ ਦੇ ਸ਼ੈਡੋ ਮੰਤਰੀ ਜੋਨਾਥਮ ਡੁਨੀਅਮ ਅਤੇ ਇੰਟਰਨੈਸ਼ਨਲ ਡਿਵੈਲਪਮੈਂਟ ਤੇ ਇੰਡੋ-ਪੈਸੀੀਫਕ ਅਤੇ ਸਿਟੀਜ਼ਨਸਿ਼ਪ ਤੇ ਮਲਟੀਕਲਚਰਲ ਸਹਾਇਕ ਸ਼ੈਡੋ ਮੰਤਰੀ ਡੇਵ ਸ਼ਰਮਾ ਵਲੋਂ ਮਿਡਲ-ਈਸਟ ਵਿੱਚ ਆਸਟ੍ਰੇਲੀਅਨ ਯਾਤਰੀਆਂ ਲਈ ਪਹਿਲਾਂ ਕੋਈ ਚੇਤਾਵਨੀ ਜਾਰੀ ਨਾ ਕਰਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ, ਆਸਟ੍ਰੇਲੀਆ ਦੇ ਸਹਾਇਕ ਵਿਦੇਸ਼ ਮੰਤਰੀ ਮੈਟ ਥਿਸਲਥਵੇਟ ਨੇ ਕਿਹਾ ਕਿ, “ਇਸ ਸਾਲ ਦੀ ਸ਼ੁਰੂਆਤ ਤੋਂ 41 ਵਾਰ ਯਾਤਰਾ ਸਲਾਹ ਅੱਪਡੇਟ ਕੀਤੀ ਗਈ ਹੈ। 15 ਜਨਵਰੀ ਨੂੰ ਵਿਦੇਸ਼ ਮੰਤਰੀ ਨੇ ਸੰਭਾਵਿਤ ਹਵਾਈ ਖੇਤਰ ਬੰਦ ਹੋਣ ਦੀ ਚੇਤਾਵਨੀ ਦਿੱਤੀ ਸੀ ਅਤੇ 19 ਫ਼ਰਵਰੀ ਨੂੰ ਦੁਬਾਰਾ ਉੱਚ ਸਾਵਧਾਨੀ ਦੀ ਸਲਾਹ ਜਾਰੀ ਕੀਤੀ ਗਈ ਸੀ।” ਮੈਟ ਥਿਸਲਥਵੇਟ ਨੇ ਇਹ ਵੀ ਕਿਹਾ ਕਿ, “1 ਲੱਖ ਤੋਂ ਵੱਧ ਲੋਕਾਂ ਨੂੰ ਫੌਜੀ ਜਹਾਜ਼ਾਂ ਰਾਹੀਂ ਕੱਢਣਾ ਵਿਵਹਾਰਕ ਨਹੀਂ ਹੈ ਅਤੇ ਸਭ ਤੋਂ ਫਾਸਟ ਅਤੇ ਵਧੀਆ ਬਦਲ ਵਪਾਰਕ ਉਡਾਣਾਂ ਹੀ ਹਨ। ਜਦੋਂ ਹਵਾਈ ਖੇਤਰ ਪੂਰੀ ਤਰ੍ਹਾਂ ਖੁੱਲ੍ਹੇਗਾ ਤਾਂ ਵਪਾਰਕ ਉਡਾਣਾਂ ਰਾਹੀਂ ਵਾਪਸੀ ਹੀ ਸਭ ਤੋਂ ਤੇਜ਼ ਅਤੇ ਆਸਾਨ ਤਰੀਕਾ ਹੋਵੇਗਾ। ਆਸਟ੍ਰੇਲੀਅਨ ਲੋਕਾਂ ਆਪਣੀਆਂ ਉਡਾਣਾ ਰੱਦ ਨਾ ਕਰਨ। ਯਾਤਰੀ ਆਪਣੀ ਏਅਰਲਾਈਨ ਅਤੇ ਟ੍ਰੈਵਲ ਏਜੰਟ ਨਾਲ ਸੰਪਰਕ ਵਿੱਚ ਰਹਿਣ।”

