FinanceBollywoodArticlesAustralia & New ZealandIndiaInternationalPunjabTravel

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਖਲੀਫਾ' ਡੁਬਈ ਦੀ ਬੇਮਿਸਾਲ ਸ਼ਾਨ ਦਾ ਪ੍ਰਤੀਕ ਹੈ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਅਮਰੀਕਾ ਅਤੇ ਇਜ਼ਰਾਈਲ ਦੇ ਇਰਾਨ ਉਪਰ ਹਮਲਿਆਂ ਤੋਂ ਬਾਅਦ ਮਿਡਲ-ਈਸਟ ਵਿੱਚ ਤਣਾਅ ਬਹੁਤ ਵਧ ਗਿਆ ਹੈ। ਈਰਾਨ ਦੇ ਵਲੋਂ ਜਵਾਬੀ ਹਮਲੇ ਕੀਤੇ ਜਾ ਰਹੇ ਹਨ ਅਤੇ ਖਾੜੀ ਵਿਚਲੇ ਦੇਸ਼ਾਂ ਉਪਰ ਡਰੋਨ ਛੱਡੇ ਜਾ ਰਹੇ ਹਨ। ਈਰਾਨ ਨੇ ਮੱਧ ਪੂਰਬ ਦੇ ਅੱਠ ਦੇਸ਼ਾਂ ‘ਤੇ ਹਮਲਾ ਕੀਤਾ ਹੈ। ਈਰਾਨ ਵਲੋਂ ਸੰਯੁਕਤ ਅਰਬ ਅਮੀਰਾਤ ਦੇ ਇੱਕ ਸ਼ਹਿਰ ਡੁਬਈ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਗਿਆ। ਰਿਪੋਰਟਾਂ ਦੇ ਅਨੁਸਾਰ ਇਰਾਨ ਨੇ ਕਈ ਡਰੋਨ ਡੁਬਈ ਦੇ ਮਸ਼ਹੂਰ ਲਗਜ਼ਰੀ ਹੋਟਲ ਬੁਰਜ-ਅਲ-ਅਰਬ ਵੱਲ ਸੁੱਟੇ ਗਏ ਜਿਸ ਨਾਲ ਇਮਾਰਤ ਨੂੰ ਅੱਗ ਲੱਗ ਗਈ। ਹਾਲਾਂਕਿ, ਡੁਬਈ ਮੀਡੀਆ ਦਫਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ, “ਸੁਰੱਖਿਆ ਏਜੰਸੀਆਂ ਨੇ ਸਮੇਂ ਸਿਰ ਡਰੋਨ ਨੂੰ ਰੋਕ ਲਿਆ ਪਰ ਇਸਦਾ ਕੁੱਝ ਮਲਬਾ ਹੋਟਲ ਦੇ ਬਾਹਰੀ ਹਿੱਸੇ ਵਿੱਚ ਜਾ ਵੱਜਾ, ਜਿਸ ਨਾਲ ਇੱਕ ਛੋਟੀ ਜਿਹੀ ਅੱਗ ਲੱਗ ਗਈ। ਅੱਗ ਨੂੰ ਜਲਦੀ ਕਾਬੂ ਵਿੱਚ ਲਿਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਸਥਿਤੀ ਇਸ ਸਮੇਂ ਕਾਬੂ ਵਿੱਚ ਹੈ।”

