
ਮੈਲਬੌਰਨ ਦੇ ਸ਼ਹਿਰੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਪਿਛਲੇ ਕੁੱਝ ਦਿਨਾਂ ਦੇ ਅੰਦਰ ਕਈ ਬਿਜ਼ਨਸਾਂ ਦੇ ਵਿੱਚ ਅੱਗਜ਼ਨੀ, ਭੰਨਤੋੜ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਸੰਗਠਿਤ ਅਪਰਾਧੀ ਗਿਰੋਹ ਨੌਜਵਾਨਾਂ ਨੂੰ ਪੈਸੇ ਦੇ ਕੇ ਇਹ ਹਮਲੇ ਕਰਵਾ ਰਹੇ ਹਨ। ਇਹਨਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਡਰ ਪਾਇਆ ਜਾ ਰਿਹਾ ਹੈ। ਇਹਨਾਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਜਿਥੇ ਪੁਲਿਸ ਵਲੋਂ ਕਾਰਵਾਈ ਅਰੰਭੀ ਹੋਈ ਹੈ, ਉਥੇ ਹੀ ਵਿਕਟੋਰੀਆ ਪੁਲਿਸ ਨੇ ਲੋਕਾਂ ਨੂੰ ਆਪਣੇ ਕੰਮਕਾਰ ਕਰਦਿਆਂ ਚੌਕਸੀ ਵਰਤਣ ਦੀ ਅਪੀਲ ਵੀ ਕੀਤੀ ਹੈ।
ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ ਮਾਇਕ ਬੁਸ਼ ਨੇ ਇਸ ਸਬੰਧੀ ਕਿਹਾ ਹੈ ਕਿ, “ਹੁਣ ਤੱਕ ਮੈਲਬੌਰਨ ਵਿੱਚ ਹੋਟਲਾਂ ਅਤੇ ਐਡਲਟ ਐਂਟਰਟੇਨਮੈਂਟ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ 34 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਹਮਲਿਆਂ ਦੀ ਜਾਂਚ ਦੇ ਲਈ ‘ਅਪਰੇਸ਼ਨ ਇਕਲਿੱਪਸ’ ਨਾਮ ਦੀ ਇੱਕ ਖਾਸ ਟੀਮ ਬਣਾਈ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸੰਗਠਿਤ ਅਪਰਾਧੀ ਗਿਰੋਹ ਨੌਜਵਾਨਾਂ ਨੂੰ ਪੈਸੇ ਦੇ ਕੇ ਇਹ ਹਮਲੇ ਕਰਵਾ ਰਹੇ ਹਨ। ਇਹ ਮਾਮਲੇ ਬਹੁਤ ਚਿੰਤਾਜਨਕ ਹਨ ਅਤੇ ਪੁਲਿਸ ਹਰ ਸੰਭਵ ਸਾਧਨ ਵਰਤ ਰਹੀ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਅਤੇ ਬਾਰਡਰ ਫੋਰਸ ਵੀ ਇਸ ਜਾਂਚ ਵਿੱਚ ਮੱਦਦ ਕਰ ਰਹੇ ਹਨ। ਹੁਣ ਤੱਕ 35 ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਨੌਜਵਾਨ ਹਨ। ਪਰ ਹਮਲਿਆਂ ਦੇ ਪਿੱਛੇ ਦੇ ਮੁੱਖ ਅਪਰਾਧੀਆਂ ਦੀ ਪਛਾਣ ਹਾਲੇ ਨਹੀਂ ਹੋਈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਮਕਸਦ ਜਬਰਦਸਤੀ ਪੈਸੇ ਵਸੂਲਣਾ, ਗੈਰਕਾਨੂੰਨੀ ਸ਼ਰਾਬ ਜਾਂ ਡਰੱਗ ਕਾਰੋਬਾਰ ਨਾਲ ਸੰਬੰਧ, ਜਾਂ ਸੁਰੱਖਿਆ ਕਾਰੋਬਾਰ ‘ਤੇ ਕਬਜ਼ਾ ਕਰਨਾ ਤਾਂ ਨਹੀਂ।”
ਮੈਲਬੌਰਨ ਵਿੱਚ ਵਧ ਰਹੀਆਂ ਅੱਗਜ਼ਨੀ, ਗੋਲੀਬਾਰੀ ਅਤੇ ਕਿਡਨੈਪਿੰਗ ਦੀਆਂ ਘਟਨਾਵਾਂ ਦੇ ਦੌਰਾਨ ਲੋਕਾਂ ਨੂੰ ਆਪਣੇ ਰੋਜ਼ਮਰਾ ਦੇ ਕੰਮਾਂ ਨੂੰ ਜਾਰੀ ਰੱਖਣ ਅਤੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ ਮਾਇਕ ਬੁਸ਼ ਨੇ ਕਿਹਾ ਹੈ ਕਿ, “ਮੈਲਬੌਰਨ ਵਾਸੀਆਂ ਨੂੰ ਆਪਣੀਆਂ ਸਮਾਜਿਕ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਕੋਈ ਲੋੜ ਨਹੀਂ ਹੈ। ਸਾਨੂੰ ਵਿਕਟੋਰੀਆ ਦੇ ਲੋਕਾਂ ਵੱਲੋਂ ਇਨ੍ਹਾਂ ਅਪਰਾਧਾਂ ਤੋਂ ਅੱਗੇ ਵਧਣਾ ਪਵੇਗਾ। ਬਾਹਰ ਜਾਓ, ਆਪਣੀ ਜ਼ਿੰਦਗੀ ਜੀਓ ਅਤੇ ਸਾਵਧਾਨ ਰਹੋ। ਵਿਕਟੋਰੀਆ ਪੁਲਿਸ ਬਹੁਤ ਚੌਕਸ ਹੈ ਅਤੇ ਆਪਣਾ ਕੰਮ ਕਰ ਰਹੀ ਹੈ।”
