
ਛੇ ਆਸਟ੍ਰੇਲੀਅਨ ਔਰਤਾਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਸਮੇਤ ਕੁੱਝ ਦਿਨਾਂ ਦੇ ਅੰਦਰ-ਅੰਦਰ ਉੱਤਰ-ਪੂਰਬੀ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਸਾਬਕਾ ਲੜਾਕੂਆਂ ਦੇ ਪ੍ਰੀਵਾਰਾਂ ਲਈ ਬਣਾਏ ਹੋਏ ਇੱਕ ਕੈਂਪ ਨੂੰ ਛੱਡ ਕੇ ਆਸਟ੍ਰੇਲੀਅਨ ਵਾਪਸ ਜਾ ਸਕਦੀਆਂ ਹਨ। ਉਨ੍ਹਾਂ ਦੇ ਕੈਂਪ ਛੱਡਣ ਵਾਰੇ ਹਾਲੇ ਸਹੀ ਸਮੇਂ ਦੀ ਜਾਣਕਾਰੀ ਨਹੀਂ ਹੈ। ਇਸ ਸਬੰਧੀ ਕੁਰਦਿਸ਼ ਅਤੇ ਸੀਰੀਆ ਦੇ ਅਧਿਕਾਰੀ ਉਨ੍ਹਾਂ ਦੇ ਯਾਤਰਾ ਪ੍ਰਬੰਧਾਂ ਸਬੰਧੀ ਗੱਲਬਾਤ ਕਰ ਰਹੇ ਹਨ। ਇਹਨਾਂ ਯਾਤਰਾ ਪ੍ਰਬੰਧਾਂ ਦੇ ਵਿੱਚ ਸੀਰੀਆ ਦੇ ਅਲ ਰੋਜ ਕੈਂਪ ਤੋਂ ਡਮਿਸ਼ਕ ਤੱਕ 10 ਘੰਟਿਆਂ ਤੋਂ ਵੱਧ ਦੀ ਯਾਤਰਾ ਅਤੇ ਉਸ ਤੋਂ ਅੱਗੇ ਆਸਟ੍ਰੇਲੀਆ ਲਈ ਉਡਾਣ ਸ਼ਾਮਲ ਹੈ।
ਸੀਰੀਆ ਦਾ ਸੰਘਰਸ਼ ਸੰਕਟ ਅੱਜ ਦੁਨੀਆ ਦੇ ਸਾਹਮਣੇ ਆਉਣ ਵਾਲੇ ਸਭ ਤੋਂ ਵੱਡੇ ਮਾਨਵਤਾਵਾਦੀ ਅਤੇ ਸੁਰੱਖਿਆ ਸੰਕਟਾਂ ਵਿੱਚੋਂ ਇੱਕ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 2026 ਤੱਕ 7.5 ਮਿਲੀਅਨ ਬੱਚਿਆਂ ਸਮੇਤ 16.7 ਮਿਲੀਅਨ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੋਵੇਗੀ। ਇਹਨਾਂ ਵਿੱਚ ਲਗਭਗ 6.2 ਮਿਲੀਅਨ ਸੀਰੀਅਨ ਸ਼ਰਨਾਰਥੀ ਵੀ ਹਨ, ਜੋ ਮੁੱਖ ਤੌਰ ‘ਤੇ ਗੁਆਂਢੀ ਦੇਸ਼ਾਂ ਵਿੱਚ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਨੂੰ ਉਮੀਦ ਹੈ ਕਿ ਬਸ਼ਰ ਅਲ-ਅਸਦ ਸ਼ਾਸਨ ਦੇ ਪਤਨ ਤੋਂ ਬਾਅਦ 2026 ਵਿੱਚ ਸਵੈ-ਇੱਛਾ ਨਾਲ ਵਾਪਸ ਆਉਣ ਵਾਲਿਆਂ ਦੀ ਗਿਣਤੀ ਵਧੇਗੀ। ਹਾਲਾਂਕਿ, ਸੁਰੱਖਿਆ, ਰੋਜ਼ੀ-ਰੋਟੀ ਅਤੇ ਸਰਕਾਰੀ ਸੇਵਾਵਾਂ ਦੀ ਘਾਟ ਬਾਰੇ ਚਿੰਤਾਵਾਂ ਵਾਪਸ ਜਾਣ ਬਾਰੇ ਵਿਚਾਰ ਕਰ ਰਹੇ ਬਹੁਤ ਸਾਰੇ ਸ਼ਰਨਾਰਥੀਆਂ ਲਈ ਰੁਕਾਵਟਾਂ ਬਣੀਆਂ ਹੋਈਆਂ ਹਨ।