ਡੁਬਈ ਦੀ ਮਸ਼ਹੂਰ ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੈ ਜੋ ਡੁਬਈ ਦੀ ਬੇਮਿਸਾਲ ਸ਼ਾਨ ਦੀ ਪ੍ਰਤੀਕ ਹੈ। ਇਸ ਇਮਾਰਤ ਵਿਚਲੇ ਹੋਟਲਾਂ ਦੇ ਆਲੀਸ਼ਾਨ ਬੈੱਡਰੂਮ ਸ਼ਾਨਦਾਰ ਸਹੂਲਤਾਂ ਨਾਲ ਭਰੇ ਹੋਏ ਹਨ। ਸਿੰਗਲ-ਬੈੱਡਰੂਮ ਯੂਨਿਟ ਦਾ ਸਾਲਾਨਾ ਕਿਰਾਇਆ 150,000 ਤੋਂ 180,000 ਦਿਰਹਮ ਤੱਕ ਹੈ, ਜੋ ਕਿ 4.2 ਕ੍ਰੋੜ ਰੁਪਏ ਤੋਂ ਵੱਧ ਹੈ। ਇਹੀ ਕਾਰਣ ਹੈ ਕਿ ਇਹ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਅਪਾਰਟਮੈਂਟ ਇਮਾਰਤਾਂ ਵਿੱਚ ਸੂਚੀਬੱਧ ਹੈ। ਪ੍ਰਮੁੱਖ ਕਾਰੋਬਾਰੀਆਂ ਤੋਂ ਲੈ ਕੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਤੱਕ ਹਰ ਕੋਈ ਇਸ ਸ਼ਾਨਦਾਰ ਰਿਹਾਇਸ਼ੀ ਇਮਾਰਤ ਵਿੱਚ ਇੱਕ ਅਪਾਰਟਮੈਂਟ ਦਾ ਮਾਲਕ ਹੋਣ ਦਾ ਸੁਪਨਾ ਦੇਖਦਾ ਹੈ। ਡੁਬਈ ਪਿਛਲੇ ਕਈ ਸਾਲਾਂ ਤੋਂ ਅਮੀਰਾਂ ਅਤੇ ਮਸ਼ਹੂਰ ਲੋਕਾਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ। ਡੁਬਈ ਆਪਣੀ ਸੁਰੱਖਿਅਤ, ਆਧੁਨਿਕ ਅਤੇ ਆਲੀਸ਼ਾਨ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇਥੇ ਕੁੱਝ ਟੈਕਸ ਲਾਭ ਵੀ ਹਨ, ਜਿਸ ਨਾਲ ਇਨਵੈਸਟਮੈਂਟ ਕਰਨਾ ਆਸਾਨ ਹੋ ਜਾਂਦਾ ਹੈ। ਇਹੀ ਕਾਰਣ ਹੈ ਕਿ ਬਹੁਤ ਸਾਰੀਆਂ ਭਾਰਤ ਦੀਆਂ ਮਸ਼ਹੂਰ ਹਸਤੀਆਂ ਇੱਥੇ ਜਾਇਦਾਦ ਖ੍ਰੀਦਣਾ ਪਸੰਦ ਕਰਦੀਆਂ ਹਨ। ਬਹੁਤ ਸਾਰੇ ਭਾਰਤੀ ਫਿਲਮ ਅਤੇ ਟੀਵੀ ਸਿਤਾਰਿਆਂ ਨੇ ਉਥੇ ਆਲੀਸ਼ਾਨ ਘਰ ਖਰੀਦੇ ਹੋਏ ਹਨ। ਕੁੱਝ ਉਨ੍ਹਾਂ ਨੂੰ ਛੁੱਟੀਆਂ ਲਈ ਵਰਤਦੇ ਹਨ, ਜਦੋਂ ਕਿ ਕੁੱਝ ਉਨ੍ਹਾਂ ਨੂੰ ਇਨਵੈਸਟਮੈਂਟ ਪ੍ਰਾਪਰਟੀ ਵਜੋਂ ਵਰਤਦੇ ਹਨ। ਡੁਬਈ ਹੁਣ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਲਈ ਦੂਜਾ ਘਰ ਹੈ, ਜਿੱਥੇ ਉਹ ਆਰਾਮ ਨਾਲ ਸਮਾਂ ਬਿਤਾਅ ਸਕਦੇ ਹਨ ਅਤੇ ਇਨਵੈਸਟਮੈਂਟ ਵੀ ਕਰ ਸਕਦੇ ਹਨ।

