
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ‘ਇੰਡੋ ਟਾਈਮਜ਼’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 8 ਤੋਂ 10 ਜੁਲਾਈ 2026 ਤੱਕ ਆਸਟ੍ਰੇਲੀਆ ਵਿੱਚ ਸਵਾਗਤ ਕਰਾਂਗਾ। ‘ਆਸਟ੍ਰੇਲੀਆ-ਭਾਰਤ ਸਾਲਾਨਾ ਲੀਡਰਸ ਸੰਮੇਲਨ’ ਦੇ ਲਈ ਅਸੀਂ ਦੋਵੇਂ ਮੈਲਬੌਰਨ ਵਿੱਚ ਮਿਲਾਂਗੇ। ਮੈਨੂੰ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਦਾ ਸਾਡੇ ਸਾਲਾਨਾ ਲੀਡਰਸ ਸੰਮੇਲਨ ਲਈ ਆਸਟ੍ਰੇਲੀਆ ਵਿੱਚ ਸਵਾਗਤ ਕਰਨ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਆਸਟ੍ਰੇਲੀਆ-ਭਾਰਤ ਸਬੰਧ ਕਦੇ ਵੀ ਇੰਨੇ ਮਹੱਤਵਪੂਰਨ ਨਹੀਂ ਰਹੇ ਹਨ, ਸਾਡੀ ਸਾਂਝੇਦਾਰੀ ਇੰਡੋ-ਪੈਸੀਫਿਕ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦੀ ਹੈ। ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਣ ਦੇ ਨਾਤੇ ਭਾਰਤ, ਆਸਟ੍ਰੇਲੀਆ ਦੇ ਲਈ ਇੱਕ ਬਹੁਤ ਮਹੱਤਵਪੂਰਨ ਆਰਥਿਕ ਭਾਈਵਾਲ ਹੈ। ਸਾਡਾ ਰਿਸ਼ਤਾ ਸਾਡੀ ਵਿਸ਼ਾਲ ਰਣਨੀਤਕ ਭਾਈਵਾਲੀ ਉਪਰ ਟਿੱਕਿਆ ਹੋਇਆ ਹੈ ਜੋ ਡੂੰਘੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਦੁਆਰਾ ਸਮਰਥਿਤ ਹੈ। ਵਪਾਰ, ਰੱਖਿਆ-ਸੁਰੱਖਿਆ ਅਤੇ ਤਕਨਾਲੋਜੀ ‘ਤੇ ਸਾਡਾ ਸਹਿਯੋਗ ਦੋਵਾਂ ਦੇਸ਼ਾਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ। ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਬੰਧ ਪਹਿਲਾਂ ਕਦੇ ਵੀ ਇੰਨੇ ਮਹੱਤਵਪੂਰਨ ਨਹੀਂ ਰਹੇ ਹਨ, ਸਾਡੀ ਸਾਂਝੇਦਾਰੀ ਇੰਡੋ-ਪੈਸੀਫਿਕ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦੀ ਹੈ। ਮੈਂ ਆਖਰੀ ਵਾਰ ਨਵੰਬਰ 2025 ਵਿੱਚ ਜੋਹਾਨਸਬਰਗ ਵਿੱਚ ਜੀ-20 ਸੰਮੇਲਨ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਸੀ। ਮੈਂ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਡੂੰਘੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ।”
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਇਹ ਹਫਤਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਯਾਤਰਾਵਾਂ ਦੇ ਨਾਲ ਬਹੁਤ ਰੁਝੇਵਿਆਂ ਭਰਿਆ ਹੋਵੇਗਾ। ਪ੍ਰਧਾਨ ਮੰਤਰੀ ਮੋਦੀ 6 ਤੋਂ ਲੈ ਕੇ 11 ਜੁਲਾਈ 2026 ਤੱਕ ਤਿੰਨ ਦੇਸ਼ਾਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ ਕਰ ਰਹੇ ਹਨ। ਇਸ ਫੇਰੀ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ 6 ਤੋਂ ਲੈ ਕੇ 8 ਜੁਲਾਈ ਨੂੰ ਇੰਡੋਨੇਸ਼ੀਆ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ 8 ਤੋਂ ਲੈ ਕੇ 10 ਜੁਲਾਈ ਨੂੰ ਆਸਟ੍ਰੇਲੀਆ ਅਤੇ 10 ਤੋਂ 11 ਜੁਲਾਈ ਨੂੰ ਨਿਊਜ਼ੀਲੈਂਡ ਵਿੱਚ ਹੋਣਗੇ।
ਇੰਡੋਨੇਸ਼ੀਆ ਵਿੱਚ ਗੱਲਬਾਤ ਦਾ ਮੁੱਖ ਸਥਾਨ ਰਾਜਧਾਨੀ ਜਕਾਰਤਾ ਹੋਵੇਗਾ ਪਰ ਪ੍ਰਧਾਨ ਮੰਤਰੀ ਮੋਦੀ ਸੱਭਿਆਚਾਰਕ ਕੇਂਦਰ ਜਾਂ ਇਤਿਹਾਸਕ ਸ਼ਹਿਰ ਯੋਗਯਾਕਾਰਤਾ ਦਾ ਵੀ ਦੌਰਾ ਕਰਨਗੇ। ਉਹ ਯੂਨੈਸਕੋ ਦੁਆਰਾ ਮਾਨਤਾ ਪ੍ਰਾਪਤ ਉਥੋਂ ਦੇ ਇੱਕ ਵਿਸ਼ਵ ਵਿਰਾਸਤੀ ਸਥਾਨ ‘ਪ੍ਰੰਬਨਨ ਮੰਦਰ’ ਦਾ ਦੌਰਾ ਵੀ ਕਰਨਗੇ। ਇੰਡੋਨੇਸ਼ੀਆ ਦੇ ਮਾਲਾਕਾ ਸਟ੍ਰੇਟਸ ਸਮੁੰਦਰੀ ਜ਼ੋਨ ਦੀ ਸੁਰੱਖਿਆ ਅਤੇ ਸਥਿਰਤਾ ਭਾਰਤ ਲਈ ਵੀ ਬਹੁਤ ਮਹੱਤਵਪੂਰਨ ਹੈ। ਇਹ ਸਮੁੰਦਰੀ ਰਸਤਾ ਭਾਰਤ ਹੀ ਨਹੀਂ ਸਗੋਂ ਦੁਨੀਆ ਦੀ ਅਰਥਵਿਵਸਥਾ ਲਈ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇੰਡੋਨੇਸ਼ੀਆ ਐਸੋਸੀਏਸ਼ਨ ਆਫ਼ ਸਾਊਥਈਸਟ ਏਸ਼ੀਅਨ ਨੇਸ਼ਨਜ਼ ਦਾ ਇੱਕ ਮਹੱਤਵਪੂਰਨ ਦੇਸ਼ ਹੈ ਜੋ ਇਸ ਜ਼ੋਨ ਵਿੱਚ ਨਿਯਮ ਅਧਾਰਤ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ 2018 ਵਿੱਚ ਇੰਡੋਨੇਸ਼ੀਆ ਦਾ ਦੌਰਾ ਕਰ ਚੁੱਕੇ ਹਨ, ਜਦਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ 2025 ਵਿੱਚ 75ਵੇਂ ਗਣਤੰਤਰ ਦਿਵਸ ਸਮਾਰੋਹ ‘ਤੇ ਭਾਰਤ ਗਏ ਸਨ। ਪ੍ਰਧਾਨ ਮੰਤਰੀ ਮੋਦੀ ਆਪਣੀ ਇਸ ਵਾਰ ਦੀ ਫੇਰੀ ਦੇ ਦੌਰਾਨ ਭਾਰਤ-ਇੰਡੋਨੇਸ਼ੀਆ ਆਪਸੀ ਸਬੰਧਾਂ ਦੀ ਸਮੀਖਿਆ ਕਰਕੇ ਇਸ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ 8 ਤੋਂ 10 ਜੁਲਾਈ ਤੱਕ ਮੈਲਬੌਰਨ ਦੇ ਵਿੱਚ ਹੋਣਗੇ। ਮੈਲਬੌਰਨ ਵਿੱਚ ਦੋਵੇਂ ਪ੍ਰਧਾਨ ਮੰਤਰੀ ਆਸਟ੍ਰੇਲੀਆ-ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। ਮੈਲਬੌਰਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲੀਆ ਦੀ ਗਵਰਨਰ ਜਨਰਲ ਸੈਮ ਮੋਸਟਿਨ ਏਸੀ ਨਾਲ ਵੀ ਮੁਲਾਕਾਤ ਕਰਨਗੇ। ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਭਾਰਤ-ਆਸਟ੍ਰੇਲੀਆ ਸੀਈਓ ਫੋਰਮ ਵਿੱਚ ਵੀ ਹਿੱਸਾ ਲੈਣਗੇ, ਜਿੱਥੇ ਉਹ ਦੋਵਾਂ ਦੇਸ਼ਾਂ ਦੇ ਚੋਟੀ ਦੇ ਕਾਰੋਬਾਰੀ ਨੇਤਾਵਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਭਾਰਤੀ ਪ੍ਰਵਾਸੀਆਂ ਦੇ ਇੱਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ, ਜੋ ਭਾਰਤ-ਆਸਟ੍ਰੇਲੀਆ ਸਬੰਧਾਂ ਦਾ ਇੱਕ ਮਜ਼ਬੂਤ ਥੰਮ੍ਹ ਹਨ। ਭਾਰਤ-ਆਸਟ੍ਰੇਲੀਆ ਸਾਲਾਨਾ ਸਿਖਰ ਸੰਮੇਲਨ 2020 ਵਿੱਚ ਦੋਵੇਂ ਦੇਸ਼ਾਂ ਵਿਚਾਲੇ ਹੋਈ ਵਿਆਪਕ ਰਣਨੀਤਿਕ ਭਾਈਵਾਲੀ (ਕੰਪ੍ਰਿਹੈਂਸਿਵ ਸਟ੍ਰੈਟੇਜਿਕ ਪਾਰਟਨਰਸ਼ਿਪ) ਤਹਿਤ ਸ਼ੁਰੂ ਕੀਤਾ ਗਿਆ ਸੀ। ਇਸ ਸੰਮੇਲਨ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ, ਵਿਦੇਸ਼ ਮਾਮਲੇ ਅਤੇ ਵਪਾਰ ਨਾਲ ਜੁੜੇ ਮੰਤਰੀ ਪੱਧਰ ਦੇ ਸਹਿਯੋਗ ਦੀ ਸਮੀਖਿਆ ਕੀਤੀ ਜਾਵੇਗੀ। ਨਾਲ ਹੀ ਅਹਿਮ ਖਣਿਜ, ਸਾਈਬਰ ਸੁਰੱਖਿਆ, ਸਪਲਾਈ ਚੇਨ ਨੂੰ ਮਜ਼ਬੂਤ ਬਨਾਉਣ ਅਤੇ ਨਵੀਆਂ ਤਕਨੀਕਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਹੋਵੇਗੀ।
ਆਸਟ੍ਰੇਲੀਆ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਜਾਣਗੇ, ਜਿੱਥੇ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ 2025 ਵਿੱਚ ਭਾਰਤ ਗਏ ਸਨ ਅਤੇ ਉਹ ‘ਰਾਇਸੀਨਾ ਡਾਇਲਾਗ 2025’ ਵਿੱਚ ਗੈਸਟ ਆਫ਼ ਆਨਰ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਸਨ। ਉਸ ਤੋਂ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਨੇ ਥੋੜ੍ਹੇ ਸਮੇਂ ਵਿੱਚ ਹੀ ਮੁਕਤ ਵਪਾਰ ਸਮਝੌਤੇ (ਐਫਟੀਏ) ‘ਤੇ ਦਸਤਖ਼ਤ ਕਰ ਲਏ ਸਨ। ਮੋਦੀ ਦੁਆਰਾ ਨਿਊਜ਼ੀਲੈਂਡ ਦਾ ਇਹ ਦੌਰਾ ਇਤਿਹਾਸਕ ਨਜ਼ਰੀਏ ਤੋਂ ਵੀ ਅਹਿਮ ਹੈ ਕਿਉਂਕਿ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੋਵੇਗੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਦੀ ਫੇਰੀ ਤੋਂ ਬਾਅਦ ਦੇਵਂ ਦੇਸ਼ ਦੁਵੱਲੇ ਸਬੰਧਾਂ ਨੂੰ ਹੋਰ ਗੂੜਾ ਕਰਨ ਦੀ ਕੋਸ਼ਿਸ਼ ਕਰਨਗੇ।