ਪਿਛਲੇ ਅਪ੍ਰੈਲ ਮਹੀਨੇ ਚਾਰ ਔਰਤਾਂ ਅਤੇ ਨੌਂ ਬੱਚੇ ਸੀਰੀਆ ਦੇ ਅਲ ਰੋਜ ਕੈਂਪ ਤੋਂ ਸੀਰੀਆ ਦੀ ਰਾਜਧਾਨੀ ਡਮਿਸ਼ਕ ਲਈ ਰਵਾਨਾ ਹੋਏ ਸਨ। ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਸਿਡਨੀ ਅਤੇ ਮੈਲਬੌਰਨ ਲਈ ਉਡਾਣਾਂ ਵਿੱਚ ਚੜ੍ਹਨ ਤੋਂ ਪਹਿਲਾਂ ਲਗਭਗ ਦੋ ਹਫ਼ਤੇ ਡਮਿਸ਼ਕ ਸ਼ਹਿਰ ਵਿੱਚ ਠਹਿਰੇ ਸਨ। ਆਸਟ੍ਰੇਲੀਆ ਪਹੁੰਚਣ ‘ਤੇ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਵਲੋਂ ਇਹਨਾਂ ਵਿੱਚੋਂ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਕਾਸਰ ਅੱਬਾਸ ਅਤੇ ਉਸਦੀ ਧੀ ਜ਼ੈਨਬ ਅਹਿਮਦ ਨੂੰ ਅਖੌਤੀ ਇਸਲਾਮਿਕ ਸਟੇਟ ਖਲੀਫ਼ਾ ਦੇ ਮੈਂਬਰਾਂ ਵਜੋਂ ਗੁਲਾਮੀ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਨਾਈ ਸਫਰ ਨੂੰ ਇੱਕ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਅਤੇ ਐਲਾਨੇ ਗਏ ਯੁੱਧ ਵਾਲੇ ਇਲਾਕੇ ਵਿੱਚ ਯਾਤਰਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਗ੍ਰਿਫ਼ਤਾਰੀਆਂ ਨਾਲ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸੀਰੀਆ ਦੇ ਅਲ ਰੋਜ ਕੈਂਪ ਵਿੱਚ ਬਚੇ ਹੋਏ ਆਸਟ੍ਰੇਲੀਅਨ ਲੋਕ ਘਰ ਵਾਪਸ ਜਾਣ ਦੀ ਆਪਣੀ ਇੱਛਾ ‘ਤੇ ਮੁੜ ਵਿਚਾਰ ਕਰ ਸਕਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਪੁੱਜਣ ‘ਤੇ ਉਹਨਾਂ ਉਪਰ ਅਪਰਾਧਕ ਕੇਸ ਦਰਜ ਕੀਤੇ ਜਾ ਸਕਦੇ ਹਨ।
ਸੀਰੀਆ ਦੇ ਵਿੱਚੋਂ ਇੱਕ ਔਰਤ ਆਸਟ੍ਰੇਲੀਆ ਨਹੀਂ ਆਵੇਗੀ ਕਿਉਂਕਿ ਉਸ ਉਪਰ ਇੱਕ ਟੈਂਪਰੇਰੀ ਬੇਦਖਲੀ ਆਰਡਰ ਲੱਗਾ ਹੋਇਆ ਹੈ, ਜੋ ਉਸਨੂੰ ਨੈਸ਼ਨਲ ਸਕਿਉਰਿਟੀ ਦੇ ਆਧਾਰ ‘ਤੇ ਦੂਜੇ ਲੋਕਾਂ ਨਾਲ ਆਸਟ੍ਰੇਲੀਆ ਦੀ ਯਾਤਰਾ ਕਰਨ ਤੋਂ ਰੋਕਦਾ ਹੈ। ਇਸ ਸਬੰਧੀ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਉਸਦੇ ਬੱਚੇ ਪਰਿਵਾਰ ਦੇ ਮੈਂਬਰਾਂ ਸਮੇਤ ਸਮੂਹ ਦੇ ਹੋਰ ਮੈਂਬਰਾਂ ਨਾਲ ਅਲ ਰੋਜ ਕੈਂਪ ਛੱਡ ਦੇਣਗੇ। ਸੀਰੀਆ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕੇਸ ਵਾਰੇ ਕੋਈ ਵੀ ਜਨਤਕ ਜਾਣਕਾਰੀ ਉਹਨਾਂ ਨੂੰ ਖਤਰੇ ਵਿੱਚ ਪਾ ਸਕਦੀ ਹੈ।
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਦੋ ਹਫ਼ਤੇ ਪਹਿਲਾਂ ਚਾਰ ਔਰਤਾਂ ਅਤੇ ਨੌਂ ਬੱਚਿਆਂ ਦੇ ਆਉਣ ਦਾ ਐਲਾਨ ਕੀਤਾ ਸੀ। ਜਹਾਜ਼ ਦੀਆਂ ਟਿਕਟਾਂ ਖ੍ਰੀਦਣ ਦੇ ਕਾਰਣ ਇਸ ਸਬੰਧੀ ਜਾਣਕਾਰੀ ਮਿਲੀ ਸੀ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਸ ਵਾਰ ਵੀ ਅਜਿਹਾ ਹੀ ਹੋਵੇਗਾ ਜਾਂ ਨਹੀਂ।
ਇਸ ਜਾਣਕਾਰੀ ਨੇ ਸੀਰੀਆ ਵਿੱਚ ਡੂੰਘੇ ਤਣਾਅ ਅਤੇ ਹਾਲ ਹੀ ਦੇ ਮਹੀਨਿਆਂ ਵਿੱਚ ਸੀਰੀਆ ਵਿੱਚ ਚੱਲ ਰਹੇ ਸੱਤਾ ਸੰਘਰਸ਼ ਨੂੰ ਸਾਹਮਣੇ ਲਿਆਂਦਾ ਹੈ। ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਵਜੋਂ ਜਾਣੇ ਜਾਂਦੇ ਕੁਰਦ ਲੜਾਕਿਆਂ ਨੇ ਇਸ ਸਾਲ ਜਨਵਰੀ ਤੋਂ ਸੀਰੀਆ ਦੇ ਸਰਕਾਰੀ ਫੌਜਾਂ ਦੇ ਹੱਥੋਂ ਆਪਣਾ ਵੱਡਾ ਇਲਾਕਾ ਗੁਆ ਦਿੱਤਾ ਹੈ। ਇਹ ਉਸ ਵੇਲੇ ਹੋਇਆ ਜਦੋਂ ਅਮਰੀਕਾ ਨੇ ਇਸ ਇਲਾਕੇ ਦੇ ਵਿੱਚ ਆਪਣਾ ਸਮਰਥਨ ਬਾਗੀ ਨੇਤਾ ਤੋਂ ਰਾਸ਼ਟਰਪਤੀ ਬਣੇ ਅਹਿਮਦ ਅਲ-ਸ਼ਾਰਾ ਨੂੰ ਤਬਦੀਲ ਕਰ ਦਿੱਤਾ ਸੀ, ਜੋ ਹੁਣ ਸਭ ਤੋਂ ਵੱਡੀ ਤਾਕਤ ਹੈ।
ਅਲ ਰੋਜ ਸੀਰੀਆ ਦੇ ਕੁਰਦਿਸ਼ ਕੰਟਰੋਲ ਵਾਲੇ ਉੱਤਰ-ਪੂਰਬੀ ਕੋਨੇ ਵਿੱਚ ਸਥਿਤ ਹੈ ਅਤੇ ਇਹ ਇੱਕੋ-ਇੱਕ ਅਜਿਹਾ ਇਲਾਕਾ ਹੈ ਜਿਸ ਉਪਰ ਹਾਲੇ ਵੀਨ ਉਸਦਾ ਕਬਜ਼ਾ ਹੈ। ਸੀਰੀਆ ਦੀ ਸਰਕਾਰ ਦੇਸ਼ ਭਰ ਵਿੱਚ ਕਈ ਮਾਮਲਿਆਂ ‘ਤੇ ਆਪਣਾ ਪ੍ਰਭਾਵ ਪਾ ਰਹੀ ਹੈ, ਜਿਸ ਵਿੱਚ ਪੁਰਾਣੇ ਆਈਐਸ ਲੜਾਕੂਆਂ ਨਾਲ ਜੁੜੇ ਲੋਕਾਂ ਦਾ ਭਵਿੱਖ ਵੀ ਸ਼ਾਮਲ ਹੈ। ਸੀਰੀਆ ਦੇ ਅਲ ਰੋਜ਼ ਦੇ ਦੱਖਣ ਵਿੱਚ ਸਥਿਤ ਅਲ ਹੋਲ ਕੈਂਪ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉੱਥੇ ਰਹਿਣ ਵਾਲਿਆਂ ਨੂੰ ਉੱਤਰ-ਪੂਰਬੀ ਸੀਰੀਆ ਦੇ ਅਲੇਪੋ ਸ਼ਹਿਰ ਦੇ ਨੇੜੇ ਇੱਕ ਨਵੀਂ ਜਗ੍ਹਾ ‘ਤੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਾਲ ਫਰਵਰੀ ਵਿੱਚ ਜਦੋਂ 34 ਆਸਟ੍ਰੇਲੀਅਨ ਔਰਤਾਂ ਅਤੇ ਬੱਚਿਆਂ ਦੇ ਇੱਕ ਪੂਰੇ ਗਰੁੱਪ ਨੇ ਅਲ ਰੋਜ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਇਸ ਦੀ ਸ਼ੁਰੂਆਤ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਪ੍ਰੀਵਾਰਾਂ ਨੇ ਸਰਕਾਰੀ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਯਾਤਰਾ ਦਾ ਸਹੀ ਢੰਗ ਨਾਲ ਤਾਲਮੇਲ ਨਹੀਂ ਕੀਤਾ ਸੀ। ਪਰ ਉਹਨਾਂ ਦੀ ਅਸਫਲ ਯਾਤਰਾ ਤੋਂ ਬਾਅਦ ਦਿਨਾਂ ਅਤੇ ਹਫ਼ਤਿਆਂ ਵਿੱਚ ਕਹਾਣੀ ਬਦਲਣੀ ਸ਼ੁਰੂ ਹੋ ਗਈ, ਜਦੋਂ ਸੀਰੀਆ ਦੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਰੁਕਾਵਟ ਨਹੀਂ ਹੈ। ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਇੱਕ ਗਰਮਾ-ਗਰਮ ਰਾਜਨੀਤਿਕ ਬਹਿਸ ਛੇੜ ਦਿੱਤੀ ਸੀ।
ਸੀਰੀਆ ਅਤੇ ਕੁਰਦਿਸ਼ ਅਧਿਕਾਰੀਆਂ ਨੇ ਵਾਰ-ਵਾਰ ਆਸਟ੍ਰੇਲੀਆ ਦੀ ਸਰਕਾਰ ਦੇ ਬਿਆਨਾਂ ਦਾ ਹਵਾਲਾ ਦਿੱਤਾ ਸੀ। ਇਸ ਵਿੱਚ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਵੀ ਸ਼ਾਮਲ ਸੀ ਕਿ ਉਨ੍ਹਾਂ ਦੇ ਮਨ ਵਿੱਚ ਸ਼ਾਮਲ ਔਰਤਾਂ ਲਈ ਸਿਰਫ਼ ਨਫ਼ਰਤ ਹੈ, ਤਾਂ ਜੋ ਉਹਨਾਂ ਦੇ ਮਨਾਂ ਅੰਦਰ ਇਸ ਗੱਲ ਦਾ ਸ਼ੱਕ ਪੈਦਾ ਕੀਤਾ ਜਾ ਸਕੇ ਕਿ ਕੀ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ।
ਇਹ ਤਦ ਹੋਇਆ ਜਦੋਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਹ ਸਵੀਕਾਰ ਕਰ ਲਿਆ ਸੀ ਕਿ ਸਰਕਾਰ ਨੂੰ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਅੰਦਰ ਆਉਣ ਹੀ ਦੇਣਾ ਸੀ, ਕਿਉਂਕਿ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣਾ ਕਾਨੂੰਨੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਨਾਉਣ ਦੇ ਲਈ ਸਿੰਗਲ-ਯੂਜ਼ ਪਾਸਪੋਰਟ ਜਾਰੀ ਕੀਤੇ ਜਾ ਰਹੇ ਸਨ। ਫੈਡਰਲ ਸਰਕਾਰ ਦੀ ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਐਲਬਨੀਜ਼ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਸਰਕਾਰ ਉਪਰ ਆਸਟ੍ਰੇਲੀਆ ਦੇ ਭਾਈਚਾਰੇ ਦੀ ਰੱਖਿਆ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ ਤੇ ਔਰਤਾਂ ਅਤੇ ਬੱਚਿਆਂ ਨੂੰ ਵਾਪਸ ਆਉਣ ਤੋਂ ਰੋਕਣ ਦੇ ਲਈ ਇੱਕ ਨਵੇਂ ਕਾਨੂੰਨ ਦੀ ਵੀ ਮੰਗ ਕੀਤੀ ਸੀ।
ਸੀਰੀਅਨ ਲੋਕ ਆਸਟ੍ਰੇਲੀਆ ਵਿੱਚ ਮੁੱਖ ਤੌਰ ‘ਤੇ ਸੀਰੀਆ ਦੇ ਘਰੇਲੂ ਯੁੱਧ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ ਮਾਨਵਤਾਵਾਦੀ ਪ੍ਰਵਾਸ ਅਤੇ ਸ਼ਰਨਾਰਥੀ ਪ੍ਰੋਗਰਾਮਾਂ ਦੇ ਨਾਲ-ਨਾਲ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਹੋਏ ਆਰਥਿਕ ਅਤੇ ਧਾਰਮਿਕ ਪ੍ਰਵਾਸ ਦੀਆਂ ਲਹਿਰਾਂ ਕਾਰਣ ਰਹਿੰਦੇ ਹਨ। ਆਸਟ੍ਰੇਲੀਆ ਵਿੱਚ ਮੌਜੂਦਾ ਸਮੇਂ ਵਿੱਚ ਰਹਿ ਰਹੇ ਜ਼ਿਆਦਾਤਰ ਸੀਰੀਅਨ ਲੋਕ 2011 ਤੋਂ ਬਾਅਦ ਵਿਨਾਸ਼ਕਾਰੀ ਘਰੇਲੂ ਯੁੱਧ ਅਤੇ ਹਿੰਸਾ ਤੋਂ ਬਚਣ ਲਈ ਆਏ ਸਨ। ਵੱਡੇ ਮਨੁੱਖੀ ਸੰਕਟ ਦੇ ਜਵਾਬ ਵਿੱਚ, ਆਸਟ੍ਰੇਲੀਅਨ ਸਰਕਾਰ ਨੇ 2015 ਵਿੱਚ 12,000 ਸੀਰੀਅਨ ਅਤੇ ਇਰਾਕੀ ਸ਼ਰਨਾਰਥੀਆਂ ਨੂੰ ਸਥਾਈ ਤੌਰ ‘ਤੇ ਮੁੜ ਵਸਾਉਣ ਲਈ ਇੱਕ ਵਿਸ਼ੇਸ਼ ਪ੍ਰਵੇਸ਼ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਜਿ ਵਿੱਚ ਔਰਤਾਂ, ਬੱਚਿਆਂ ਅਤੇ ਸਤਾਏ ਗਏ ਪ੍ਰੀਵਾਰਾਂ ਸਮੇਤ ਸਭ ਤੋਂ ਕਮਜ਼ੋਰ ਲੋਕਾਂ ਨੂੰ ਤਰਜੀਹ ਦਿੱਤੀ ਗਈ ਸੀ। ਸਰਕਾਰ ਨੇ 22 ਮਾਰਚ 2017 ਨੂੰ ਇਸ ਪ੍ਰੋਗਰਾਮ ਦੇ ਤਹਿਤ ਆਪਣਾ ਆਖਰੀ ਵੀਜ਼ਾ ਜਾਰੀ ਕੀਤਾ ਸੀ। 2011 ਵਿੱਚ ਸੀਰੀਆ ਵਿੱਚ ਸੰਕਟ ਸ਼ੁਰੂ ਹੋਣ ਤੋਂ ਬਾਅਦ, ਆਸਟ੍ਰੇਲੀਆ ਨੇ 600 ਮਿਲੀਅਨ ਡਾਲਰ ਤੋਂ ਵੱਧ ਦੀ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਹੈ। ਆਸਟ੍ਰੇਲੀਆ ਨੇ ਬ੍ਰਸੇਲਜ਼ ਵਿੱਚ 2025 ਦੇ ਵਾਅਦਾ ਸੰਮੇਲਨ ਵਿੱਚ ਸੰਕਟ ਨੂੰ ਹੱਲ ਕਰਨ ਲਈ 30 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਸੀ।