ਦੁਨੀਆ ਭਰ ਦੇ ਲੋਕਾਂ ਦੇ ਲਈ ਡੁਬਈ ਆਰਥਿਕ ਤੌਰ ‘ਤੇ ਬਹੁਤ ਮਹੱਤਵਪੂਰਨ ਹੈ। ਬਾਲੀਵੁੱਡ ਹਸਤੀਆਂ ਤੋਂ ਇਲਾਵਾ ਭਾਰਤ ਦੇ ਵੱਡੇ ਕਾਰੋਬਾਰੀਆਂ ਦੇ ਡੁਬਈ ਦੇਵਿੱਚ ਆਲੀਸ਼ਾਨ ਘਰ ਹਨ, ਜਿਹਨਾ ਵਿਚੋਂ ਕੁੱਝ-ਇੱਕ ਸਬੰਧੀ ਜਾਣਕਾਰੀ ਇਥੇ ਸਾਂਝੀ ਕਰ ਰਹੇ ਹਾਂ। ਡੁਬਈ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ, ਡੈਮੈਕ ਪ੍ਰਾਪਰਟੀਜ਼ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਆਪਣੇ ਪ੍ਰੋਜੈਕਟਾਂ ਲਈ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਹੈ। ਡੈਨਬ ਪ੍ਰਾਪ੍ਰਟੀਜ਼ ਨੇ ਸ਼ਾਹਰੁਖ ਖਾਨ ਨੂੰ ਸ਼ਾਮਲ ਕੀਤਾ ਹੈ, ਅਤੇ ਇਮਤਿਆਜ਼ ਡਿਵੈਲਪਮੈਂਟਸ ਨੇ ਰਿਤਿਕ ਰੋਸ਼ਨ ਨੂੰ ਆਪਣੀਆਂ ਮੁਹਿੰਮਾਂ ਦੇ ਚਿਹਰੇ ਵਜੋਂ ਸ਼ਾਮਲ ਕੀਤਾ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਡੁਬਈ ਦੇ ਪਾਮ ਜੁਮੇਰਾਹ ਵਿੱਚ ਇੱਕ ਸੁੰਦਰ ‘ਜੰਨਤ’ ਵਿਲਾ ਹੈ। ਇਸ ਦਾ ਨਾਮ ਵੀ ਮੁੰਬਈ ਵਿੱਚ ਉਨ੍ਹਾਂ ਦੇ ਮਸ਼ਹੂਰ ਘਰ ਦੇ ਨਾਮ ‘ਤੇ ‘ਜੰਨਤ’ ਰੱਖਿਆ ਗਿਆ ਹੈ। ਦਰਅਸਲ, ਸ਼ਾਹਰੁਖ ਨੂੰ ਇਹ ਘਰ ਡੁਬਈ ਦੀ ਪ੍ਰਾਪਰਟੀ ਕੰਪਨੀ ਨਖੀਲ ਨੇ ਸ਼ਾਹਰੁਖ ਨੂੰ ਜਨਮ ਦਿਨ ‘ਤੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਦੀ ਕੀਮਤ 100 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਇਹ ਇਸ 18,000 ਵਰਗ ਫੁੱਟ ਦੀ ਜਾਇਦਾਦ ਦਾ ਹਿੱਸਾ ਹੈ। ਇਸ ਘਰ ਵਿੱਚ ਇੱਕ ਨਿੱਜੀ ਬੀਚ, ਇੱਕ ਸਵੀਮਿੰਗ ਪੂਲ ਅਤੇ ਲਗਜ਼ਰੀ ਸਹੂਲਤਾਂ ਹਨ। ਸ਼ਾਹਰੁਖ ਅਤੇ ਉਸਦਾ ਪ੍ਰੀਵਾਰ ਅਕਸਰ ਛੁੱਟੀਆਂ ਲਈ ਇਸ ਜਾਇਦਾਦ ‘ਤੇ ਜਾਂਦੇ ਰਹਿੰਦੇ ਹਨ।