ਆਸਟ੍ਰੇਲੀਆ ਵਿੱਚ ਬੇਸ਼ੱਕ ਕਈ ਇਰਾਨੀ ਮੂਲ ਦੇ ਲੋਕਾਂ ਨੇ ਆਯਤੁੱਲਾਹ ਅਲੀ ਖਮੇਨੀ ਦੀ ਮੌਤ ‘ਤੇ ਖੁਸ਼ੀ ਜਤਾਈ ਹੈ, ਪਰ ਕਈ ਸੰਸਥਾਵਾਂ ਵਲੋਂ ਖਮੇਨੀ ਦੀ ਯਾਦ ਵਿੱਚ ਸ਼ੋਕ-ਸੁਨੇਹੇ ਅਤੇ ਸਮਾਗਮ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਸਿਡਨੀ ਅਤੇ ਮੈਲਬੌਰਨ ਵਿੱਚ ਕੁੱਝ ਸ਼ੀਆ ਮਸਜਿਦਾਂ ਅਤੇ ਇਸਲਾਮਿਕ ਸੰਸਥਾਵਾਂ ਨੇ ਖਮੇਨੀ ਦੀ ਯਾਦ ਵਿੱਚ ਸਮਾਗਮ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਸਬੰਧੀ ਆਸਟ੍ਰੇਲੀਆ ਦੇ ਪ੍ਰਧਾਨ ਮੰੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ, “ਆਸਟ੍ਰੇਲੀਆ ਵਿੱਚ ਆਯਤੁੱਲਾਹ ਅਲੀ ਖਮੇਨੀ ਲਈ ਜਨਤਕ ਸੋਗ ਮਨਾਉਣਾ ਠੀਕ ਨਹੀਂ ਹੈ। ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ ਨੂੰ ਆਸਟ੍ਰੇਲੀਆ ਵਿੱਚ ਅੱਤਵਾਦੀ ਸੰਸਥਾ ਐਲਾਨਿਆ ਗਿਆ ਹੈ। ਆਸਟ੍ਰੇਲੀਆ ਵਿੱਚ ਖਮੇਨੀ ਲਈ ਸੋਗ ਸਮਾਗਮ ਕਰਨਾ ਢੁੱਕਵਾਂ ਨਹੀਂ ਹੈ। ਕਿਸੇ ਪਾਬੰਦੀਸ਼ੁਦਾ ਸੰਸਥਾ ਦੀ ਵਡਿਆਈ ਕਰਨਾ ਜਾਂ ਉਸਦੇ ਚਿੰਨ੍ਹ ਦਿਖਾਉਣਾ ਕਾਨੂੰਨਨ ਅਪਰਾਧ ਹੈ। ਅਸੀਂ ਉਨ੍ਹਾਂ ਹਜ਼ਾਰਾਂ ਇਰਾਨੀਆਂ ਬਾਰੇ ਸੋਚ ਰਹੇ ਹਾਂ ਜੋ ਹਾਲੀਆ ਹਫ਼ਤਿਆਂ ਵਿੱਚ ਮਾਰੇ ਗਏ ਹਨ, ਅਤੇ ਉਹ ਅਣਗਿਣਤ ਲੋਕ ਜੋ ਪਿਛਲੇ ਲਗਭਗ 40 ਸਾਲਾਂ ਦੌਰਾਨ ਇਰਾਨ ਦੀ ਅਗਵਾਈ ਹੇਠ ਮਾਰੇ ਗਏ।”

ਇਜ਼ਰਾਈਲ, ਈਰਾਨ, ਕਤਰ ਅਤੇ ਯੂਏਈ ਵਿੱਚ ਰਹਿਣ ਵਾਲੇ ਆਸਟ੍ਰੇਲੀਅਨ https://www.dfat.gov.au/crisis-hub/middle-east-conflict  ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਆਸਟ੍ਰੇਲੀਅਨ ਸਰਕਾਰ 24 ਘੰਟੇ ਕੌਂਸਲਰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੀ ਹੈ।

  • ਵਿਦੇਸ਼ਾਂ ਤੋਂ: +61 2 6261 3305
  • ਆਸਟ੍ਰੇਲੀਆ ਦੇ ਅੰਦਰੋਂ: 1300 555 135

Related posts

ਵਿਕਟੋਰੀਆ ਵਿੱਚ ਹੋਰ ਮੁਫ਼ਤ ਮਹਿਲਾ ਸਿਹਤ ਕਲੀਨਿਕ ਖੁੱਲ੍ਹਣਗੇ

admin

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin