ਭਾਰਤ ਦੀ ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਜ ਸਵੇਰੇ ਲੱਗੀ ਅੱਗ ਵਿੱਚ 21 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਵੇਲੇ ਹੋਟਲ ਦਾ ਮੁੱਖ ਗੇਟ ਬੰਦ ਸੀ। ਮਾਲਵੀਆ ਨਗਰ ਦੇ ਭੀੜ-ਭੜੱਕੇ ਵਾਲੇ ਇਲਾਕੇ ਹੌਜ਼ ਰਾਣੀ ਵਿੱਚ ਸਥਿਤ ‘ਹੋਟਲ ਫਲੋਰਿਸ਼ ਇਨ’ ਦੇ ਵਿੱਚ ਸਵੇਰੇ 8:20 ਵਜੇ ਅੱਗ ਲੱਗ ਗਈ ਜਿਸ ਵਿੱਚ ਬਹੁਤ ਸਾਰੇ ਲੋਕ ਘਿਰ ਗਏ। ਇਸ ਦੁਖਦਾਈ ਹਾਦਸੇ ਦੇ ਵਿੱਚ ਮਰਨ ਵਾਲੇ ਅਤੇ ਜ਼ਖਮੀਆਂ ਦੇ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ।
ਮਾਲਵੀਆ ਨਗਰ ਹੋਟਲ ਵਿੱਚ ਅੱਗ ਲੱਗਣ ਤੋਂ ਬਾਅਦ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਲਿਆਂਦੇ ਗਏ 39 ਮਰੀਜ਼ਾਂ ਵਿੱਚੋਂ 18 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। 39 ਵਿੱਚੋਂ ਪੰਦਰਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਅੱਠ ਮਰੀਜ਼ ਵੈਂਟੀਲੇਟਰਾਂ ‘ਤੇ ਹਨ। ਉੱਥੇ ਲਿਆਂਦੇ ਗਏ ਲੋਕਾਂ ਵਿੱਚੋਂ ਪੰਜ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗੰਭੀਰ ਸੜੇ ਮਰੀਜ਼ਾਂ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੈਕਸ ਹਸਪਤਾਲ ਨੇ ਦੱਸਿਆ ਕਿ ਅੱਗ ਲੱਗਣ ਵਿੱਚ ਵਿਦੇਸ਼ੀ ਅਤੇ ਭਾਰਤੀ ਦੋਵੇਂ ਸ਼ਾਮਲ ਸਨ।
ਇਸ ਹਾਦਸੇ ਨੇ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਨੂੰ ਉਜਾਗਰ ਕੀਤਾ ਹੈ। ਹੋਟਲ ਨੇ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਿਰਫ਼ 6 ਲਈ ਇਜਾਜ਼ਤ ਹੋਣ ਦੇ ਬਾਵਜੂਦ 25 ਕਮਰੇ ਬਣਾਏ ਹੋਏ ਸਨ। ਇਸ ਤੋਂ ਇਲਾਵਾ ਹੋਟਲ ਦੀਆਂ ਸਾਰੀਆਂ ਮੰਜ਼ਿਲਾਂ ‘ਤੇ ਕਮਰੇ ਵੀ ਬਣਾਏ ਗਏ ਸਨ ਅਤੇ ਲੋਕਾਂ ਨੂੰ ਉੱਥੇ ਵੀ ਠਹਿਰਾਇਆ ਗਿਆ ਸੀ। ਇਸ ਘਟਨਾ ਵਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਫਾਇਰ ਅਫਸਰ ਨੇ ਦੱਸਿਆ ਕਿ ਹੋਟਲ ਮੈਕਸ ਹਸਪਤਾਲ ਦੇ ਨੇੜੇ ਸਥਿਤ ਹੈ। ਇਸ ਤੋਂ ਇਲਾਵਾ ਨੇੜੇ-ਤੇੜੇ ਕਈ ਸੈਰ-ਸਪਾਟਾ ਸਥਾਨ ਹਨ, ਜੋ ਬਾਹਰੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਲੋਕ ਵੀ ਇਸ ਹੋਟਲ ਵਿੱਚ ਗਏ ਸਨ ਅਤੇ ਆਪਣੇ ਅਜ਼ੀਜ਼ਾਂ ਦਾ ਇਲਾਜ ਕਰਵਾਉਣ ਲਈ ਉੱਥੇ ਹੀ ਠਹਿਰੇ ਹੋਏ ਸਨ।
ਦਿੱਲੀ ਦੇ ਮਾਲਵੀਆ ਨਗਰ ਵਿੱਚ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਸਥਾਨ ‘ਤੇ ਸਥਾਨਕ ਨਿਵਾਸੀ ਸਭ ਤੋਂ ਪਹਿਲਾਂ ਪਹੁੰਚੇ। ਗਵਾਹਾਂ ਨੇ ਦੱਸਿਆ ਕਿ ਅੱਗ ਹੇਠਲੇ ਕਮਰਿਆਂ ਵਿੱਚ ਲੱਗੀ। ਅੱਗ ਤੇਜ਼ੀ ਨਾਲ ਫੈਲ ਗਈ, ਜਿਸਨੇ ਪੂਰੇ ਹੋਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਜ਼ਿਆਦਾਤਰ ਪੀੜਤ ਨੇੜਲੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ ਸਨ। ਇਸ ਹੋਟਲ ਦੇ ਵਿੱਚ ਲੱਗੀ ਅੱਗ ਦੀ ਘਟਨਾ ਦੇ ਕਈ ਭਿਆਨਕ ਦ੍ਰਿਸ਼ ਸਾਹਮਣੇ ਆਏ ਹਨ। ਅੱਗ ਲੱਗਣ ਤੋਂ ਬਾਅਦ ਹੋਟਲ ਦੇ ਅੰਦਰ ਵਾਲੇ ਬੇਵੱਸ ਦਿਖਾਈ ਦਿੱਤੇ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਕੁੱਝ ਵੀ ਕਰਨ ਲਈ ਤਿਆਰ ਸਨ। ਇੱਕ ਔਰਤ ਨੇ ਆਪਣੇ ਬੱਚੇ ਨੂੰ ਲੈ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਔਰਤ ਅਤੇ ਬੱਚਾ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਵੀਆ ਨਗਰ ਅੱਗ ਦੀ ਘਟਨਾ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।