ਅਕਸਰ ਜਾਇਦਾਦ ਨਿਵੇਸ਼ ਕਰਨ ਵਾਲੇ ਅਭਿਸ਼ੇਕ ਬੱਚਨ ਨੇ 2015 ਵਿੱਚ ਐਸ਼ਵਰਿਆ ਰਾਏ ਬੱਚਨ ਨਾਲ ਸੈਂਚੁਰੀ ਫਾਲਸ, ਜੁਮੇਰਾਹ ਗੋਲਫ ਅਸਟੇਟ, ਡੁਬਈ ਵਿੱਚ ਇੱਕ ਲਗਜ਼ਰੀ ਵਿਲਾ ਖਰੀਦਿਆ ਹੋਇਆ ਹੈ, ਜਿਸ ਵਿੱਚ ਇੱਕ ਨਿੱਜੀ ਸਵੀਮਿੰਗ ਪੂਲ, ਗੋਲਫ ਕੋਰਸ ਅਤੇ ਪਿਕਨਿਕ ਖੇਤਰ ਆਉਂਦਾ ਹੈ। ਬੱਚਨ ਪਰਿਵਾਰ ਕੋਲ ਡੁਬਈ ਦੇ ਅਮੀਰਾਤ ਹਿਲਜ਼ ਵਿੱਚ ਇੱਕ ਬੰਗਲਾ ਵੀ ਹੈ। ਬਾਲੀਵੁੱਡ ਦੀ ਮਸ਼ਹੂਰ ਜੋੜੀ ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ ਦਾ ਡੁਬਈ ਦੇ ਜੁਮੇਰਾਹ ਗੋਲਫ ਅਸਟੇਟ ਵਿੱਚ ਇੱਕ ਸੁੰਦਰ ਵਿਲਾ ਹੈ। ਇਹ ਘਰ ਆਪਣੀ ਹਰਿਆਲੀ ਅਤੇ ਗੋਲਫ ਕੋਰਸ ਦੇ ਦ੍ਰਿਸ਼ਾਂ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਇੱਕ ਨਿੱਜੀ ਪੂਲ ਅਤੇ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਵੀ ਹਨ।

ਬਾਲੀਵੁੱਡ ਦੇ ‘ਖਾਨ’ ਸਲਮਾਨ ਖਾਨ ਦਾ ਡੁਬਈ ਦੇ ਡਾਊਨਟਾਊਨ ਖੇਤਰ ਵਿੱਚ ਇੱਕ ਆਲੀਸ਼ਾਨ ਘਰ ਹੈ, ਜੋ ਬੁਰਜ ਖਲੀਫਾ ਦੇ ਨੇੜੇ ਸਥਿਤ ਹੈ। ਦ ਐਡਰੈੱਸ ਡਾਊਨਟਾਊਨ ਵਿੱਚ ਇਹ ਘਰ ਡੁਬਈ ਸ਼ਹਿਰ ਦੇ ਸਭ ਤੋਂ ਆਲੀਸ਼ਾਨ ਇਲਾਕਿਆਂ ਵਿੱਚੋਂ ਇੱਕ ਹੈ। ਜਦੋਂ ਵੀ ਸਲਮਾਨ ਡੁਬਈ ਜਾਂਦੇ ਹਨ, ਉਹ ਉੱਥੇ ਹੀ ਰਹਿੰਦੇ ਹਨ। ਬਾਲੀਵੁੱਡ ਦੀ ਇੱਕ ਹੋਰ ਜੋੜੀ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਵੀ ਪਾਮ ਜੁਮੇਰਾਹ ਵਿੱਚ ਇੱਕ ਆਲੀਸ਼ਾਨ ਵਿਲਾ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਡੁਬਈ ਦੇ ਬੁਰਜ ਖਲੀਫਾ ਦੀ 19ਵੀਂ ਮੰਜ਼ਿਲ ‘ਤੇ ਇੱਕ ਅਪਾਰਟਮੈਂਟ ਦੀ ਮਾਲਕ ਸੀ। ਉਸਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੇ ਉਸਨੂੰ ਆਪਣੀ ਵਿਆਹ ਦੀ ਵਰ੍ਹੇਗੰਢ ‘ਤੇ ਇਹ ਅਪਾਰਟਮੈਂਟ ਤੋਹਫ਼ੇ ਵਜੋਂ ਦਿੱਤਾ ਸੀ ਪਰ ਬਾਅਦ ਵਿੱਚ ਇਸਨੂੰ ਵੇਚ ਕੇ ਉਹਨਾਂ ਨੇ ਪਾਮ ਜੁਮੇਰਾਹ ਵਿੱਚ ਘਰ ਲੈ ਲਿਆ। ਅਨਿਲ ਕਪੂਰ ਡੁਬਈ ਦੇ ਪਾਸ਼ ਖੇਤਰ ਵਿੱਚ ਇੱਕ ਲਗਜ਼ਰੀ ਵਿਲਾ ਦਾ ਮਾਲਕ ਹੈ ਜਿਸਨੂੰ ਡੁਬਈ ਦੇ ਬ੍ਰੈਬਲ ਹਿਲਜ਼ ਵਜੋਂ ਜਾਣਿਆ ਜਾਂਦਾ ਹੈ। ਡੁਬਈ ਵਿੱਚ ਜਿਸ ਖੇਤਰ ਵਿੱਚ ਅਨਿਲ ਕਪੂਰ ਦਾ ਵਿਲਾ ਸਥਿਤ ਹੈ, ਉੱਥੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦਾ ਘਰ ਹੈ। ਅਨਿਲ ਕਪੂਰ ਇਸ ਨੂੰ ਖਾਸ ਮੌਕਿਆਂ ਜਾਂ ਛੁੱਟੀਆਂ ਲਈ ਵਰਤਦਾ ਹੈ। ਬਾਲੀਵੁੱਡ ਦੀ ਅਦਾਕਾਰਾ ਮਲਾਇਕਾ ਅਰੋੜਾ ਦੁਬਈ ਦੇ ਪਲਾਜ਼ੋ ਵਰਸੇਸ ਵਿਖੇ ਬਾਲੀਵੁੱਡ ਅਦਾਕਾਰ ਦਾ ਡਿਜ਼ਾਈਨਰ ਵਿਲਾ ਲਗਜ਼ਰੀ ਨਾਲ ਭਰਿਆ ਹੋਇਆ ਹੈ।

ਭਾਰਤ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸ਼ਾਨਦਾਰ ਵਿਲਾ ਦੀ ਕੀਮਤ ਲਗਭਗ 640 ਕਰੋੜ ਹੈ। ਇਸ ਵਿੱਚ 10 ਆਲੀਸ਼ਾਨ ਬੈੱਡਰੂਮ, 70-ਮੀਟਰ ਦਾ ਨਿੱਜੀ ਚਿੱਟੀ ਰੇਤ ਵਾਲਾ ਬੀਚ ਅਤੇ ਕਈ ਸਵੀਮਿੰਗ ਪੂਲ ਵੀ ਸ਼ਾਮਿਲ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਰਹਿਣ ਵਾਲੇ ਇੱਕ ਹੋਰ ਭਾਰਤੀ ਮੂਲ ਦੇ ਕਾਰੋਬਾਰੀ ਜਾਰਜ ਨੇਰੇਮਪਰਾਂਬਿਲ ਦੇ ਬੁਰਜ ਖਲੀਫਾ ਵਿੱਚ 22 ਲਗਜ਼ਰੀ ਅਪਾਰਟਮੈਂਟ ਹਨ। ਇਸ ਤੋਂ ਇਲਾਵਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਡੁਬਈ ਵਿੱਚ ਇੱਕ ਸੁੰਦਰ ਵਿਲਾ ਵਿੱਚ ਰਹਿੰਦੀ ਹੈ। ਉਸਦਾ ਘਰ ਬਹੁਤ ਹੀ ਸਟਾਈਲਿਸ਼ ਹੈ ਅਤੇ ਇਸ ਵਿੱਚ ਪੂਲ ਅਤੇ ਬਾਗ਼ ਵਰਗੀਆਂ ਸਹੂਲਤਾਂ ਹਨ।

Related posts

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਸੇਵਾ ਅਰਦਾਸ ਉਪਰੰਤ ਆਰੰਭ

Bunty

Shaping Hornsby Shire’s future: have your say on our community’s 10-year vision

admin

ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ !

Bunty